ਪਾਕਿਸਤਾਨ: ਬਲੋਚਿਸਤਾਨ 'ਚ ਸੁਰੱਖਿਆ ਕਰਮਚਾਰੀਆਂ ਨੂੰ ਲਿਜਾ ਰਹੇ ਟਰੱਕ 'ਚ ਆਤਮਘਾਤੀ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਿੰਨ ਦੀ ਮੌਤ, 23 ਜ਼ਖਮੀ

photo

 

ਬਲੋਚਿਸਤਾਨ: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਅੱਜ ਸੁਰੱਖਿਆ ਕਰਮੀਆਂ ਨੂੰ ਲਿਜਾ ਰਹੇ ਇੱਕ ਟਰੱਕ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਧਮਾਕਾ ਕੀਤਾ ਗਿਆ। ਇਸ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 20 ਸੁਰੱਖਿਆ ਕਰਮਚਾਰੀਆਂ ਸਮੇਤ 23 ਜ਼ਖਮੀ ਹੋ ਗਏ।

ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਸੁਰੱਖਿਆ ਕਰਮੀਆਂ ਨੇ 10 ਸ਼ੱਕੀ ਅੱਤਵਾਦੀਆਂ ਨੂੰ ਮਾਰ  ਗਿਰਾਇਆ ਸੀ। ਬਲੋਚਿਸਤਾਨ ਵਿੱਚ ਪੋਲੀਓ ਟੀਕਾਕਰਨ ਮੁਹਿੰਮ ਵਿੱਚ ਲੱਗੇ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਅਧਿਕਾਰੀਆਂ ਨੂੰ ਇੱਕ ਟਰੱਕ ਵਿੱਚ ਲਿਜਾਇਆ ਜਾ ਰਿਹਾ ਸੀ।

ਕਵੇਟਾ ਦੇ ਬਲੀਲੀ ਇਲਾਕੇ 'ਚ ਪੁਲਿਸ ਦੀ ਗੱਡੀ 'ਤੇ ਆਤਮਘਾਤੀ ਹਮਲਾ ਹੋਇਆ। ਡੌਨ ਨੇ ਕਵੇਟਾ ਦੇ ਡੀਆਈਜੀ ਗੁਲਾਮ ਅਜ਼ਫਰ ਮਹੇਸਰ ਦੇ ਹਵਾਲੇ ਨਾਲ ਦੱਸਿਆ ਕਿ ਧਮਾਕੇ ਕਾਰਨ ਟਰੱਕ ਆਪਣਾ ਸੰਤੁਲਨ ਗੁਆ ​ਬੈਠਾ ਅਤੇ ਖੱਡ ਵਿੱਚ ਡਿੱਗ ਗਿਆ। ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੇਸਰ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਧਮਾਕੇ ਲਈ ਘੱਟੋ-ਘੱਟ 25 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ।