ਵੱਖ-ਵੱਖ ਦੇਸ਼ਾਂ ਦੇ ਰਾਸ਼ਟਰੀ ਮੀਡੀਆ ਤਕ ਵੀ ਪਹੁੰਚੀ ਕਿਸਾਨੀ ਸੰਘਰਸ਼ ਦੀ ਗੂੰਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੇ ਵੀ ਖੇਤੀ ਕਾਨੂੰਨਾਂ ਖਿਲਾਫ ਉਠਾਈ ਆਵਾਜ਼

Punjabi Community Protest

ਮੈਲਬੋਰਨ : ਇਤਿਹਾਸ ਗਵਾਹ ਹੈ ਜਦੋਂ ਵੀ ਲੋਕ ਲਾਮਬੰਦ ਹੋ ਕੇ ਆਪਣੇ ਹੱਕਾਂ ਲਈ ਲੜੇ ਤਾਂ ਉਹਨਾਂ ਦੇ ਸੰਘਰਸ਼ ਦੀ ਗੂੰਜ ਦੁਨੀਆ ਦੇ ਹਰ ਕੋਨੇ ਤਕ ਪਹੁੰਚਦੀ ਰਹੀ ਹੈ। ਇਸ ਸਮੇਂ ਵੀ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਚੁਫੇਰੇ ਚਰਚਾ ਹੈ। ਭਾਰਤ ਸਰਕਾਰ ਦੁਆਰਾ ਬਣਾਏ ਤਿੰਨ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਦੋ-ਢਾਈ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਆਪਣੇ ਹੱਕ ਨਾ ਮਿਲਦੇ ਦੇਖ ਪਿਛਲੇ ਦਿਨੀਂ ਉਨ੍ਹਾਂ ਵਲੋਂ ਸੰਘਰਸ਼ ਕਰਨ ਲਈ ਦਿੱਲੀ ਵੱਲ ਨੂੰ ਕੂਚ ਕੀਤੇ ਜਿੱਥੇ ਉਹ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਹਨ।

ਇਸੇ ਦੌਰਾਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਵਿਦੇਸ਼ਾਂ ਵਿਚ ਰਹਿੰਦਾ ਭਾਰਤੀ ਭਾਈਚਾਰਾ ਵੀ ਕਿਸਾਨਾਂ ਦੇ ਹੱਕ ਵਿਚ ਉਠ ਖੜ੍ਹਾ  ਹੋਇਆ ਹੈ। ਇਟਲੀ ਤੋਂ ਇਲਾਵਾ ਆਸਟੇਲੀਆ ਵਿਚ ਰਹਿੰਦਾ ਜ਼ਿਆਦਾਤਰ ਭਾਰਤੀ ਭਾਈਚਾਰਾ ਕਿਸਾਨਾਂ ਨਾਲ ਹੋ ਰਹੇ ਇਸ ਧੱਕੇ ਕਰ ਕੇ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ।

ਇਟਲੀ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਅਤੇ ਪਾਰਟੀਆਂ ਦੇ ਆਗੂ ਵੀ ਕਿਸਾਨਾਂ ਦੇ ਹੱਕਾਂ ਲਈ ਵੱਖੋ ਵੱਖਰੇ ਢੰਗ ਨਾਲ ਬਿਆਨ  ਦੇ ਰਹੇ ਹਨ। ਬੀਤੇ ਦਿਨੀਂ ਇਟਲੀ ਦੇ ਸ਼ਹਿਰ ਅਤੇ ਮਾਨਤੋਵਾ ਵਿਚ ਵੀ ਖੇਤੀ ਬਿੱਲਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਵਿਚ ਧਰਨਾ ਦਿਤਾ ਗਿਆ। ਇਸੇ ਤਰ੍ਹਾਂ ਆਸਟੇਲੀਆਂ ਦੇ ਸ਼ਹਿਰ ਮੈਲਬੌਰਨ ਵਿਖੇ ਵੀ ਵੱਡੀ ਗਿਣਤੀ ਵਿਚ ਇਕੱਠੇ ਹੋਏ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਹੱਥਾਂ ਵਿਚ ਨਾਅਰੇ ਲਿਖੀਆਂ ਤਖਤੀਆਂ ਫੜ ਕੇ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਦਿਆਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।

ਆਸਟੇਲੀਆ ਰਹਿੰਦੇ ਪੰਜਾਬੀ ਭਾਈਚਾਰੇ ਦੁਆਰਾ ਸੋਸ਼ਲ ਮੀਡੀਆ ਰਾਹੀਂ ਪੂਰੇ ਜ਼ੋਰਾਂ ਤੇ ਕਿਸਾਨਾਂ ਦੇ ਹੱਕਾਂ ਅਤੇ ਸੰਘਰਸ਼ ਦੀ ਗੱਲ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਵਿਦੇਸ਼ਾਂ ਦੇ ਅਖ਼ਬਾਰਾਂ ਦੁਆਰਾ ਵੀ ਇਸ ਕਿਸਾਨ ਸੰਘਰਸ਼ ਦੀ ਗੱਲ ਆਪਣੇ ਅਖ਼ਬਾਰ ਵਿੱਚ ਕੀਤੀ ਗਈ ਹੈ, ਜਿਸ ਵਿਚ ਭਾਰਤ ਦੇਸ਼ ਦੇ ਅੰਨਦਾਤੇ ਦੁਆਰਾ ਕਿਸ ਤਰ੍ਹਾਂ ਇਹ ਸੰਘਰਸ਼ ਚਲਾਇਆ ਜਾ ਰਿਹਾ ਹੈ ਦਾ ਜ਼ਿਕਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਵਿਸ਼ਵ ਦੇ ਦੂਜੇ ਦੇਸ਼ਾਂ ਅੰਦਰ ਵੀ ਪੰਜਾਬੀ ਭਾਈਚਾਰੇ ਵੱਲੋਂ ਕਿਸਾਨਾਂ ਦੇ ਹੱਕ ਵਿਚ ਵੱਡੇ ਪੱਧਰ 'ਤੇ ਆਵਾਜ਼ ਉਠਾਈ ਜਾ ਰਹੀ ਹੈ। ਵਿਦੇਸ਼ੀ ਅਖਬਾਰਾਂ, ਟੀਵੀ ਚੈਨਲਾਂ ਅਤੇ ਰੇਡੀਉ ਜ਼ਰੀਏ ਕਿਸਾਨੀ ਸੰਘਰਸ਼ ਸਬੰਧੀ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦੀ ਆਵਾਜ਼ ਵਿਸ਼ਵ ਪੱਧਰ ਤੱਕ ਪਹੁੰਚ ਰਹੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਕਿਸਾਨੀ ਸੰਘਰਸ਼ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿਤਾ ਜਾ ਰਿਹਾ ਹੈ।