ਬੰਗਲਾਦੇਸ਼ 'ਚ ਮਹਿਲਾ ਪੱਤਰਕਾਰ ਦਾ ਗਲਾ ਵਢਿਆ, ਮੌਤ
ਬੰਗਲਾਦੇਸ਼ ਵਿਚ ਕੁੱਝ ਅਣਜਾਣ ਹਮਲਾਵਰਾਂ ਨੇ ਇਕ ਟੀ.ਵੀ. ਚੈਨਲ ਦੀ ਮਹਿਲਾ ਪੱਤਰਕਾਰ ਦੇ ਘਰ ਵਿਚ ਦਾਖ਼ਲ ਹੋ ਕੇ ਤਿੱਖੇ ਹਥਿਆਰ ਨਾਲ ਉਸ ਦਾ ਗਲਾ ਵੱਢ ਕੇ ਹਤਿਆ ਕਰ ਦਿਤੀ.....
ਢਾਕਾ : ਬੰਗਲਾਦੇਸ਼ ਵਿਚ ਕੁੱਝ ਅਣਜਾਣ ਹਮਲਾਵਰਾਂ ਨੇ ਇਕ ਟੀ.ਵੀ. ਚੈਨਲ ਦੀ ਮਹਿਲਾ ਪੱਤਰਕਾਰ ਦੇ ਘਰ ਵਿਚ ਦਾਖ਼ਲ ਹੋ ਕੇ ਤਿੱਖੇ ਹਥਿਆਰ ਨਾਲ ਉਸ ਦਾ ਗਲਾ ਵੱਢ ਕੇ ਹਤਿਆ ਕਰ ਦਿਤੀ। ਮੀਡੀਆ ਦੀਆਂ ਖ਼ਬਰਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਮਰਨ ਵਾਲੀ ਪੱਤਰਕਾਰ ਦੀ ਪਛਾਣ ਸੁਬਰਨਾ ਨੋਦੀ (32) ਦੇ ਰੂਪ ਵਿਚ ਕੀਤੀ ਗਈ ਹੈ। ਉਹ ਨਿਜੀ ਸਮਾਚਾਰ ਚੈਨਲ ਦੀ ਇਕ ਪੱਤਰਕਾਰ ਸੀ। ਸੁਬਰਨਾ ਹੋਰ ਸਮਾਚਾਰ ਚੈਨਲਾਂ ਲਈ ਵੀ ਕੰਮ ਕਰਦੀ ਸੀ।
ਸੁਬਰਨਾ ਪਬਨਾ ਜ਼ਿਲ੍ਹੇ ਦੇ ਰਾਧਾਨਗਰ ਇਲਾਕੇ ਵਿਚ ਰਹਿੰਦੀ ਸੀ। ਰੀਪੋਰਟ ਵਿਚ ਦਸਿਆ ਗਿਆ ਹੈ ਕਿ ਸੁਬਰਨਾ ਦੀ 9 ਸਾਲਾ ਇਕ ਬੇਟੀ ਹੈ ਅਤੇ ਉਹ ਅਪਣੇ ਪਤੀ ਨਾਲ ਤਲਾਕ ਦੀ ਇਕ ਪ੍ਰਕਿਰਿਆ ਵਿਚੋਂ ਲੰਘ ਰਹੀ ਸੀ। ਰੀਪੋਰਟ ਵਿਚ ਦਸਿਆ ਗਿਆ ਹੈ ਕਿ ਹਮਲਾਵਰ 10 ਤੋਂ 12 ਵਜੇ ਵਿਚਕਾਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅਤੇ ਬੀਤੀ ਰਾਤ ਕਰੀਬ 10:45 ਵਜੇ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵਜਾਈ।
ਪਬਨਾ ਦੇ ਵਧੀਕ ਸੁਪਰਡੈਂਟ ਆਫ਼ ਪੁਲਿਸ ਇਬਅਨੇ ਮਿਜ਼ਾਨ ਨੇ ਦਸਿਆ ਕਿ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰ ਉਸ 'ਤੇ ਹਮਲਾ ਕਰ ਕੇ ਘਟਨਾਸਥਲ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਦਸਿਆ ਕਿ ਹਮਲਾਵਰਾਂ ਨੇ ਮਹਿਲਾ 'ਤੇ ਹਮਲਾ ਕਰਨ ਲਈ ਇਕ ਤਿੱਖੇ ਹਥਿਆਰ ਦੀ ਵਰਤੋਂ ਕੀਤੀ। ਕੁੱਝ ਸਥਾਨਕ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ।
ਵਧੀਕ ਸਹਾਇਕ ਪੁਲਿਸ ਅਫ਼ਸਰ ਗੌਤਮ ਕੁਮਾਰ ਬਿਸਵਾਸ ਨੇ ਦਸਿਆ ਕਿ ਪੁਲਿਸ ਨੇ ਅਪਰਾਧੀਆਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਹਨ। ਪਬਨਾ ਵਿਚ ਪੱਤਰਕਾਰਾਂ ਨੇ ਇਸ ਹਤਿਆ ਦੀ ਨਿੰਦਾ ਕੀਤੀ ਹੈ ਅਤੇ ਕਾਤਲਾਂ ਨੂੰ ਤੁਰਤ ਨਿਆਂ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ। (ਪੀ.ਟੀ.ਆਈ)