ਕੈਨੇਡਾ ’ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਨੇ ਘੇਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਿਹਾਇਸ਼
ਪਰਿਵਾਰ ਸਮੇਤ ਗਏ ਗੁਪਤ ਥਾਂ 'ਤੇ ਗਏ
ਟਰਾਂਟੋ : ਕੈਨੇਡਾ ਸਰਕਾਰ ਲਈ ਉਸ ਸਮੇਂ ਪ੍ਰੀਖਿਆ ਦੀ ਘੜੀ ਆ ਗਈ ਜਦੋਂ ਦੇਸ਼ ਅੰਦਰ ਇਕ ਤਰ੍ਹਾਂ ਦੀ ਬਗ਼ਾਵਤ ਖੜੀ ਹੋ ਗਈ। ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ 50 ਹਜ਼ਾਰ ਟਰੱਕ ਡਰਾਈਵਰਾਂ ਨੇ ਅਪਣੇ 20 ਹਜ਼ਾਰ ਟਰੱਕਾਂ ਸਮੇਤ ਚਾਰੋਂ ਪਾਸਿਉਂ ਘੇਰ ਲਿਆ। ਹਾਲਾਤ ਇਹ ਬਣ ਗਏ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪ੍ਰਵਾਰ ਨੂੰ ਕਿਸੇ ਗੁਪਤ ਥਾਂ ’ਤੇ ਲੁਕਣ ਲਈ ਭਜਣਾ ਪਿਆ ਹੈ। ਇਹ ਟਰੱਕ ਡਰਾਈਵਰ ਦੇਸ਼ ਵਿਚ ਲਾਜ਼ਮੀ ਕੋਰੋਨਾ ਵੈਕਸੀਨ ਅਤੇ ਕੋਰੋਨਾ ਤਾਲਾਬੰਦੀ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਟਰੱਕ ਡਰਾਈਵਰਾਂ ਨੇ ਅਪਣੇ 70 ਕਿਲੋਮੀਟਰ ਲੰਮੇ ਕਾਫ਼ਲੇ ਦਾ ਨਾਂ ‘ਆਜ਼ਾਦੀ ਕਾਫ਼ਲਾ’ ਰਖਿਆ ਹੈ।
ਓਟਾਵਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਟਰੱਕ ਡਰਾਈਵਰ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਵੈਕਸੀਨ ਨੂੰ ਲਾਜ਼ਮੀ ਬਣਾਉਣ ਦੇ ਵਿਰੋਧ ਵਿਚ ਇਕੱਠੇ ਹੋਏ। ਇਸ ਤੋਂ ਪਹਿਲਾਂ ਇਕ ਵਿਵਾਦਪੂਰਨ ਬਿਆਨ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਟਰੱਕ ਡਰਾਈਵਰਾਂ ਨੂੰ ‘ਗ਼ੈਰ-ਮਹੱਤਵਪੂਰਨ ਘੱਟ ਗਿਣਤੀ’ ਕਰਾਰ ਦਿਤਾ ਸੀ। ਇਸ ਕਾਰਨ ਵੀ ਟਰੱਕ ਵਾਲੇ ਭੜਕੇ ਹੋਏ ਹਨ। ਆਲਮ ਇਹ ਹੈ ਕਿ ਰਾਜਧਾਨੀ ਓਟਾਵਾ ਦੇ ਰਸਤੇ ’ਤੇ 70 ਕਿਲੋਮੀਟਰ ਤਕ ਸਿਰਫ਼ ਟਰੱਕ ਹੀ ਨਜ਼ਰ ਆ ਰਹੇ ਹਨ।
ਉਧਰ ਟਰੱਕ ਡਰਾਈਵਰਾਂ ਨੂੰ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਐਲਨ ਮਸਕ ਦਾ ਸਾਥ ਮਿਲ ਗਿਆ ਹੈ। ਮਸਕ ਨੇ ਟਵੀਟ ਕੀਤਾ, ‘ਕੈਨੇਡੀਅਨ ਟਰੱਕ ਡਰਾਈਵਰਾਂ ਦਾ ਰਾਜ’ ਅਤੇ ਹੁਣ ਇਸ ਅੰਦੋਲਨ ਦੀ ਗੂੰਜ ਅਮਰੀਕਾ ਵਿਚ ਦੇਖਣ ਨੂੰ ਮਿਲ ਰਹੀ ਹੈ।
ਇਹ ਟਰੱਕਾਂ ਵਾਲੇ ਕੈਨੇਡਾ ਦੇ ਝੰਡੇ ‘ਆਜ਼ਾਦੀ’ ਦੀ ਮੰਗ ਕਰਦੇ ਲਹਿਰਾ ਰਹੇ ਹਨ। ਉਹ ਪ੍ਰਧਾਨ ਮੰਤਰੀ ਟਰੂਡੋ ਵਿਰੁਧ ਨਾਹਰੇਬਾਜ਼ੀ ਕਰ ਰਹੇ ਹਨ। ਇਸ ਅੰਦੋਲਨ ਵਿਚ ਟਰੱਕ ਡਰਾਈਵਰ ਨਾਲ ਹਜ਼ਾਰਾਂ ਹੋਰ ਪ੍ਰਦਰਸ਼ਨਕਾਰੀਆਂ ਵੀ ਜੁੜ ਰਹੇ ਹਨ ਜੋ ਕੋਰੋਨਾ ਪਾਬੰਦੀਆਂ ਤੋਂ ਨਾਰਾਜ਼ ਹਨ। ਪ੍ਰਦਰਸ਼ਨਕਾਰੀਆਂ ਵਿਚ ਬੱਚੇ, ਬਜ਼ੁਰਗ ਅਤੇ ਅੰਗਹੀਣ ਸ਼ਾਮਲ ਸਨ। ਦਿ ਗਲੋਬ ਐਂਡ ਮੇਲ ਅਖ਼ਬਾਰ ਅਨੁਸਾਰ ਕੱੁਝ ਪ੍ਰਦਰਸ਼ਨਕਾਰੀਆਂ ਨੇ ਅਪਮਾਨਜਨਕ ਅਤੇ ਅਸ਼ਲੀਲ ਨਾਹਰੇ ਲਗਾਏ। ਇਨ੍ਹਾਂ ਵਿਚੋਂ ਸੱਭ ਤੋਂ ਵੱਧ ਨਿਸ਼ਾਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ।
ਸੜਕਾਂ ’ਤੇ ਹਜ਼ਾਰਾਂ ਵਿਸ਼ਾਲ ਟਰੱਕਾਂ ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦੇ ਰਹੀਆਂ ਹਨ ਅਤੇ ਡਰਾਈਵਰ ਲਗਾਤਾਰ ਹਾਰਨ ਵਜਾ ਕੇ ਸਰਕਾਰ ਵਿਰੁਧ ਰੋਸ ਪ੍ਰਗਟ ਕਰ ਰਹੇ ਹਨ। ਉਹ ਪਾਰਲੀਮੈਂਟ ਪਹੁੰਚ ਚੁਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਅਪਣੇ ਪ੍ਰਵਾਰ ਸਮੇਤ ਘਰੋਂ ਭੱਜ ਕੇ ਸੁਰੱਖਿਅਤ ਅਤੇ ਗੁਪਤ ਥਾਂ ’ਤੇ ਪਹੁੰਚ ਗਏ ਹਨ। ਟਰੂਡੋ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ’ਤੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਟਰੱਕ ਚਲਾਉਣ ਵਾਲੇ ਵਿਗਿਆਨ ਵਿਰੋਧੀ ਹਨ ਅਤੇ ਉਹ ਨਾ ਸਿਰਫ਼ ਅਪਣੇ ਲਈ ਸਗੋਂ ਹੋਰ ਕੈਨੇਡੀਅਨਾਂ ਲਈ ਵੀ ਖ਼ਤਰਾ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ’ਚ ਹੁਣ ਤਕ 82 ਫ਼ੀਸਦੀ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਮਿਲ ਚੁਕੀ ਹੈ।
ਵਧਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਹਿੰਸਾ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਿਸ ਹਾਈ ਅਲਰਟ ’ਤੇ ਹੈ। ਪੁਲਿਸ ਵਲੋਂ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸਨਿਚਰਵਾਰ ਨੂੰ ਕਰੀਬ 10,000 ਲੋਕ ਸੰਸਦ ਨੇੜੇ ਪਹੁੰਚੇ। ਫ਼ਿਲਹਾਲ ਸੰਸਦ ਕੰਪਲੈਕਸ ਵਿਚ ਕਿੰਨ ਪ੍ਰਦਰਸ਼ਨਕਾਰੀ ਮੌਜੂਦ ਹਨ ਇਸ ਦਾ ਠੀਕ ਅੰਕੜਾ ਪੁਲਿਸ ਕੋਲ ਨਹੀਂ ਹੈ। ਪੁਲਿਸ ਫ਼ਿਲਹਾਲ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੀ ਹੈ ਤੇ ਵੱਡੇ ਪੁਲਿਸ ਅਧਿਕਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।