ਅਫ਼ਗ਼ਾਨਿਸਤਾਨ ਭਾਰਤ ਦੀ ਕਠਪੁਤਲੀ ਹੈ ਤੇ ਦਿੱਲੀ ਦੇ ਹੱਥ ਹੈ ਕਾਬੁਲ ਦੀ ਡੋਰ : ਖ਼ਵਾਜਾ ਆਸਿਫ਼
“ਜੇਕਰ ਅਫ਼ਗ਼ਾਨਿਸਤਾਨ ਇਸਲਾਮਾਬਾਦ ਵਲ ਵੇਖਣ ਦੀ ਹਿੰਮਤ ਵੀ ਕਰਦਾ ਹੈ ਤਾਂ ਅਸੀਂ ਉਸ ਦੀਆਂ ਅੱਖਾਂ ਕੱਢ ਦੇਵਾਂਗੇ।''
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਇਕ ਵਾਰ ਫਿਰ ਉਹੀ ਪੁਰਾਣਾ ਸੁਰ ਗਾਉਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਭਾਰਤ ਦੀ ਕਠਪੁਤਲੀ ਹੈ ਅਤੇ ਦਿੱਲੀ ਦੇ ਕੰਟਰੋਲ ਹੇਠ ਪਾਕਿਸਤਾਨ ਵਿਚ ਦਹਿਸ਼ਤ ਫੈਲਾ ਰਿਹਾ ਹੈ। ਇਕ ਟੀਵੀ ਸ਼ੋਅ “ਆਜ ਸਾਹਜੇਬ ਖਾਨਜਾਦਾ ਕੇ ਸਾਥ’’ ਵਿਚ ਆਸਿਫ਼ ਨੇ ਕਿਹਾ ਕਿ ਜੇਕਰ ਕਾਬੁਲ ਇਸਲਾਮਾਬਾਦ ’ਤੇ ਹਮਲਾ ਕਰਨ ਬਾਰੇ ਵੀ ਸੋਚਦਾ ਹੈ ਤਾਂ ਉਸ ਦਾ ਜਵਾਬ 50 ਗੁਣਾ ਜ਼ਿਆਦਾ ਸ਼ਕਤੀਸਾਲੀ ਹੋਵੇਗਾ।
ਆਸਿਫ਼ ਨੇ ਗੁੰਝਲਦਾਰ ਗੱਲਬਾਤ ਕਰਨ ਲਈ ਅਫ਼ਗ਼ਾਨ ਵਾਰਤਾਕਾਰਾਂ ਦੀ ਪ੍ਰਸ਼ੰਸਾ ਕੀਤੀ ਪਰ ਕਿਹਾ ਕਿ ਕਾਬੁਲ ਵਿਚ ਰਹਿਣ ਵਾਲੇ ਦਿੱਲੀ ਦੀ ਸੁਰ ’ਤੇ ਨੱਚ ਰਹੇ ਹਨ। ਉਨ੍ਹਾਂ ਕਿਹਾ, “ਭਾਰਤ ਕਾਬੁਲ ਰਾਹੀਂ ਅਪਣੀ ਪੱਛਮੀ ਸਰਹੱਦ ’ਤੇ ਅਪਣੀ ਹਾਰ ਦਾ ਬਦਲਾ ਲੈ ਰਿਹਾ ਹੈ।’’ ਇਸਤਾਂਬੁਲ ਵਿਚ ਪਾਕਿਸਤਾਨ-ਅਫ਼ਗ਼ਾਨਿਸਤਾਨ ਸ਼ਾਂਤੀ ਵਾਰਤਾ ਅਚਾਨਕ ਟੁੱਟ ਗਈ ਹੈ। ਆਸਿਫ਼ ਨੇ ਦਸਿਆ ਕਿ ਜਦੋਂ ਵੀ ਕੋਈ ਸਮਝੌਤਾ ਨੇੜੇ ਹੁੰਦਾ ਸੀ, ਕਾਬੁਲ ਨੂੰ ਫ਼ੋਨ ਕੀਤਾ ਜਾਂਦਾ ਸੀ ਅਤੇ ਸੌਦਾ ਵਾਪਸ ਲੈ ਲਿਆ ਜਾਂਦਾ ਸੀ। ਉਨ੍ਹਾਂ ਕਿਹਾ, “ਅਸੀਂ ਇਕ ਸਮਝੌਤੇ ’ਤੇ ਪਹੁੰਚੇ ਸੀ ਪਰ ਕਾਬੁਲ ਨੂੰ ਫ਼ੋਨ ਆਇਆ ਅਤੇ ਉਹ ਪਿੱਛੇ ਹਟ ਗਏ।’’
ਆਸਿਫ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਪਿਛਲੇ ਚਾਰ ਸਾਲਾਂ ਤੋਂ “ਅਤਿਵਾਦੀਆਂ’’ ਦੀ ਵਰਤੋਂ ਕਰ ਰਿਹਾ ਹੈ। ਉਸ ਨੇ ਚਿਤਾਵਨੀ ਦਿਤੀ, “ਜੇਕਰ ਅਫ਼ਗ਼ਾਨਿਸਤਾਨ ਇਸਲਾਮਾਬਾਦ ਵਲ ਵੇਖਣ ਦੀ ਹਿੰਮਤ ਵੀ ਕਰਦਾ ਹੈ ਤਾਂ ਅਸੀਂ ਉਸ ਦੀਆਂ ਅੱਖਾਂ ਕੱਢ ਦੇਵਾਂਗੇ।’’ (ਏਜੰਸੀ)