ਚੀਨ ਦੀ ਕਾਰਵਾਈ ਦੇ ਡਰੇ ਹਾਂਗਕਾਂਗ ਤੋਂ ਹਜਾਰਾਂ ਲੋਕ ਪਹੁੰਚੇ ਲੰਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਿ੍ਰਟੇਨ ਨੇ ਹਾਂਗਕਾਂਗ ਦੇ 50 ਲੱਖ ਲੋਕਾਂ ਲਈ ਵਿਸ਼ੇਸ਼ ਇਮੀਗ੍ਰੇਸ਼ਨ ਮਾਰਗ ਖੋਲ੍ਹੇਗਾ ਦਾ ਕੀਤਾ ਸੀ ਐਲਾਨ

hang kang

ਲੰਡਨ : ਚੀਨ ਵਲੋਂ ਪਿਛਲੇ ਸਾਲ ਗਰਮੀਆਂ ਵਿਚ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਮਗਰੋਂ ਹਾਂਗਕਾਂਗ ਤੋਂ ਹਜ਼ਾਰਾਂ ਲੋਕ ਅਪਣੇ ਘਰ ਛੱਡ ਕੇ ਬਿ੍ਰਟੇਨ ਪਹੁੰਚੇ ਹਨ। ਇਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਲੋਕਤੰਤਰ ਦੀ ਮੰਗ ਵਾਲੇ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਕਾਰਨ ਉਨ੍ਹਾਂ ਨੂੰ ਸਜ਼ਾ ਦਿਤੀ ਜਾ ਸਕਦੀ ਹੈ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜ਼ਿੰਦਗੀ ਜਿਉਣ ਦੇ ਢੰਗ  ਅਤੇ ਨਾਗਰਿਕਾਂ ਦੀ ਆਜ਼ਾਦੀ ’ਤੇ ਚੀਨ ਦਾ ਕਬਜ਼ਾ ਅਸਹਿਣਯੋਗ ਹੋ ਗਿਆ ਹੈ, ਇਸ ਲਈ ਉਹ ਅਪਣੇ ਬੱਚਿਆਂ ਦੇ ਚੰਗੇ ਭਵਿਖ ਖ਼ਾਤਰ ਵਿਦੇਸ਼ ਜਾ ਕੇ ਵਸਣ ਲਈ ਮਜਬੂਰ ਹਨ।

ਇਨ੍ਹਾਂ ਵਿਚੋਂ ਕਈ ਲੋਕ ਕਦੇ ਵਾਪਸ ਨਾ ਪਰਤਣ ਦਾ ਮਨ ਬਣਾ ਚੁਕੇ ਹਨ। ਹਾਂਗਕਾਂਗ ਵਿਚ ਕਾਰੋਬਾਰੀ ਅਤੇ ਦੋ ਬੱਚਿਆਂ ਦੀ ਮਾਂ ਸਿੰਡੀ ਨੇ ਕਿਹਾ ਕਿ ਉਹ ਹਾਂਗਕਾਂਗ ਵਿਚ ਆਰਾਮ ਨਾਲ ਰਹਿ ਰਹੀ ਸੀ ਅਤੇ ਉੱਥੇ ਉਸ ਦੀਆਂ ਅਤੇ ਉਸ ਦੇ ਪ੍ਰਵਾਰ ਦੀਆਂ ਕਈ ਜਾਇਦਾਦਾਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਚੰਗਾ ਚੱਲ ਰਿਹਾ ਸੀ ਪਰ ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਸੱਭ ਕੁੱਝ ਛੱਡ ਕੇ ਅਪਣੇ ਪ੍ਰਵਾਰ ਨਾਲ ਬਿ੍ਰਟੇਨ ਆਉਣ ਦਾ ਫ਼ੈਸਲਾ ਕੀਤਾ।

ਲੰਡਨ ਵਿਚ ਪਿਛਲੇ ਹਫ਼ਤੇ ਪਹੁੰਚੀ ਸਿੰਡੀ ਨੇ ਕਿਹਾ,‘‘ਜਿਹੜੀਆਂ ਚੀਜ਼ਾਂ ਸਾਡੇ ਲਈ ਮਹੱਤਵ ਰਖਦੀਆਂ ਹਨ, ਮਤਲਬ ਪ੍ਰਗਟਾਵੇ ਦੀ ਆਜ਼ਾਦੀ, ਨਿਰਪੱਖ ਚੋਣਾਂ, ਆਜ਼ਾਦੀ ਸੱਭ ਕੁਝ ਖੋਹ ਲਿਆ ਗਿਆ ਹੈ। ਇਹ ਹੁਣ ਉਹ ਹਾਂਗਕਾਂਗ ਨਹੀਂ ਹੈ ਜਿਸ ਨੂੰ ਅਸੀਂ ਜਾਣਦੇ ਸੀ।’’  ਵਾਂਗ ਦੀ ਤਰ੍ਹਾਂ ਹੀ ਲੰਡਨ ਪਹੁੰਚੇ 39 ਸਾਲਾ ਫੈਨ ਨੇ ਕਿਹਾ,‘‘ਮੈਨੂੰ ਲਗਦਾ ਹੈ ਕਿ ਜੇਕਰ ਤੁਹਾਨੂੰ ਪਤਾ ਹੈ ਕਿ ਕਦੋਂ ਮੂੰਹ ਬੰਦ ਕਰਨਾ ਹੈ ਤਾਂ ਤੁਹਾਨੂੰ ਹਾਂਗਕਾਂਗ ਵਿਚ ਮੁਸ਼ਕਲ ਨਹੀਂ ਹੋਵੇਗੀ ਪਰ ਮੈਂ ਇਹ ਨਹੀਂ ਕਰਨਾ ਚਾਹੁੰਦਾ।

ਮੈਂ ਇੱਥੇ ਕੁੱਝ ਵੀ ਕਹਿ ਸਕਦਾ ਹਾਂ।’’ ਬਿ੍ਰਟੇਨ ਨੇ ਜੁਲਾਈ ਵਿਚ ਐਲਾਨ ਕੀਤਾ ਸੀ ਕਿ ਉਹ ਹਾਂਗਕਾਂਗ ਦੇ 50 ਲੱਖ ਲੋਕਾਂ ਲਈ ਵਿਸ਼ੇਸ਼ ਇਮੀਗ੍ਰੇਸ਼ਨ ਮਾਰਗ ਖੋਲ੍ਹੇਗਾ ਤਾਂ ਜੋ ਉਹ ਬਿ੍ਰਟੇਨ ਵਿਚ ਰਹਿ ਸਕਣ, ਕੰਮ ਕਰ ਸਕਣ ਅਤੇ ਅਖੀਰ ਇਥੇ ਵਸੇਬਾ ਕਰ ਸਕਣ। ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਉਹ ਹੁਣ ਬੀ.ਐਨ.ਓ. ਪਾਸਪੋਰਟ ਨੂੰ ਕਾਨੂੰਨੀ ਯਾਤਰਾ ਦਸਤਾਵੇਜ਼ ਜਾਂ ਪਛਾਣ ਪੱਤਰ ਦੇ ਰੂਪ ਵਿਚ ਮਾਨਤਾ ਨਹੀਂ ਦੇਵੇਗਾ।