ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਉਣ 'ਤੇ ਚੀਨ ਅਤੇ ਪਾਕਿਸਤਾਨ 'ਚ ਵਧੀ ਤਲਖ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਨੂੰ ਚੀਨ ਦੀ ਪਾਕਿਸਤਾਨ ਪ੍ਰਤੀ ਨਾਰਾਜਗੀ ਵਜੋਂ ਇਸ ਲਈ ਦੇਖਿਆ ਜਾ ਰਿਹਾ ਹੈ ਕਿਉਂਕ ਪਾਕਿਸਤਾਨ ਚੀਨੀ ਨਾਗਰਿਕਾਂ ਦੀ ਰੱਖਿਆ ਕਰਨ ਵਿਚ ਅਸਮਰਥ ਰਿਹਾ

Map Shown By China TV Channel

ਚੀਨ, ( ਭਾਸ਼ਾ ) : ਚੀਨ ਦੇ ਇਕ ਸਰਕਾਰੀ ਟੀਵੀ ਚੈਨਲ 'ਤੇ ਦਿਖਾਏ ਗਏ ਨਕਸ਼ੇ ਵਿਚ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਏ ਜਾਣ ਨੂੰ ਚੀਨ ਦੀ ਪਾਕਿਸਤਾਨ ਪ੍ਰਤੀ ਨਾਰਾਜਗੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਭਾਵੇਂ ਚੀਨ ਨੇ ਪਾਕਿਸਤਾਨ ਵਿਚ ਬਹੁਤ ਨਿਵੇਸ਼ ਕੀਤਾ ਹੋਇਆ ਹੈ ਪਰ ਚੀਨ ਦਾ ਅਜਿਹਾ ਰੱਵਈਆ ਉਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਕਿ 10 ਦਸੰਬਰ ਨੂੰ ਭਾਰਤ ਅਤੇ ਚੀਨ ਦੇ ਜਵਾਨ ਸਾਂਝੇ ਤੌਰ 'ਤੇ ਮਿਲਟਰੀ ਅਭਿਆਸ ਕਰਨ ਜਾ ਰਹੇ ਹਨ। ਦੂਜੇ ਪਾਸੇ ਕਰਤਾਰਪੁਰ ਲਾਂਘੇ 'ਤੇ ਵੀ ਬਹਿਸ ਚਲ ਰਹੀ ਹੈ।

ਇਸ ਟੀਵੀ ਚੈਨਲ ਵੱਲੋਂ ਕਰਾਚੀ ਵਿਖੇ ਅਪਣੇ ਵਪਾਰਕ ਦੂਤਘਰ 'ਤੇ ਹੋਏ ਹਮਲੇ ਦੀ ਰੀਪੋਰਟਿੰਗ ਦੌਰਾਨ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦੇ ਹਿੱਸੇ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਇਸ ਨੂੰ ਚੀਨ ਦੀ ਪਾਕਿਸਤਾਨ ਪ੍ਰਤੀ ਨਾਰਾਜਗੀ ਵਜੋਂ ਇਸ ਲਈ ਦੇਖਿਆ ਜਾ ਰਿਹਾ ਹੈ ਕਿਉਂਕ ਪਾਕਿਸਤਾਨ ਚੀਨੀ ਨਾਗਰਿਕਾਂ ਦੀ ਰੱਖਿਆ ਕਰਨ ਵਿਚ ਅਸਮਰਥ ਰਿਹਾ। ਸੂਤਰਾਂ ਦਾ ਇਸ ਪ੍ਰਤੀ ਕਹਿਣਾ ਹੈ ਕਿ ਟੀਵੀ ਚੈਨਲ ਨੇ ਸਥਿਰ ਟੈਂਪਲੇਟ ਦੀ ਵਰਤੋਂ ਕੀਤੀ ਅਤੇ ਅਪਣੇ ਪ੍ਰੋਡਕਸ਼ਨ ਵਿਭਾਗ ਦੇ ਸਟਾਫ ਨੂੰ ਇਸ ਵਿਚ ਕੋਈ ਬਦਲਾਅ ਨਾ ਕਰਨ ਦੀ ਚਿਤਾਵਨੀ ਵੀ ਦਿਤੀ।

ਪਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰੋਡਕਸ਼ਨ ਸਟਾਫ ਵੱਲੋਂ ਟੈਂਪਲੇਟ ਦੀ ਵਰਤੋਂ ਉੱਚ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ। ਚੀਨੀ ਅਥਾਰਟੀ ਆਮ ਤੌਰ 'ਤੇ ਘਰੇਲੂ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਨੀਤੀਗਤ ਫੈਸਲੇ ਲੈਣ ਤੋਂ ਪਹਿਲਾਂ ਅਪਣੇ ਅਧਿਕਾਰਕ ਮੀਡੀਆਂ ਵਿਚ ਉਸ ਮੁੱਦੇ ਨੂੰ ਰੱਖਦੀ ਹੈ ਅਤੇ ਫਿਰ ਉਸ ਦੀ ਪ੍ਰਤਿਕਿਰਿਆ ਨੂੰ ਦੇਖਦੀ ਹੈ। ਹਾਲਾਂਕਿ ਇਸ ਸਬੰਧੀ ਜਾਣਕਾਰਾਂ ਦਾ ਮੰਨਣਾ ਹੈ ਕਿ

ਸਿਰਫ ਇਕ ਮਾਮਲੇ 'ਤੇ ਅਪਣਾ ਪੱਖ ਵੱਖ ਤੌਰ 'ਤੇ ਦਿਖਾਉਣ ਨੂੰ ਚੀਨ ਦੀ ਅਧਿਕਾਰਕ ਨੀਤੀ ਵਿਚ ਬਦਲਾਅ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ। ਕਿਉਂਕਿ ਚੀਨ ਦਾ ਪ੍ਰਿੰਟ ਮੀਡੀਆ ਨਕਸ਼ੇ 'ਤੇ ਆਧਾਰਿਤ ਮਸਲਿਆਂ ਨੂੰ ਲੈ ਕੇ ਹਮੇਸ਼ਾ ਸਪੱਸ਼ਟ ਰਿਹਾ ਹੈ। ਅਧਿਕਾਰਕ ਤੌਰ 'ਤੇ ਜਾਰੀ ਕੀਤੇ ਗਏ ਨਕਸ਼ੇ ਵਿਚ ਕਦੇ ਵੀ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ ਗਿਆ ਹੈ।