ਚੀਨ ਨਾਲ ਨਜਿੱਠਣ ਲਈ ਆਸਟ੍ਰੇਲੀਆ ਭਾਰਤ ਨਾਲ ਵਧਾਵੇਗਾ ਸਹਿਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦੀ ਰਖਿਆ ਮੰਤਰੀ ਲਿੰਡਾ ਰੇਨਾਲਡਸ ਦਾ ਐਲਾਨ

Linda Reynolds

ਨਵੀਂ ਦਿੱਲੀ : ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਨਾਲ ਵੱਧਦੇ ਖਤਰਿਆਂ ਨਾਲ ਨਜਿੱਠਣ ਲਈ ਆਸਟ੍ਰੇਲੀਆ ਨੇ ਭਾਰਤ ਨਾਲ ਸਹਿਯੋਗ ਵਧਾਉਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੀ ਰਖਿਆ ਮੰਤਰੀ ਲਿੰਡਾ ਰੇਨਾਲਡਸ ਨੇ ਕਿਹਾ ਹੈ ਕਿ ਜ਼ਿਆਦਾ ਸੁਰੱਖਿਅਤ, ਖੁਲ੍ਹੇ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਸਮਰਥਨ ਵਿਚ ਆਸਟ੍ਰੇਲੀਆ ਸਮਾਨ ਵਿਚਾਰਧਾਰਾ ਵਾਲੇ ਭਾਰਤ ਜਿਹੇ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਡੂੰਘਾ ਕਰਨਾ ਜਾਰੀ ਰੱਖੇਗਾ।

ਚੀਨ ਸੰਸਥਾਨਾਂ ਨਾਲ ਭਰੇ ਇਸ ਖੇਤਰ ਵਿਚ ਅਪਣਾ ਦਖ਼ਲ ਵਧਾਉਂਦਾ ਜਾ ਰਿਹਾ ਹੈ। ਰੇਨਾਲਡਸ ਨੇ ਕਿਹਾ ਕਿ ਹਾਲ ਹੀ ਵਿਚ ਹਿੰਦ ਮਹਾਸਾਗਰ ਵਿਚ ਕੀਤੇ ਗਏ ਨੌ-ਸੈਨਾ ਦੇ ਸੰਯੁਕਤ ਅਭਿਆਸ ਵਿਆਪਕ ਰਣਨੀਤਕ ਹਿੱਸੇਦਾਰੀ ਦੇ ਰੂਪ ਵਿਚ ਦੋਹਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੇ ਹਨ। ਪਿਛਲੇ ਹਫ਼ਤੇ ਭਾਰਤੀ ਨੌ-ਸੈਨਾ ਅਤੇ ਰਾਇਲ ਆਸਟ੍ਰੇਲੀਅਨ ਨੌ-ਸੈਨਾ ਨੇ ਹਿੰਦ ਮਹਾਸਾਗਰ ਦੇ ਉੱਤਰ-ਪੂਰਬੀ ਖੇਤਰ ਵਿਚ 2 ਦਿਨਾਂ ਤਕ ਸੰਯੁਕਤ ਅਭਿਆਸ ਕੀਤਾ ਸੀ।

ਵਿਆਪਕ ਰਣਨੀਤਕ ਹਿੱਸੇਦਾਰੀ ਲਈ ਅਪਣੇ ਸਬੰਧਾਂ ਨੂੰ ਵਧਾਉਣ ਅਤੇ ਜੂਨ ਵਿਚ ਸਾਜੋ-ਸਮਾਨ ਸਮਰਥਨ ਲਈ ਫ਼ੌਜੀ ਟਿਕਾਣਿਆਂ 'ਤੇ ਮਿਉਚੁਅਲ ਪਹੁੰਚ ਦੇ ਮੱਦੇਨਜ਼ਰ ਇਕ ਇਤਿਹਾਸਕ ਸੌਦੇ 'ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਲੋਂ ਇਹ ਪਹਿਲਾ ਵੱਡਾ ਫ਼ੌਜੀ ਅਭਿਆਸ ਰਿਹਾ।

ਰੇਨਾਲਡਸ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਜ਼ਿਆਦਾ ਸੁਰੱਖਿਅਤ, ਖੁਲ੍ਹੇ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਸਮਰਥਨ ਵਿਚ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ, ਜਿਵੇਂ ਭਾਰਤ ਦੇ ਨਾਲ ਅਪਣੇ ਸਬੰਧਾਂ ਨੂੰ ਵਧਾਉਣਾ ਜਾਰੀ ਰੱਖ ਰਹੇ ਹਾਂ।

ਉਨਾਂ ਆਖਿਆ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਦੇ ਡਿਜੀਟਲ ਸ਼ਿਖਰ ਸੰਮੇਲਨ ਤੋਂ ਬਾਅਦ ਭਾਰਤ ਦੇ ਨਾਲ ਸਾਡੇ ਰੱਖਿਆ ਸਬੰਧ ਇਤਿਹਾਸਕ ਉੱਚ ਬਿੰਦੂ 'ਤੇ ਹਨ ਅਤੇ ਮੈਂ ਭਵਿੱਖ ਵਿਚ ਸਾਡੀ ਵਿਆਪਕ ਸਾਂਝੇਦਾਰੀ ਨੂੰ ਹੋਰ ਵਧਾਏ ਜਾਣ ਦੀ ਉਮੀਦ ਕਰਦੀ ਹਾਂ।