ਭਾਰਤ ਦੀ ਤਰ੍ਹਾਂ ਹੁਣ ਚੀਨ ਵੀ ਬਣੇਗਾ ਆਤਮ ਨਿਰਭਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਤਕਨੋਲਾਜੀ ਦੇ ਮਾਮਲੇ 'ਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਲਿਆ ਸੰਕਲਪ

image

ਬੀਜਿੰਗ, 30 ਅਕਤੂਬਰ : ਚੀਨੀ ਆਗੂਆਂ ਨੇ ਅਮਰੀਕਾ ਨਾਲ ਟਕਰਾਅ ਦੇ ਕਾਰਨ ਕੰਪਿਊਟਰ ਚਿੱਪ ਅਤੇ ਆਧੁਨਿਕ ਕਲਪੁਰਜ਼ੇ ਤਕ ਪਹੁੰਚ ਸੀਮਤ ਹੋਣ ਦੇ ਮੱਦੇਨਜ਼ਰ ਅਪਣੇ ਦੇਸ਼ ਨੂੰ ਤਕਨੋਲਾਜੀ ਦੇ ਮਾਮਲੇ 'ਚ ਆਤਮ ਨਿਰਭਰ ਬਣਾਉਣ ਦਾ ਸੰਕਲਪ ਲਿਆ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਅਗਲੇ ਪੰਜ ਸਾਲਾਂ ਲਈ ਅਰਥਵਿਵਸਥਾ ਦੇ ਵਿਕਾਸ ਦਾ ਖ਼ਾਕਾ ਤਿਆਰ ਕਰਨ ਲਈ ਬੈਠਕ ਦੇ ਬਾਅਦ ਇਹ ਐਲਾਨ ਕੀਤਾ।

image


ਰਾਸ਼ਟਰਪਤੀ ਸ਼ੀ ਚਿਨਫ਼ਿੰਗ ਦੀ ਸਰਕਾਰ ਸੁਰੱਖਿਆ ਅਤੇ ਜਾਸੂਸੀ ਨੂੰ ਲੈ ਕੇ ਅਮਰੀਕਾ ਨਾਲ ਟਕਰਾਅ ਦੌਰਾਨ ਚੀਨ ਨੂੰ ਤਕਨੋਲਾਜੀ ਨਾਲ ਜੁੜੇ ਸਾਮਾਨ ਦੀ ਵਿਕਰੀ 'ਤੇ ਟਰੰਪ ਪ੍ਰਸ਼ਾਸਨ ਦੀ ਪਾਬੰਦੀਆਂ ਨਾਲ ਹੋਏ ਨੁਕਸਾਨ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਕਮਿਊਟਿਸਟ ਆਗੂ ਦੂਰ ਸੰਚਾਰ, ਬਾਇਉਟੈਕਨਾਲੋਜੀ ਅਤੇ ਹੋਰ ਖੇਤਰਾਂ 'ਚ ਚੀਨੀ ਕੰਪਨੀਆਂ ਰਾਹੀਂ ਖ਼ੁਸ਼ਹਾਲੀ ਦੀ ਰਾਹ 'ਤੇ ਵਧਣਾ ਚਾਹੁੰਦੇ ਹਨ।


ਸੱਤਾਧਾਰੀ ਪਾਰਟੀ ਦੇ ਇਕ ਬਿਆਨ 'ਚ ਕਿਹਾ ਗਿਆ ਹੈ, ''ਰਾਸ਼ਟਰੀ ਵਿਕਾਸ ਨੂੰ ਰਣਨੀਤਕ ਸਮਰਥਨ ਲਈ ਵਿਗਿਆਨ ਅਤੇ ਤਕਨੋਲਾਜੀ ਦੇ ਖ਼ੇਤਰ 'ਚ ਆਤਮ ਨਿਰਭਰ ਹੋਣਾ ਚਾਹੀਦਾ।'' ਇਸ 'ਚ ਵਿਗਿਆਨ ਅਤੇ ਤਕਨੋਲਾਜੀ ਦੇ ਖ਼ੇਤਰ 'ਚ ਦੇਸ਼ ਨੂੰ ਇਕ ਵੱਡੀ ਸ਼ਕਤੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ ਪਰ ਇਸ ਬਾਰੇ 'ਚ ਜ਼ਿਆਦਾ ਵੇਰਵਾ ਨਹੀਂ ਦਿਤਾ ਗਿਆ ਹੈ।  ਦੇਸ਼ 'ਚ ਪੰਜ ਸਾਲਾ ਯੋਜਨਾ 1950 ਦੇ ਦਹਾਕੇ ਤੋਂ ਹੀ ਚਲਾਈ ਜਾ ਰਹੀ ਹੈ। ਪੂਰੀ ਯੋਜਨਾ ਮਾਰਚ 'ਚ ਜਾਰੀ ਕੀਤੀ ਜਾਵੇਗੀ। ਉਸ ਦੇ ਬਾਅਦ ਹਰੇਕ ਉਦਯੋਗ ਲਈ ਨਿਯਮਨ ਅਤੇ ਉਦਯੋਗਾਂ 'ਚ ਤਬਦੀਲੀ ਦਾ ਐਲਾਨ ਕੀਤਾ ਜਾਵੇਗਾ। (ਪੀਟੀਆਈ)

 



ਚੀਨ ਨੂੰ ਅਮਰੀਕੀ ਅਤੇ ਜਾਪਾਨੀ ਕਲਪੁਰਜ਼ਿਆਂ ਦੀ ਪੈਂਦੀ ਹੈ ਲੋੜ



ਚੀਨ ਦੀ ਫ਼ੈਕਟਰੀਆਂ 'ਚ ਦੁਨੀਆਂ ਦੇ ਜ਼ਿਆਦਾਤਰ ਸਮਾਰਟਫ਼ੋਨ, ਨਿੱਜੀ ਕੰਪਿਊਟਰ ਅਤੇ ਇਲੈਕਟ੍ਰਾਨਿਕਸ ਸਾਮਾਨ ਤਿਆਰ ਕੀਤੇ ਜਾਂਦੇ ਹਨ ਪਰ ਉਸ ਨੂੰ ਅਮਰੀਕੀ, ਯੂਰਪੀ ਅਤੇ ਜਾਪਾਨੀ ਕਲਪੁਰਜ਼ੇ ਦੀ ਲੋੜ ਹੁੰਦੀ ਹੈ। ਇਸ ਨੂੰ ਕਮਿਊਨਿਸਟ ਆਗੂ ''ਰਣਨੀਤਕ ਕਮਜ਼ੋਰੀ'' ਦੇ ਤੌਰ 'ਤੇ ਦੇਖਦੇ ਹਨ। ਬਿਆਨ 'ਚ ਕਿਸੇ ਖ਼ਾਸ ਤਕਨੋਲਾਜੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਸੱਤਾਧਾਰੀ  ਧਿਰ ਨੇ ਸਮਾਰਟ ਫ਼ੋਨ, ਇਲੈਕਟਰਿਕ ਕਾਰ ਅਤੇ ਹੋਰ ਤਕਨੋਲਾਜੀ 'ਚ ਵਰਤੇ ਜਾਣ ਵਾਲੇ ਪ੍ਰੋਸੈਸਰ ਚਿੱਪ ਨੂੰ ਲੈ ਕੇ ਅਮਰੀਕਾ 'ਤੇ ਨਿਰਭਰਤਾ ਨਾਲ ਚਿੰਤਤ ਹਨ ਅਤੇ ਅਪਣੇ ਦੇਸ਼ 'ਚ ਇਸ ਦਾ ਵਿਕਾਸ ਕਰਨਾ ਚਾਹੁੰਦੇ ਹਨ।