Taliban bans: ਅਫ਼ਗ਼ਾਨਿਸਤਾਨ ’ਚ ਹੁਣ ਖਿੜਕੀਆਂ ਤੋਂ ਵੀ ਨਹੀਂ ਝਾਂਕ ਸਕਣਗੀਆਂ ਔਰਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

Taliban bans: ਔਰਤਾਂ ਦੀ ਕੈਦ ’ਤੇ ਤਾਲਿਬਾਨ ਦਾ ਨਵਾਂ ਫ਼ੁਰਮਾਨ, ਬਿਨਾਂ ਖਿੜਕੀਆਂ ਦੇ ਬਣਾਉ ਘਰ  

Taliban's new decree on women's imprisonment, build houses without windows

 

Taliban bans: ਅਫ਼ਗ਼ਾਨਿਸਤਾਨ ’ਚ ਔਰਤਾਂ ਵਿਰੁਧ ਨਵਾਂ ਕਾਨੂੰਨ ਬਣਾਇਆ ਗਿਆ ਹੈ। ਇਸ ਅਨੁਸਾਰ ਨਵੇਂ ਬਣੇ ਘਰਾਂ ਵਿਚ ਖਿੜਕੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹ ਕਾਨੂੰਨ ਇਸ ਲਈ ਬਣਾਇਆ ਗਿਆ ਹੈ ਤਾਂਕਿ ਔਰਤਾਂ ਬਾਹਰ ਨਾ ਦੇਖ ਸਕਣ। ਤਾਲਿਬਾਨ ਸਰਕਾਰ ਦੇ ਸੁਪਰੀਮ ਲੀਡਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਔਰਤਾਂ ਦੀ ਝਲਕ ਮਿਲਣ ਨਾਲ ਅਸ਼ਲੀਲ ਹਰਕਤਾਂ ਹੋ ਸਕਦੀਆਂ ਹਨ।

ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਵੀ ਐਕਸ ’ਤੇ ਇਸ ਸਬੰਧ ਵਿਚ ਇਕ ਬਿਆਨ ਪੋਸਟ ਕੀਤਾ ਹੈ। ਇਸ ਵਿਚ ਉਨ੍ਹਾਂ ਕਿਹਾ ਕਿ ਨਵੀਆਂ ਇਮਾਰਤਾਂ ’ਚ ਅਜਿਹੀਆਂ ਖਿੜਕੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ ’ਚੋਂ ਵਿਹੜਾ, ਰਸੋਈ, ਗੁਆਂਢੀ ਦਾ ਖੂਹ ਜਾਂ ਔਰਤਾਂ ਦੁਆਰਾ ਵਰਤੀ ਜਾਣ ਵਾਲੀ ਜਗ੍ਹਾ ਦਿਖਾਈ ਦਿੰਦੀ ਹੋਵੇ।

ਜ਼ਬੀਹੁੱਲ੍ਹਾ ਮੁਜਾਹਿਦ ਨੇ ਲਿਖਿਆ ਹੈ ਕਿ ਔਰਤਾਂ ਨੂੰ ਰਸੋਈ ’ਚ ਕੰਮ ਕਰਦੇ ਦੇਖਣ, ਵਰਾਂਡੇ ’ਚ ਆਉਂਦੇ-ਜਾਂਦੇ ਜਾਂ ਖੂਹ ਤੋਂ ਪਾਣੀ ਲੈਂਦਿਆਂ ਦੇਖ ਕੇ ਅਸ਼ਲੀਲ ਹਰਕਤਾਂ ਹੋ ਸਕਦੀਆਂ ਹਨ। ਤਾਲਿਬਾਨ ਸਰਕਾਰ ਮੁਤਾਬਕ ਨਗਰ ਨਿਗਮ ਦੇ ਅਧਿਕਾਰੀ ਅਤੇ ਹੋਰ ਸਬੰਧਤ ਵਿਭਾਗ ਵੀ ਨਵੇਂ ਬਣੇ ਮਕਾਨਾਂ ’ਤੇ ਨਜ਼ਰ ਰੱਖਣਗੇ। ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇਨ੍ਹਾਂ ਘਰਾਂ ਵਿਚ ਗੁਆਂਢੀ ਦੇ ਘਰ ਵਲ ਕੋਈ ਵੀ ਖਿੜਕੀ ਖੁਲ੍ਹੀ ਨਹੀਂ ਹੋਣੀ ਚਾਹੀਦੀ।

ਜੇਕਰ ਕਿਸੇ ਘਰ ਵਿਚ ਪਹਿਲਾਂ ਹੀ ਗੁਆਂਢੀ ਦੇ ਘਰ ਵਲ ਖਿੜਕੀ ਖੁਲ੍ਹੀ ਹੈ ਤਾਂ ਉਸ ਨੂੰ ਇਸ ਦਾ ਪ੍ਰਬੰਧ ਕਰਨਾ ਹੋਵੇਗਾ। ਮਕਾਨ ਮਾਲਿਕ ਨੂੰ ਜਾਂ ਤਾਂ ਖਿੜਕੀ ਦੇ ਦੁਆਲੇ ਕੰਧ ਬਣਾਉਣੀ ਪਵੇਗੀ ਜਾਂ ਕੁਝ ਇੰਤਜ਼ਾਮ ਕਰਨੇ ਪੈਣਗੇ ਤਾਂ ਕਿ ਗੁਆਂਢੀ ਉਸ ਜਗ੍ਹਾ ਤੋਂ ਘਰ ਨੂੰ ਦੇਖ ਨਾ ਸਕਣ। ਤਾਲਿਬਾਨ ਸਰਕਾਰ ਅਜਿਹੇ ਪ੍ਰਬੰਧ ਕਰਨ ਵਿਚ ਲੱਗੀ ਹੋਈ ਹੈ ਕਿ ਨਾ ਤਾਂ ਬਾਹਰੋਂ ਕੋਈ ਉਨ੍ਹਾਂ ਨੂੰ ਦੇਖ ਸਕੇ ਅਤੇ ਨਾ ਹੀ ਕੋਈ ਬਾਹਰੀ ਵਿਅਕਤੀ ਨੂੰ ਉਹ ਦੇਖ ਸਕਣ।

ਜ਼ਿਕਰਯੋਗ ਹੈ ਕਿ ਅਗੱਸਤ 2021 ’ਚ ਸੱਤਾ ’ਚ ਆਉਣ ਤੋਂ ਬਾਅਦ ਤੋਂ ਹੀ ਤਾਲਿਬਾਨ ਸਰਕਾਰ ਔਰਤਾਂ ਦੇ ਅਧਿਕਾਰਾਂ ’ਤੇ ਪਾਬੰਦੀਆਂ ਲਗਾ ਰਹੀ ਹੈ। ਉਨ੍ਹਾਂ ਨੂੰ ਨੌਕਰੀ ਵੀ ਨਹੀਂ ਕਰਨ ਦਿਤੀ ਜਾਂਦੀ। ਸੰਯੁਕਤ ਰਾਸ਼ਟਰ ਨੇ ਵੀ ਔਰਤਾਂ ਪ੍ਰਤੀ ਤਾਲਿਬਾਨ ਦੀਆਂ ਨੀਤੀਆਂ ’ਤੇ ਨਾਖ਼ੁਸ਼ੀ ਪ੍ਰਗਟਾਈ ਹੈ। ਤਾਲਿਬਾਨ ਦੇ ਅਧਿਕਾਰੀਆਂ ਨੇ ਲੜਕੀਆਂ ਅਤੇ ਔਰਤਾਂ ਲਈ ਪ੍ਰਾਇਮਰੀ ਸਿਖਿਆ ’ਤੇ ਪਾਬੰਦੀ ਲਗਾ ਦਿਤੀ ਹੈ। ਉਨ੍ਹਾਂ ਨੂੰ ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਜਾਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਹਾਲ ਹੀ ਵਿਚ ਇੱਥੇ ਇਕ ਕਾਨੂੰਨ ਬਣਾਇਆ ਗਿਆ ਹੈ, ਜਿਸ ਦੇ ਅਨੁਸਾਰ ਔਰਤਾਂ ਨੂੰ ਜਨਤਕ ਤੌਰ ’ਤੇ ਕਵਿਤਾ ਗਾਉਣ ਜਾਂ ਪਾਠ ਕਰਨ ਦੀ ਮਨਾਹੀ ਹੈ।