ਵੱਧ ਸਕਦੀ ਹੈ ਤੂਫ਼ਾਨਾਂ ਦੇ ਆਉਣ ਦੀ ਦਰ
ਨਾਸਾ ਵਲੋਂ ਜਲਵਾਯੂ ਤਬਦੀਲੀ ਨਾਲ ਸਬੰਧਤ ਕੀਤੇ ਅਧਿਐਨ ਵਿਚ ਨਵੀਂ ਗੱਲ ਸਾਹਮਣੇ ਆਈ ਹੈ.........
ਵਾਸ਼ਿੰਗਟਨ : ਨਾਸਾ ਵਲੋਂ ਜਲਵਾਯੂ ਤਬਦੀਲੀ ਨਾਲ ਸਬੰਧਤ ਕੀਤੇ ਅਧਿਐਨ ਵਿਚ ਨਵੀਂ ਗੱਲ ਸਾਹਮਣੇ ਆਈ ਹੈ।ਅਧਿਐਨ ਮੁਤਾਬਕ ਜਲਵਾਯੂ ਤਬਦੀਲੀ ਕਾਰਨ ਊਸ਼ਣਕਟੀਬੰਧੀ ਮਹਾਸਾਗਰਾਂ ਦਾ ਤਾਪਮਾਨ ਵੱਧਣ ਨਾਲ ਦਹਾਕੇ ਦੇ ਆਖਿਰ ਵਿਚ ਭਿਆਨਕ ਮੀਂਹ ਨਾਲ ਤੂਫਾਨ ਆਉਣ ਦੀ ਦਰ ਵਧ ਸਕਦੀ ਹੈ। ਅਮਰੀਕਾ ਵਿਚ ਨਾਸਾ ਦੇ 'ਜੈੱਟ ਪ੍ਰੋਪਲਸ਼ਨ ਲੇਬੋਰਟਰੀਜ਼' (ਜੇ.ਪੀ.ਐੱਲ.) ਦੀ ਅਗਵਾਈ ਵਿਚ ਇਹ ਅਧਿਐਨ ਕੀਤਾ ਗਿਆ ।
ਇਸ ਵਿਚ ਔਸਤ ਸਮੁੰਦਰੀ ਸਤਹਿ ਦੇ ਤਾਪਮਾਨ ਅਤੇ ਗੰਭੀਰ ਤੂਫਾਨਾਂ ਦੀ ਸ਼ੁਰੂਆਤ ਵਿਚਕਾਰ ਸਬੰਧਾਂ ਨੂੰ ਨਿਰਧਾਰਤ ਕਰਨ ਲਈ ਊਸ਼ਣਕਟੀਬੰਧੀ ਮਹਾਸਾਗਰਾਂ ਉੱਪਰ ਪੁਲਾੜ ਏਜੰਸੀ ਦੇ ਵਾਤਾਵਰਣੀ ਇਨਫ਼ਰਾਰੇਡ ਸਾਊਂਡਰ (ਏ.ਆਈ.ਆਰ.ਐੱਸ.) ਦੇ ਉਪਕਰਨ ਜ਼ਰੀਏ 15 ਸਾਲਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ । ਅਧਿਐਨ ਵਿਚ ਪਾਇਆ ਗਿਆ ਕਿ ਸਮੁੰਦਰ ਦੀ ਸਤਹਿ ਦਾ ਤਾਪਮਾਨ ਲੱਗਭਗ 28 ਡਿਗਰੀ ਸੈਲਸੀਅਸ ਤੋਂ ਵੱਧ ਹੋਣ 'ਤੇ ਗੰਭੀਰ ਤੂਫ਼ਾਨ ਆਉਂਦੇ ਹਨ। 'ਜੀਓਫਿਜੀਕਲ ਰਿਸਰਚ ਲੈਟਰ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਵੀ ਪਾਇਆ ਗਿਆ
ਕਿ ਸਮੁੰਦਰ ਦੀ ਸਤਹਿ ਦੇ ਤਾਪਮਾਨ ਵਿਚ ਵਾਧੇ ਕਾਰਨ ਹਰੇਕ ਡਿਗਰੀ ਸੈਲਸੀਅਸ 'ਤੇ 21 ਫੀਸਦੀ ਵੱਧ ਤੂਫ਼ਾਨ ਆਉਂਦੇ ਹਨ । ਜੇ.ਪੀ.ਐੱਲ. ਦੇ ਹਾਰਟਮੁਟ ਓਮਨ ਨੇ ਕਿਹਾ,''ਇਹ ਆਮ ਸਮਝ ਦੀ ਗੱਲ ਹੈ ਕਿ ਗਰਮ ਵਾਤਾਵਰਣ ਵਿਚ ਗੰਭੀਰ ਤੂਫ਼ਾਨ ਵੱਧ ਜਾਂਦੇ ਹਨ । ਭਾਰੀ ਮੀਂਹ ਨਾਲ ਤੂਫ਼ਾਨ ਆਮ ਤੌਰ 'ਤੇ ਸਾਲ ਦੇ ਸਭ ਤੋਂ ਗਰਮ ਮੌਸਮ ਵਿਚ ਹੀ ਆਉਂਦੇ ਹਨ।'' (ਪੀਟੀਆਈ)