ਬੁਲਡੋਜ਼ਰਾਂ ਸਮੇਤ ਚੀਨ 'ਚ ਦਾਖ਼ਲ ਹੋਏ ਸਨ 400 ਭਾਰਤੀ ਫ਼ੌਜੀ
ਚੀਨ ਨੇ ਡੋਕਲਾਮ ਵਿਵਾਦ 'ਤੇ 15 ਪੰਨਿਆਂ ਅਤੇ 2500 ਸ਼ਬਦਾਂ ਦਾ ਬਿਆਨ ਜਾਰੀ ਕੀਤਾ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਜੂਨ 'ਚ 400 ਭਾਰਤੀ ਫ਼ੌਜੀ ਉਸ ਦੇ ਇਲਾਕੇ 'ਚ ਸੜਕ ਬਣਾਉਣ
ਬੀਜਿੰਗ, 2 ਅਗੱਸਤ : ਚੀਨ ਨੇ ਡੋਕਲਾਮ ਵਿਵਾਦ 'ਤੇ 15 ਪੰਨਿਆਂ ਅਤੇ 2500 ਸ਼ਬਦਾਂ ਦਾ ਬਿਆਨ ਜਾਰੀ ਕੀਤਾ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਜੂਨ 'ਚ 400 ਭਾਰਤੀ ਫ਼ੌਜੀ ਉਸ ਦੇ ਇਲਾਕੇ 'ਚ ਸੜਕ ਬਣਾਉਣ ਦਾ ਕੰਮ ਰੋਕਣ ਲਈ ਦਾਖ਼ਲ ਹੋਏ ਸਨ। ਭਾਰਤੀ ਫ਼ੌਜੀਆਂ ਨੇ ਉਥੇ ਆਰਜ਼ੀ ਕੈਂਪ ਬਣਾਏ ਹੋਏ ਹਨ। ਚੀਨ ਦਾ ਦਾਅਵਾ ਹੈ ਕਿ ਹਾਲੇ ਵੀ 40 ਭਾਰਤੀ ਫ਼ੌਜੀ ਅਤੇ ਇਕ ਬੁਲਡੋਜ਼ਰ ਉਸ ਦੇ ਇਲਾਕੇ 'ਚ ਮੌਜੂਦ ਹਨ। ਚੀਨ ਨੇ ਕਿਹਾ ਕਿ ਭੂਟਾਨ ਦੇ ਬਹਾਨੇ ਭਾਰਤ ਸਾਡੀ ਸਰਹੱਦ 'ਚ ਦਖ਼ਲਅੰਦਾਜੀ ਦੇ ਰਿਹਾ ਹੈ। ਭਾਰਤ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਉਥੋਂ ਅਪਣੇ ਫ਼ੌਜੀ ਹਟਾ ਲੈਣੇ ਚਾਹੀਦੇ ਹਨ।
ਇਸ ਬਿਆਨ ਵਿਚ ਚੀਨ 'ਚ ਕਿਹਾ ਹੈ ਕਿ 16 ਜੂਨ 2017 ਨੂੰ ਚੀਨ ਨੇ ਡੋਂਗਲਾਂਗ ਇਲਾਕੇ 'ਚ ਸੜਕ ਬਣਾਉਣੀ ਸ਼ੁਰੂ ਕੀਤੀ ਸੀ। 18 ਜੂਨ ਨੂੰ 270 ਤੋਂ ਵੱਧ ਭਾਰਤੀ ਫ਼ੌਜੀ ਹਥਿਆਰ ਅਤੇ ਦੋ ਬੁਲਡੋਜ਼ਰ ਲੈ ਕੇ ਉਥੇ ਆ ਗਏ। ਉਨ੍ਹਾਂ ਨੇ ਸਿੱਕਮ ਸੈਕਟਰ 'ਚ ਡੋਕਾ ਲਾ ਦੱਰਾ ਤੋਂ ਸਰਹੱਦ ਪਾਰ ਕੀਤੀ ਸੀ। ਭਾਰਤੀ ਫ਼ੌਜੀ ਚੀਨ ਦੀ ਸਰਹੱਦ 'ਚ 100 ਮੀਟਰ ਅੰਦਰ ਤਕ ਦਾਖ਼ਲ ਹੋਏ ਅਤੇ ਸੜਕ ਬਣਾਉਣ ਦੇ ਕੰਮ 'ਚ ਰੁਕਾਵਟ ਪੈਦਾ ਕੀਤੀ। ਇਸੇ ਕਾਰਨ ਇਲਾਕੇ 'ਚ ਤਣਾਅ ਵਧਿਆ। ਭਾਰਤੀ ਜਵਾਨਾਂ ਨੇ ਬੁਲਡੋਜਰਾਂ ਨਾਲ ਘੁਸਪੈਠ ਕੀਤੀ। ਇਕ ਵਾਰ ਭਾਰਤੀ ਫ਼ੌਜੀਆਂ ਦੀ ਗਿਣਤੀ ਇਥੇ 400 ਤਕ ਹੋ ਗਈ। ਉਹ 180 ਮੀਟਰ ਅੰਦਰ ਤਕ ਆ ਗਏ ਅਤੇ ਤਿੰਨ ਟੈਂਟ ਲਗਾ ਦਿਤੇ। ਜੁਲਾਈ ਦੇ ਆਖ਼ਰ ਤਕ ਸਾਡੇ ਇਲਾਕੇ 'ਚ 40 ਤੋਂ ਵੱਧ ਭਾਰਤੀ ਫ਼ੌਜੀ ਅਤੇ ਇਕ ਬੁਲਡੋਜ਼ਰ ਗ਼ੈਰ-ਕਾਨੂੰਨੀ ਤਰੀਕੇ ਨਾਲ ਮੌਜਦ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਸ਼ੀ ਚਿਨਪਿੰਗ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੀਨ ਅਪਣੀ ਪ੍ਰਭੁਸੱਤਾ ਅਤੇ ਸੁਰੱਖਿਆ ਤੋਂ ਕਦੇ ਸਮਝੌਤਾ ਨਹੀਂ ਕਰੇਗਾ ਅਤੇ ਉਸ ਦੀ ਫ਼ੌਜ ਹਰ ਹਮਲੇ ਨੂੰ ਨਾਕਾਮ ਕਰਨ ਲਈ ਸਮਰੱਥ ਹੈ। ਜਿਨਪਿੰਗ ਨੇ 23 ਲੱਖ ਜਵਾਨਾਂ ਵਾਲੀ ਪੀਪਲਜ਼ ਲਿਬਰੇਸ਼ਨ ਆਰਮੀ ਦੀ 90ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਦੌਰਾਨ ਅਪਣੇ ਸੰਬੋਧਨ 'ਚ ਕਿਹਾ ਕਿ ਅਸੀਂ ਕਿਸੇ ਵਿਅਕਤੀ, ਸੰਗਠਨ ਜਾਂ ਰਾਜਨੀਤਕ ਪਾਰਟੀ ਨੂੰ ਚੀਨ ਦੇ ਕਿਸੇ ਵੀ ਹਿੱਸੇ ਨੂੰ ਦੇਸ਼ ਤੋਂ ਵੱਖ ਕਰਨ ਦੀ ਮਨਜੂਰੀ ਨਹੀਂ ਦਿਆਂਗੇ। (ਪੀਟੀਆਈ)