ਰੂਸ ਅਤੇ ਯੂਕਰੇਨ ਵਿਚਕਾਰ ਜੰਗ ਤੇਜ਼ ਹੋਈ, ਰੂਸ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਡਰੋਨ ਹਮਲਾ
ਕੀਵ ’ਚ ਰੂਸੀ ਹਮਲੇ ਕਾਰਨ ਦੋ ਲੋਕਾਂ ਦੀ ਮੌਤ
ਕੀਵ: ਰੂਸ ਅਤੇ ਯੂਕਰਨ ਦਰਮਿਆਨ ਜੰਗ ਇਕ ਵਾਰੀ ਫਿਰ ਤੇਜ਼ ਹੋ ਗਈ ਹੈ। ਰੂਸ ਨੇ ਯੂਕਰੇਨ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਜਦਕਿ, ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਕੀਵ ’ਤੇ ਰੂਸੀ ਹਮਲੇ ’ਚ ਬੁਧਵਾਰ ਤੜਕੇ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਗਵਰਨਰ ਅਤੇ ਸਥਾਨਕ ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ, ਐਸਟੋਨੀਆ ਅਤੇ ਲਾਤਵੀਆ ਦੀ ਸਰਹੱਦ ’ਤੇ ਸਥਿਤ ਰੂਸ ਦੇ ਪਛਮੀ ਖੇਤਰ ਪਸਕੋਵ ਦੇ ਇਕ ਹਵਾਈ ਅੱਡੇ ’ਤੇ ਡਰੋਨ ਦੇ ਹਮਲੇ ਤੋਂ ਬਾਅਦ ਉਥੇ ਅੱਗ ਲੱਗ ਗਈ। ਰਖਿਆ ਮੰਤਰਾਲੇ ਨੇ ਕਿਹਾ ਕਿ ਉਯੋਰਲ, ਬਰਾਂਸਕ, ਰਿਆਜ਼ਨ, ਕਲੁਗਾ ਅਤੇ ਰਾਜਧਾਨੀ ਮਾਸਕੋ ਦੇ ਨੇੜਲੇ ਇਲਾਕਿਆਂ ’ਚ ਕਈ ਹੋਰ ਡਰੋਨ ਡੇਗ ਦਿਤੇ ਗਏ।
ਪਸਕੋਵ ਤੇ ਇਲਾਕਾਈ ਗਵਰਨਰ ਮਿਖਾਈਲ ਵੇਦੇਨਿਰਕੋਵ ਨੇ ਸੂਬਾਈ ਰਾਜਧਾਨੀ ’ਚ ਸਥਿਤ ਹਵਾਈ ਅੱਡੇ ਤੋਂ ਬੁਧਵਾਰ ਨੂੰ ਸਾਰੀਆਂ ਉਡਾਨਾਂ ਰੱਦ ਕਰਨ ਦਾ ਹੁਕਮ ਦਿਤਾ ਤਾਕਿ ਦਿਨ ’ਚ ਨੁਕਸਾਨ ਦਾ ਪਤਾ ਕੀਤਾ ਜਾ ਸਕੇ।
ਹੰਗਾਮੀ ਸੇਵਾ ਅਧਿਕਾਰੀਆਂ ਦੇ ਹਵਾਲੇ ਨਾਲ ਰੂਸ ਦੀ ਸਰਕਾਰੀ ਖ਼ਬਰੀ ਏਜੰਸੀ ‘ਤਾਸ’ ਨੇ ਲਿਖਿਆ ਹੈ, ਹਵਾਈ ਅੱਡੇ ’ਤੇ ਹੋਏ ਹਮਲੇ ਦੀ ਸੂਚਨਾ ਪਹਿਲੀ ਵਾਰੀ ਅੱਧੀ ਰਾਤ ਤੋਂ ਕੁਝ ਮਿੰਟ ਪਹਿਲਾਂ ਮਿਲੀ ਸੀ। ਹਮਲੇ ’ਚ ਚਾਰ ਆਈ.ਐੱਲ.-76 ਆਵਾਜਾਈ ਜਹਾਜ਼ ਨੁਕਸਾਨੇ ਗਏ ਹਨ।
ਸੋਸ਼ਲ ਮੀਡੀਆ ’ਤੇ ਪੋਸਟ ਕੁਝ ਵੀਡੀਉ ਫ਼ੁਟੇਜ ਅਤੇ ਤਸੀਵਰਾਂ ’ਚ ਪਸਕੋਵ ਸ਼ਹਿਰ ’ਤੇ ਧੂੰਆਂ ਉਠਦਾ ਹੋਇਆ ਅਤੇ ਭਿਆਨਕ ਅੱਗ ਦਿਸ ਰਹੀ ਹੈ।
ਵੇਦੇਨਿਰਕੋਵ ਨੇ ਕਿਹਾ ਕਿ ਕਿਸੇ ਦੀ ਜਾਨ ਨਹੀਂ ਗਈ ਹੈ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਮੀਡੀਆ ’ਚ ਆਈਆਂ ਅਪੁਸ਼ਟ ਖ਼ਬਰਾਂ ਅਨੁਸਾਰ, ਸ਼ਾਇਦ 10 ਤੋਂ 20 ਡਰੋਨ ਨਾਲ ਹਵਾਈ ਅੱਡੇ ’ਤੇ ਹਮਲਾ ਕੀਤਾ ਗਿਆ ਸੀ।
ਫ਼ੌਜੀ ਪ੍ਰਸ਼ਾਸਨ ਦੇ ਮੁਖੀ ਸਰਗੇਈ ਪੋਪਕੋ ਨੇ ਟੈਲੀਗ੍ਰਾਮ ’ਤੇ ਲਿਖਿਆ ਹੈ, ਰੂਸ ਵਲੋਂ ਡਰੋਨ ਅਤੇ ਮਿਜ਼ਾਈਲਾਂ ਦਾ ਪ੍ਰਯੋਗ ਕਰ ਕੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਵੱਡਾ ਹਮਲਾ ਕੀਤਾ ਗਿਆ ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਪੋਪਕੋ ਨੇ ਕਿਹਾ ਕਿ ਇਹ ਬਸੰਤ ਰੁੱਤ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਹੈ।
ਉਨ੍ਹਾਂ ਕਿਹਾ ਕਿ ਰੂਸ ਨੇ ਵੱਖੋ-ਵੱਖ ਦਿਸ਼ਾਵਾਂ ’ਚ ਕੀਵ ’ਚ ਸ਼ਹੀਦ ਡਰੋਨ ਲਾਂਚ ਕੀਤੇ ਅਤੇ ਫਿਰ ਸ਼ਹਿਰ ਨੂੰ ਟੀ.ਯੂ.-95 ਐਮ.ਐਸ. ਰਣਨੀਤਕ ਜਹਾਜ਼ ਰਾਹੀਂ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਹਵਾ ਰਖਿਆ ਪ੍ਰਣਾਲੀ ਵਲੋਂ 20 ਤੋਂ ਵੱਧ ਟੀਚੇ (ਡਰੋਨ/ਮਿਜ਼ਾਈਲਾਂ) ਨੂੰ ਮਾਰ ਦਿਤਾ ਗਿਆ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਡਰੋਨ/ਮਿਜ਼ਾਈਲਾਂ ਲਾਂਚ ਕੀਤੀਆਂ ਗਈਆਂ ਸਨ।
ਪੋਪਕੋ ਨੇ ਕਿਹਾ ਕਿ ਸ਼ੇਵਚੇਨਕਿਵਸਕੀ ਜ਼ਿਲ੍ਹੇ ’ਚ ਇਕ ਕਾਰੋਬਾਰੀ ਇਮਾਰਤ ’ਤੇ ਮਲਬਾ ਡਿੱਗ ਨਾਲ ਲੋਕ ਜ਼ਖ਼ਮੀ ਹੋਏ ਹਨ।