ਤਾਲਿਬਾਨ ਨੇ ਕਈ ਅਫ਼ਗ਼ਾਨ ਡਿਪਲੋਮੈਟਿਕ ਮਿਸ਼ਨਾਂ ਤੇ ਉਨ੍ਹਾਂ ਦੀਆਂ ਕੌਂਸਲਰ ਸੇਵਾਵਾਂ ਨੂੰ ਖ਼ਾਰਜ ਕੀਤੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਸਾਬਕਾ ਪੱਛਮ ਸਮਰਥਤ ਪ੍ਰਸ਼ਾਸਨ ਨਾਲ ਜੁੜੇ ਡਿਪਲੋਮੈਟਾਂ ਦੁਆਰਾ ਜਾਰੀ ਕੀਤੇ ਪਾਸਪੋਰਟ, ਵੀਜ਼ਾ ਤੇ ਹੋਰ ਦਸਤਾਵੇਜ਼ਾਂ ਨੂੰ ਮਾਨਤਾ ਨਹੀਂ ਦੇਵੇਗਾ

Afghanistan

ਇਸਲਾਮਾਬਾਦ: ਤਾਲਿਬਾਨ ਨੇ ਮੰਗਲਵਾਰ ਨੂੰ ਵਿਦੇਸ਼ਾਂ ਵਿਚ ਸਥਿਤ ਕਈ ਅਫ਼ਗ਼ਾਨ ਕੂਟਨੀਤਕ ਮਿਸ਼ਨਾਂ ਨੂੰ ਰੱਦ ਕਰ ਦਿਤਾ, ਨਾਲ ਹੀ ਕਿਹਾ ਕਿ ਉਹ ਅਫ਼ਗ਼ਾਨਿਸਤਾਨ ਵਿਚ ਸਾਬਕਾ ਪੱਛਮ ਸਮਰਥਤ ਪ੍ਰਸ਼ਾਸਨ ਨਾਲ ਜੁੜੇ ਡਿਪਲੋਮੈਟਾਂ ਦੁਆਰਾ ਜਾਰੀ ਕੀਤੇ ਪਾਸਪੋਰਟ, ਵੀਜ਼ਾ ਤੇ ਹੋਰ ਦਸਤਾਵੇਜ਼ਾਂ ਨੂੰ ਮਾਨਤਾ ਨਹੀਂ ਦੇਵੇਗਾ। ਇਸ ਕਦਮ ਨੂੰ ਤਾਲਿਬਾਨ ਵਲੋਂ ਡਿਪਲੋਮੈਟਿਕ ਮਿਸ਼ਨ ’ਤੇ ਕੰਟਰੋਲ ਹਾਸਲ ਕਰਨ ਦੀ ਨਵੀਂ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। 

ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਸਾਂਝੇ ਕੀਤੇ ਇਕ ਬਿਆਨ ਵਿਚ ਕਿਹਾ ਕਿ ਭੇਜੇ ਗਏ ਦਸਤਾਵੇਜ਼ ਹੁਣ ਵੈਧ ਨਹੀਂ ਰਹੇ ਤੇ ਮੰਤਰਾਲਾ ਉਨ੍ਹਾਂ ਦਸਤਾਵੇਜ਼ਾਂ ਲਈ ‘ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।’ ਇਸ ਐਲਾਨ ਤੋਂ ਪ੍ਰਭਾਵਤ ਦਸਤਾਵੇਜ਼ਾਂ ਵਿਚ ਪਾਸਪੋਰਟ, ਵੀਜ਼ਾ ਸਟਿਕਰ, ਡੀਡ ਅਤੇ ਹੋਰ ਦਸਤਾਵੇਜ਼ ਸ਼ਾਮਲ ਹਨ।

ਮੰਤਰਾਲਾ ਨੇ ਲਿਖਿਆ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਤਾਲਿਬਾਨ ਦੀ ‘ਇਸਲਾਮਿਕ ਅਮੀਰਾਤ ਆਫ਼ ਅਫ਼ਗ਼ਾਨਿਸਤਾਨ’ (ਆਈ.ਈ.ਏ) ਸਰਕਾਰ ਦੁਆਰਾ ਚਲਾਏ ਜਾਂਦੇ ਦੂਤਘਰਾਂ ਅਤੇ ਕੌਂਸਲੇਟਾਂ ਨਾਲ ਸੰਪਰਕ ਕਰਨਾ ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ,‘‘ਸਾਰੇ ਅਫ਼ਗ਼ਾਨ ਨਾਗਰਿਕ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਵਿਦੇਸ਼ੀ ਕੌਂਸਲਰ ਸੇਵਾਵਾਂ ਪ੍ਰਾਪਤ ਕਰਨ ਲਈ ਉਪਰੋਕਤ ਦੱਸੇ ਗਏ ਮਿਸ਼ਨਾਂ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਆਈ.ਈ.ਏ. ਰਾਜਨੀਤਿਕ ਅਤੇ ਕੌਂਸਲਰ ਮਿਸ਼ਨਾਂ ਦਾ ਦੌਰਾ ਕਰ ਸਕਦੇ ਹਨ।’’