ਅਸਮਾਨ ਵਿਚ ਫਾਈਟਰ ਜੈੱਟ ਨੇ ਭਰੀ ਉਡਾਨ, ਤੇਜ਼ ਧਮਾਕੇ ਨਾਲ ਦਹਿਲ ਗਿਆ ਪੂਰਾ ਪੈਰਿਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੈਰਿਸ ਪੁਲਿਸ ਵਿਭਾਗ ਨੇ ਦੱਸਿਆ ਧਮਾਕੇ ਦਾ ਕਾਰਨ

Loud noise heard in Paris due to fighter jet breaking sound barrier

ਪੈਰਿਸ: ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਆਸਪਾਸ ਦੇ ਇਲਾਕਿਆਂ ਵਿਚ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ  ਗਈ। ਇਸ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ। ਜਾਣਕਾਰੀ ਮੁਤਾਬਕ ਤੇਜ਼ ਅਵਾਜ਼ ਦੇ ਨਾਲ ਇਮਾਰਤਾਂ ਵੀ ਹਿਲਦੀਆਂ ਹੋਈਆਂ ਮਹਿਸੂਸ ਕੀਤੀਆਂ ਗਈਆਂ। ਇਹ ਆਵਾਜ਼ ਪੂਰੇ ਪੈਰਿਸ ਦੇ ਸਮੇਤ ਆਸ-ਪਾਸ ਦੇ ਉਪਨਗਰਾਂ ਵਿਚ ਵੀ ਸੁਣਾਈ ਦਿੱਤੀ।

ਜਾਣਕਾਰੀ ਮੁਤਾਬਕ ਇਹ ਆਵਾਜ਼ ਇਕ ਲੜਾਕੂ ਜਹਾਜ਼ ਕਾਰਨ ਪੈਦਾ ਹੋਈ। ਪੈਰਿਸ ਦੇ ਪੁਲਿਸ ਵਿਭਾਗ ਨੇ ਦੱਸਿਆ ਹੈ ਕਿ ਇਹ ਅਵਾਜ਼ ਇਕ ਲੜਾਕੂ ਜਹਾਜ਼ ਵੱਲੋਂ ਸਾਊਂਡ ਬੈਰੀਅਰ ਪਾਰ ਕਰਨ ਕਾਰਨ ਪੈਦਾ ਹੋਈ। ਪੁਲਿਸ ਵਿਭਾਗ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ‘ਪੈਰਿਸ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਬਹੁਤ ਤੇਜ਼ ਆਵਾਜ਼ ਸੁਣਾਈ ਦਿੱਤੀ। ਇਹ ਕੋਈ ਧਮਾਕਾ ਨਹੀਂ ਸੀ, ਇਹ ਇਕ ਲੜਾਕੂ ਜਹਾਜ਼ ਸੀ, ਜਿਸ ਨੇ ਸਾਊਂਡ ਬੈਰੀਅਰ ਪਾਰ ਕੀਤਾ’।

ਕੀ ਹੈ ਸਾਊਂਡ ਬੈਰੀਅਰ

ਸਾਊਂਡ ਬੈਰੀਅਰ ਜਾਂ ਸੋਨਿਕ ਬੈਰੀਅਰ ਆਵਾਜ਼ ਦੀ ਗਤੀ ਨੂੰ ਕਿਹਾ ਜਾਂਦਾ ਹੈ। ਸਾਊਂਡ ਬੈਰੀਅਰ ਨੂੰ ਤੋੜਨ ਤੋਂ ਭਾਵ ਹੈ ਕਿ ਆਵਾਜ਼ ਦੀ ਗਤੀ ‘ਤੇ ਪਹੁੰਚਣਾ ਜਾਂ ਉਸ ਨੂੰ ਪਾਰ ਕਰ ਜਾਣਾ। ਜੇਕਰ ਕੋਈ ਜਹਾਜ਼ ਜਾਂ ਚੀਜ਼ ਸਾਊਂਡ ਬੈਰੀਅਰ ਨੂੰ ਪਾਰ ਕਰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਆਵਾਜ਼ ਦੀ ਗਤੀ ਨਾਲ ਜਾਂ ਉਸ ਤੋਂ ਤੇਜ਼ ਚੱਲ ਰਹੀ ਹੈ।

ਆਮ ਹਲਾਤਾਂ ਵਿਚ ਆਵਾਜ਼ ਦੀ ਗਤੀ ਕਰੀਬ 1234 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਹਰ ਜਹਾਜ਼ ਗਤੀ ਕਰਦੇ ਹੋਏ ਤੇਜ਼ ਆਵਾਜ਼ ਪੈਦਾ ਕਰਦਾ ਹੈ, ਜਿਸ ਦੀਆਂ ਤਰੰਗਾਂ ਜਹਾਜ਼ ਦੇ ਅੱਗੇ ਚਲਦੀਆਂ ਰਹਿੰਦੀਆਂ ਹਨ। ਜਦੋਂ ਕਿਸੇ ਜਹਾਜ਼ ਦੀ ਰਫ਼ਤਾਰ, ਆਵਾਜ਼ ਦੀ ਰਫ਼ਤਾਰ ਦੇ ਨੇੜੇ ਪਹੁੰਚਦੀ ਹੈ ਤਾਂ ਜਹਾਜ਼ ਅਪਣੇ ਵੱਲੋਂ ਪੈਦਾ ਕੀਤੀਆਂ ਗਈਆਂ ਆਵਾਜ਼ ਤਰੰਗਾਂ ਨੂੰ ਪਾਰ ਕਰਨ ਲੱਗਦਾ ਹੈ।

ਇਹਨਾਂ ਤਰੰਗਾਂ ਕਾਰਨ ਹਵਾ ਦੇ ਦਬਾਅ ਵਿਚ ਤਬਦੀਲੀ ਜਹਾਜ਼ ਨੂੰ ਅਸਥਿਰ ਬਣਾ ਦਿੰਦੀ ਹੈ। ਇਸ ਨੂੰ ਤਕਨੀਕੀ ਭਾਸ਼ਾ ਵਿਚ ਸਾਊਂਡ ਬੈਰੀਅਰ ਕਿਹਾ ਜਾਂਦਾ ਹੈ। ਜਦੋਂ ਜਹਾਜ਼ ਆਵਾਜ਼ ਦੀ ਗਤੀ ਨੂੰ ਪਾਰ ਕਰਦਾ ਹੈ ਤਾਂ ਆਵਾਜ਼ ਤਰੰਗਾਂ ਦੇ ਪਾਰ ਹੋਣ ਕਾਰਨ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ।