ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਗੱਸਤ ਤੋਂ ਭਾਰਤ ਉਤੇ 25 ਫੀ ਸਦੀ ਤੋਂ ਜ਼ਿਆਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਭਾਰਤ ਨੂੰ ‘ਦੋਸਤ’ ਦਸਦੇ ਹੋਏ ਕਿਹਾ ਕਿ ਅਮਰੀਕਾ ਨੇ ਇਸ ਦੇਸ਼ ਨਾਲ ਤੁਲਨਾਤਮਕ ਤੌਰ ਉਤੇ ਬਹੁਤ ਘੱਟ ਕਾਰੋਬਾਰ ਕੀਤਾ ਹੈ ਕਿਉਂਕਿ ਉਸ ਦੇ ਉੱਚ ਟੈਰਿਫ ਹਨ।
ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ’ਚ ਕਿਹਾ ਕਿ ਭਾਰਤ ਦੇ ਟੈਰਿਫ ਬਹੁਤ ਜ਼ਿਆਦਾ ਹਨ ਅਤੇ ਉਨ੍ਹਾਂ ’ਚ ‘ਸੱਭ ਤੋਂ ਸਖਤ’ ਅਤੇ ‘ਗੈਰ-ਮੁਦਰਾ ਵਪਾਰ ਰੁਕਾਵਟਾਂ’ ਹਨ। ਇਹੀ ਨਹੀਂ ਉਨ੍ਹਾਂ ਨੇ 1 ਅਗੱਸਤ ਤੋਂ ਭਾਰਤ ਉਤੇ 25 ਫ਼ੀ ਸਦੀ ਟੈਰਿਫ਼ ਤੋਂ ਇਲਾਵਾ ਜੁਰਮਾਨਾ ਲਗਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰੂਸ ਤੋਂ ਵੱਡੀ ਮਾਤਰਾ ਫ਼ੌਜੀ ਉਪਕਰਨ ਖ਼ਰੀਦਣ, ਅਤੇ ਰੂਸ ਦਾ ਸਭ ਤੋਂ ਵੱਡਾ ਊਰਜਾ ਖ਼ਰੀਦਦਾਰ ਬਣਨ ਲਈ ਉਸ ਉਤੇ ਜੁਰਮਾਨਾ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਭਾਰਤ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਨਹੀਂ ਦਿਤਾ ਗਿਆ ਹੈ। ਟਰੰਪ ਮੰਗਲਵਾਰ ਨੂੰ ਸਕਾਟਲੈਂਡ ਤੋਂ ਵਾਸ਼ਿੰਗਟਨ ਪਰਤਦੇ ਸਮੇਂ ਏਅਰ ਫੋਰਸ ਵਨ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਤੋਂ ਭਾਰਤ ਨਾਲ ਵਪਾਰ ਸਮਝੌਤੇ ਬਾਰੇ ਪੁਛਿਆ ਗਿਆ। ਇਹ ਪੁੱਛੇ ਜਾਣ ਉਤੇ ਕਿ ਕੀ ਭਾਰਤ ਨਾਲ ਸਮਝੌਤੇ ਨੂੰ ਅੰਤਿਮ ਰੂਪ ਦਿਤਾ ਗਿਆ ਹੈ, ਟਰੰਪ ਨੇ ਕਿਹਾ, ‘‘ਨਹੀਂ, ਅਜੇ ਨਹੀਂ ਹੋਇਆ।’’ ਉਨ੍ਹਾਂ ਤੋਂ ਉਨ੍ਹਾਂ ਰੀਪੋਰਟਾਂ ਬਾਰੇ ਵੀ ਪੁਛਿਆ ਗਿਆ ਕਿ ਭਾਰਤ ਉਤੇ 20-25 ਫ਼ੀ ਸਦੀ ਦੇ ਵਿਚਕਾਰ ਉੱਚ ਅਮਰੀਕੀ ਟੈਰਿਫ ਲਗਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਹਾਂ ਵਿਚ ਜਵਾਬ ਦਿਤਾ।
ਇਹ ਪੁੱਛੇ ਜਾਣ ਉਤੇ ਕਿ ਉਹ ਭਾਰਤ ਨਾਲ ਸੌਦੇ ਤੋਂ ਕੀ ਉਮੀਦ ਕਰ ਰਹੇ ਹਨ, ਉਨ੍ਹਾਂ ਕਿਹਾ, ‘‘ਭਾਰਤ ਇਕ ਚੰਗਾ ਦੋਸਤ ਰਿਹਾ ਹੈ। ਪਰ ਭਾਰਤ ਨੇ ਅਸਲ ਵਿਚ ਲਗਭਗ ਕਿਸੇ ਵੀ ਹੋਰ ਦੇਸ਼ ਨਾਲੋਂ ਵਧੇਰੇ ਟੈਰਿਫ ਵਸੂਲੇ ਹਨ... ਸਾਲਾਂ ਤੋਂ। ਪਰ ਹੁਣ ਮੈਂ ਇੰਚਾਰਜ ਹਾਂ ਅਤੇ ਤੁਸੀਂ ਅਜਿਹਾ ਨਹੀਂ ਕਰ ਸਕਦੇ। ਮੈਨੂੰ ਲਗਦਾ ਹੈ ਕਿ ਵਪਾਰ ਸਮਝੌਤੇ ਬਹੁਤ ਵਧੀਆ ਕੰਮ ਕਰ ਰਹੇ ਹਨ, ਉਮੀਦ ਹੈ ਕਿ ਅਮਰੀਕਾ ਲਈ ਇਹ ਬਹੁਤ ਵਧੀਆ ਹਨ।’’
ਅਮਰੀਕਾ ਦੀ ਇਕ ਟੀਮ ਦੋਹਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਦੁਵਲੇ ਵਪਾਰ ਸਮਝੌਤੇ ਲਈ ਅਗਲੇ ਦੌਰ ਦੀ ਗੱਲਬਾਤ ਲਈ 25 ਅਗੱਸਤ ਨੂੰ ਭਾਰਤ ਦਾ ਦੌਰਾ ਕਰੇਗੀ।
ਹਾਲਾਂਕਿ ਟੀਮ ਅਗਲੇ ਮਹੀਨੇ ਦੇ ਅਖੀਰ ’ਚ ਆ ਰਹੀ ਹੈ ਪਰ ਦੋਵੇਂ ਧਿਰਾਂ 1 ਅਗੱਸਤ ਤੋਂ ਪਹਿਲਾਂ ਅੰਤਰਿਮ ਵਪਾਰ ਸਮਝੌਤੇ ਲਈ ਮਤਭੇਦਾਂ ਨੂੰ ਦੂਰ ਕਰਨ ’ਚ ਰੁੱਝੀਆਂ ਹੋਈਆਂ ਹਨ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਸਮੇਤ ਦਰਜਨਾਂ ਦੇਸ਼ਾਂ (26 ਫੀ ਸਦੀ) ਉਤੇ ਲਗਾਏ ਗਏ ਟੈਰਿਫ ਦੀ ਮੁਅੱਤਲੀ ਦੀ ਮਿਆਦ ਖਤਮ ਹੋ ਜਾਵੇਗੀ। ਭਾਰਤ ਅਤੇ ਅਮਰੀਕੀ ਟੀਮਾਂ ਨੇ ਪਿਛਲੇ ਹਫਤੇ ਵਾਸ਼ਿੰਗਟਨ ਵਿਚ ਸਮਝੌਤੇ ਲਈ ਪੰਜਵੇਂ ਦੌਰ ਦੀ ਗੱਲਬਾਤ ਸਮਾਪਤ ਕੀਤੀ ਸੀ।
ਇਸ ਸਾਲ 2 ਅਪ੍ਰੈਲ ਨੂੰ ਟਰੰਪ ਨੇ ਉੱਚ ਆਪਸੀ ਟੈਰਿਫ ਦਾ ਐਲਾਨ ਕੀਤਾ ਸੀ। ਉੱਚ ਟੈਰਿਫ ਨੂੰ ਲਾਗੂ ਕਰਨਾ ਤੁਰਤ 9 ਜੁਲਾਈ ਤਕ 90 ਦਿਨਾਂ ਲਈ ਅਤੇ ਬਾਅਦ ਵਿਚ 1 ਅਗੱਸਤ ਤਕ ਮੁਅੱਤਲ ਕਰ ਦਿਤਾ ਗਿਆ ਸੀ ਕਿਉਂਕਿ ਅਮਰੀਕਾ ਵੱਖ-ਵੱਖ ਦੇਸ਼ਾਂ ਨਾਲ ਵਪਾਰਕ ਸੌਦਿਆਂ ਉਤੇ ਗੱਲਬਾਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਦਸਿਆ ਅਪਣਾ ਦੋਸਤ, ਕਿਹਾ ‘ਮੇਰੇ ਕਹਿਣ ’ਤੇ ਪਾਕਿਸਤਾਨ ਨਾਲ ਜੰਗ ਬੰਦ ਕੀਤੀ’
ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸਤ ਦਸਿਆ। ਉਨ੍ਹਾਂ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਮੇਰੀ ਬੇਨਤੀ ਉਤੇ ਪਾਕਿਸਤਾਨ ਨਾਲ ਜੰਗ ਖਤਮ ਕਰ ਦਿਤੀ ਅਤੇ ਇਹ ਬਹੁਤ ਵਧੀਆ ਸੀ। ਅਤੇ ਪਾਕਿਸਤਾਨ ਨੇ ਵੀ ਅਜਿਹਾ ਕੀਤਾ।’’ ਟਰੰਪ ਨੇ ਅੱਗੇ ਕਿਹਾ, ‘‘ਅਸੀਂ ਕੰਬੋਡੀਆ ਦੇ ਨਾਲ ਹਾਲ ਹੀ ’ਚ ਹੋਏ ਸਮਝੌਤੇ ਸਮੇਤ ਬਹੁਤ ਸਾਰੇ ਸਮਝੌਤੇ ਕਰਵਾਏ ਹਨ।’’ ਉਸ ਨੇ ਦੁਬਾਰਾ ਦਾਅਵਾ ਦੁਹਰਾਇਆ ਕਿ ਉਸ ਨੇ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਿਆ ਸੀ।
ਦੇਸ਼ ਦੇ ਹਿਤਾਂ ਦੀ ਰਾਖੀ ਕੀਤੀ ਜਾਵੇਗੀ, ਵਪਾਰ ਸਮਝੌਤੇ ਦੀ ਉਮੀਦ : ਸਰਕਾਰ
ਨਵੀਂ ਦਿੱਲੀ, 30 ਜੁਲਾਈ : ਭਾਰਤ ਸਰਕਾਰ ਨੇ ਕਿਹਾ ਹੈ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤੀ ਵਸਤਾਂ ’ਤੇ 25 ਫ਼ੀ ਸਦੀ ਟੈਰਿਫ਼ ਅਤੇ ਜੁਰਮਾਨੇ ਦੇ ਕੀਤੇ ਐਲਾਨ ਦੇ ਅਸਰਾਂ ਦਾ ਅਧਿਐਨ ਕਰ ਰਹੀ ਹੈ। ਸਰਕਾਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਅਮਰੀਕਾ ਨਾਲ ਨਿਰਪੱਖ, ਸੰਤੁਲਿਤ ਅਤੇ ਆਪਸੀ ਲਾਭਕਾਰੀ ਸਮਝੌਤੇ ’ਤੇ ਪਹੁੰਚੇਗੀ। ਸਰਕਾਰ ਨੇ ਅਪਣੇ ਅਧਿਕਾਰਤ ਬਿਆਨ ’ਚ ਕਿਹਾ ਕਿ ਉਹ ਅਮਰੀਕਾ ਨਾਲ ਸਮਝੌਤਾ ਕਰਨ ਸਮੇਂ ਦੇਸ਼ ਦੇ ਹਿਤਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਉਪਾਅ ਕਰੇਗੀ, ਜਿਵੇਂ ਕਿ ਯੂ.ਕੇ. ਸਮੇਤ ਹੋਰ ਵਪਾਰ ਸਮਝੌਤਿਆਂ ਦੌਰਾਨ ਕੀਤਾ ਗਿਆ ਸੀ।