ਐਪ 'ਤੇ ਪਾਬੰਦੀ ਬਾਅਦ ਬੁਖਲਾਇਆ ਚੀਨ, ਕੌਮਾਂਤਰੀ ਕਾਨੂੰਨ ਦੀ ਦਿਤੀ ਦੁਹਾਈ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਭਾਰਤ 'ਤੇ ਨਿਵੇਸ਼ਕਾਂ ਦੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ

lijian zhao

ਬੀਜਿੰਗ : ਗਲਵਾਨ ਘਾਟੀ ਵਿਚ ਭਾਰਤ-ਚੀਨ ਫ਼ੌਜਾਂ ਵਿਚਾਲੇ ਹੋਈ ਖ਼ੂਨੀ ਝੜਪ ਤੋਂ ਬਾਅਦ ਭਾਰਤ ਅੰਦਰ  ਚੀਨ ਖਿਲਾਫ਼ ਬਣੇ ਗੁੱਸੇ ਦੇ ਮਾਹੌਲ ਦਰਮਿਆਨ ਸਰਕਾਰ ਨੇ ਕਾਰਵਾਈ ਕਰਦਿਆਂ ਚੀਨੀ ਐਪਸ 'ਤੇ ਪਾਬੰਦੀ ਲਗਾ ਦਿਤੀ ਹੈ।

ਭਾਰਤ ਦੀ ਇਸ ਕਾਰਵਾਈ ਤੋਂ ਚੀਨ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਹੈ। ਉਸ ਨੇ ਹੁਣ ਕੌਮਾਂਤਰੀ ਨਿਯਮਾਂ ਦੀ ਦੁਹਾਈ ਦੇਣੀ ਸ਼ੁਰੂ ਕਰ ਦਿਤੀ ਹੈ। ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਇਸ ਕਦਮ ਤੋਂ ਬਹੁਤ ਚਿੰਤਤ ਹੈ।

ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਤੇ ਲੋਕਾਂ ਦੀ ਨਿੱਜਤਾ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ 59 ਐਪਸ 'ਤੇ ਬੈਨ ਲਗਾ ਦਿਤਾ ਸੀ। ਇਸ 'ਚ ਟਿੱਕ-ਟੌਕ ਤੇ ਯੂਸੀ ਬ੍ਰਾਊਜਰ ਸਮੇਤ ਕਈ ਹੋਰ ਐਪਸ ਸ਼ਾਮਲ ਹਨ। ਸਰਕਾਰ ਨੇ ਗੂਗਲ ਤੋਂ ਆਪਣੇ ਪਲੇਅ ਸਟੋਰ ਤੋਂ ਇਨ੍ਹਾਂ ਐਪਸ ਨੂੰ ਹਟਾਉਣ ਦਾ ਕਿਹਾ ਸੀ।

ਸਰਕਾਰ ਦਾ ਕਹਿਣਾ ਹੈ ਕਿ ਇਹ ਐਪ ਭਾਰਤ ਦੀ ਏਕਤਾ ਤੇ ਪ੍ਰਭੂਸੱਤਾ, ਦੇਸ਼ ਦੀ ਰੱਖਿਆ ਤੇ ਸੁਰੱਖਿਆ ਤੇ ਪ੍ਰਸ਼ਾਸਨਿਕ ਵਿਵਸਥਾ ਨੂੰ ਖ਼ਤਰਾ ਪਹੁੰਚਾਉਣ ਵਾਲੀਆਂ ਸਰਗਰਮੀਆਂ 'ਚ ਸ਼ਾਮਲ ਸਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਭਾਰਤ ਦੇ ਚੀਨੀ ਐਪਸ 'ਤੇ ਪਾਬੰਦੀ ਲਾਉਣ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੀਨ ਨੂੰ ਕਾਫੀ ਚਿੰਤਾ ਹੈ ਕਿ ਉਹ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ।

ਉਨ੍ਹਾਂ ਕਿਹਾ, 'ਅਸੀਂ ਕਹਿਣਾ ਚਾਹੁੰਦੇ ਹਾਂ ਕਿ ਚੀਨ ਸਰਕਾਰ ਹਮੇਸ਼ਾ ਤੋਂ ਆਪਣੇ ਕਾਰੋਬਾਰੀਆਂ ਨੂੰ ਕੌਮਾਂਤਰੀ ਤੇ ਸਥਾਨਕ ਨਿਯਮਾਂ ਨੂੰ ਪਾਲਣ ਕਰਨ ਨੂੰ ਕਹਿੰਦੀ ਰਹੀ ਹੈ। ਭਾਰਤ ਸਰਕਾਰ 'ਤੇ ਚੀਨ ਸਮੇਤ ਸਾਰੀਆਂ ਕੌਮਾਂਤਰੀਆਂ ਨਿਵੇਸ਼ਕਾਂ ਦੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।