ਹੁਵੈਈ ਦੀ ਸੀ.ਈ.ਓ ਦੇ ਸਪੁਰਦਗੀ ਮਾਮਲੇ 'ਤੇ ਸੁਣਵਾਈ ਮਾਰਚ ਤੱਕ ਮੁਲਤਵੀ
ਚੀਨ ਦੀ ਕੰਪਨੀ ਹੁਆਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ ਦੀ ਸਪੁਰਦਗੀ 'ਤੇ ਸੁਣਵਾਈ ਮਾਰਚ ਤੱਕ ਮੁਲਤਵੀ ਕਰ ਦਿਤੀ ਗਈ ਹੈ.......
ਵੈਨਕੂਵਰ : ਚੀਨ ਦੀ ਕੰਪਨੀ ਹੁਆਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ ਦੀ ਸਪੁਰਦਗੀ 'ਤੇ ਸੁਣਵਾਈ ਮਾਰਚ ਤੱਕ ਮੁਲਤਵੀ ਕਰ ਦਿਤੀ ਗਈ ਹੈ। ਅਮਰੀਕੀ ਪ੍ਰਸ਼ਾਸਨ ਨੇ ਚੀਨੀ ਟੈਲੀਕਾਮ ਕੰਪਨੀ ਹੁਆਵੇਈ 'ਤੇ ਵਪਾਰ ਸੰਬੰਧੀ ਖੁਫ਼ਿਆ ਜਾਣਕਾਰੀ ਚੋਰੀ ਕਰਨ ਅਤੇ ਈਰਾਨ 'ਤੇ ਅਮਰੀਕੀ ਪਾਬੰਦੀਆਂ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਹੈ। ਕੰਪਨੀ ਦੇ ਬਾਨੀ ਦੀ ਬੇਟੀ ਅਤੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ, ਹੁਆਵੇਈ ਕੰਪਨੀ ਅਤੇ ਦੋ ਸਾਥੀਆਂ 'ਤੇ ਅਮਰੀਕੀ ਪਾਬੰਦੀਆਂ ਦਾ ਉਲੰਘਣ ਕਰਨ ਦਾ ਦੋਸ਼ ਹੈ।
ਇਸ ਨਾਲ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਵਧ ਗਿਆ ਹੈ। ਵਾਸ਼ਿੰਗਟਨ ਦੀ ਬੇਨਤੀ 'ਤੇ ਮੇਂਗ ਵਾਨਝੋਊ ਨੂੰ 1 ਦਸੰਬਰ ਨੂੰ ਵੈਂਕੂਵਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ ਸੀ। ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਵਾਨਝੋਊ ਪਹਿਲੀ ਵਾਰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਹੋਈ, ਜਿਥੇ ਜੱਜ ਨੇ ਸਪੁਰਦਗੀ ਮਾਮਲੇ ਦੀ ਸੁਣਵਾਈ 6 ਮਾਰਚ ਤੱਕ ਲਈ ਟਾਲ ਦਿੱਤੀ ਹੈ।
ਕੈਨੇਡਾ ਦੇ ਨਵੇਂ ਅਟਾਰਨੀ ਆਫ ਜਨਰਲ ਡੇਵਿਡ ਲਾਮੇਟਿ ਨੇ ਕਿਹਾ ਕਿ ਸਪੁਰਦਗੀ ਮਾਮਲੇ 'ਚ ਕਈ ਮਹੀਨੇ ਜਾਂ ਕਈ ਸਾਲ ਲੱਗ ਸਕਦੇ ਹਨ। ਓਟਾਵਾ 'ਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਜੇਕਰ ਪ੍ਰਕਿਰਿਆ ਦੇ ਅੰਤ 'ਚ ਜੱਜ ਸੁਪਰਦਗੀ ਦਾ ਆਦੇਸ਼ ਦਿੰਦੇ ਹਨ ਤਾਂ ਆਖ਼ਰੀ ਫ਼ੈਸਲਾ ਅਟਾਰਨੀ ਜਨਰਲ ਦਾ ਹੋਵੇਗਾ।