ਬਾਈਡਨ ਨੇ ਸਾਕੀ ਨੂੰ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ ਕੀਤਾ ਨਿਯੁਕਤ, ਸੰਚਾਰ ਟੀਮ ਵਿਚਸਾਰੀਆਂ ਔਰਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਟੀਮ ਕੋਲ ਅਮਰੀਕੀ ਲੋਕਾਂ ਨੂੰ ਵ੍ਹਾਈਟ ਹਾਊਸ ਨਾਲ ਜੋੜਨ ਦੀ ਵੱਡੀ ਜ਼ਿੰਮੇਵਾਰੀ : ਬਾਈਡਨ

image

ਵਾਸ਼ਿੰਗਟਨ, 30 ਨਵੰਬਰ (ਸੁਰਿੰਦਰ ਗਿੱਲ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਨੇ ਵਿਦੇਸ਼ ਮੰਤਰਾਲੇ ਦੀ ਸਾਬਕਾ ਬੁਲਾਰੀ ਜੇਨ ਸਾਕੀ ਨੂੰ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਅਹੁਦੇ ਲਈ ਨਾਮਜ਼ਦ ਕੀਤਾ ਹੈ। ਬਾਈਡਨ ਦੇ ਪ੍ਰਸ਼ਾਸਨ ਦੀ ਸੰਚਾਰ ਟੀਮ ਵਿਚ ਸਾਰੀਆਂ ਔਰਤਾਂ ਹੋਣਗੀਆਂ। ਬਾਈਡਨ ਅਤੇ  ਨਵੀਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਅਭਿਆਨ ਦਲ ਦੀ ਉਪ ਪ੍ਰਬੰਧਕ ਅਤੇ ਸੰਚਾਰ ਨਿਰਦੇਸ਼ਕ ਕੇਟ ਬੇਡਿੰਗਫ਼ੀਲਡ ਨੂੰ ਵ੍ਹਾਈਟ ਹਾਊਸ ਸੰਚਾਰ ਨਿਰਦੇਸ਼ਕ, ਕੈਰੀਨ ਜੀਨ ਵਿਅਰੇ ਨੂੰ ਪ੍ਰਧਾਨ ਉਪ ਪ੍ਰੈਸ ਸਕੱਤਰ ਅਤੇ ਸਿਮੋਨ ਸੈਂਡਰਸ ਨੂੰ ਉਪ ਰਾਸ਼ਟਰਪਤੀ ਦੀ ਸੀਨੀਅਰ ਸਲਾਹਕਾਰ ਅਤੇ ਪ੍ਰਮੁਖ ਬੁਲਾਰੀ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।

image

ਇਤਿਹਾਸ ਵਿਚ ਪਹਿਲੀ ਵਾਰ ਸੰਚਾਰ ਦਲ ਵਿਚ ਸਾਰੀਆਂ ਔਰਤਾਂ ਹੋਣਗੀਆਂ।  ਬਾਈਡਨ ਨੇ ਕਿਹਾ ਕਿ ਅਮਰੀਕੀ ਲੋਕਾਂ ਨਾਲ ਸਿੱਧਾ ਅਤੇ ਸਚਾਈ ਨਾਲ ਸੰਵਾਦ ਕਰਨਾ ਇਕ ਰਾਸ਼ਟਰਪਤੀ ਦੇ ਸੱਭ ਤੋਂ ਮਹੱਤਵਪੂਰਨ ਕੰਮਾਂ ਵਿਚੋਂ ਇਕ ਹੈ ਅਤੇ ਇਸ ਟੀਮ ਨੂੰ ਅਮਰੀਕੀ ਲੋਕਾਂ ਨੂੰ ਵ੍ਹਾਈਟ ਹਾਊਸ ਨਾਲ ਜੋੜਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਕਿਹਾ,''ਮੈਨੂੰ ਅੱਜ ਇਹ ਐਲਾਨ ਕਰਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਮੇਰੇ ਪਹਿਲੇ ਵ੍ਹਾਈਟ ਹਾਊਸ ਸੀਨੀਅਰ ਸੰਚਾਰ ਦਲ ਵਿਚ ਸਾਰੀਆਂ ਔਰਤਾਂ ਹਨ। ਇਹ ਯੋਗ, ਤਜ਼ਰਬੇਕਾਰ, ਕੰਮ ਵਿਚ ਵਖਰੇਵਾਂ ਲਿਆਉਣ ਅਤੇ ਇਸ ਦੇਸ਼ ਨੂੰ ਬਿਹਤਰ ਬਨਾਉਣ ਲਈ ਪ੍ਰਤੀਬਧ ਹਨ।'' ਹੈਰਿਸ ਨੇ ਕਿਹਾ ਕਿ ਅਮਰੀਕਾ ਕੋਰੋਨਾ ਵਾਇਰਸ, ਆਰਥਕ ਸੰਕਟ, ਜਲਵਾਯੂ ਸੰਕਟ ਅਤੇ ਨਸਲੀ ਰੂਪ ਵਿਚ ਕਈ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ,''ਇਨ੍ਹਾਂ ਚੁਨੌਤੀਆਂ ਨਾਲ ਨਜਿੱਠਣ ਲਈ ਸਾਨੂੰ ਸਪੱਸ਼ਟ, ਸਚਾਈ ਨਾਲ ਅਤੇ ਪੂਰੀ ਪਾਰਦਰਸ਼ਤਾ ਨਾਲ ਅਮਰੀਕੀ ਲੋਕਾਂ ਨਾਲ ਸੰਵਾਦ ਸਥਾਪਤ ਕਰਨ ਦੀ ਜ਼ਰੂਰਤ ਹੈ ਅਤੇ ਤਜ਼ਰਬੇਕਾਰ, ਪ੍ਰਤੀਭਾਸ਼ਾਲੀ ਅਤੇ ਸਾਰੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਵਾਲਾ ਇਹ ਦਲ ਸਾਨੂੰ ਇਹ ਕਰਨ ਵਿਚ ਮਦਦ ਕਰੇਗਾ।'' (ਪੀਟੀਆਈ)


ਅਪਣੇ ਪਾਲਤੂ ਕੁੱਤੇ ਨਾਲ ਖੇਡਦਿਆਂ ਜ਼ਖ਼ਮੀ ਹੋਏ ਬਾਈਡਨ

image



ਵਾਸ਼ਿੰਗਟਨ, 30 ਨਵੰਬਰ : ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ. ਬਾਈਡਨ ਦੇ ਖੱਬੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਬਾਈਡਨ ਦਾ ਇਲਾਜ ਕਰ ਰਹੇ ਡਾ. ਕੇਵਿਨ ਓ ਕੋਨੌਰ ਨੇ ਕਿਹਾ,''ਐਕਸ ਰੇ  ਕਰਵਾਉਣ 'ਤੇ ਪਤਾ ਚਲਿਆ ਕਿ ਹੱਡੀ ਟੁੱਟੀ ਨਹੀਂ ਹੈ। ਉਨ੍ਹਾਂ ਦੀ ਇਕ ਹੋਰ ਜÂਚ ਕਰਵਾਈ ਜਾਵੇਗੀ।'' ਸਨਿਚਰਵਾਰ ਨੂੰ ਅਪਣੇ ਪਾਲਤੂ ਕੁੱਤੇ 'ਮੇਜਰ' ਨਾਲ ਖੇਡਦੇ ਸਮੇਂ ਬਾਈਡਨ ਦਾ ਪੈਰ ਤਿਲਕ ਗਿਆ ਸੀ ਅਤੇ ਉਨ੍ਹਾਂ ਦਾ ਗਿੱਟਾ ਮੁੜ ਗਿਆ ਸੀ। (ਪੀਟੀਆਈ)