ਗਾਜਾ : ਇਜ਼ਰਾਇਲੀ ਫ਼ੌਜ ਦੇ ਹਮਲੇ 'ਚ 16 ਫ਼ਿਲਿਸਤੀਨੀਆਂ ਦੀ ਮੌਤ, 2000 ਤੋਂ ਜ਼ਿਆਦਾ ਜ਼ਖ਼ਮੀ
ਗਾਜਾ-ਇਜ਼ਰਾਈਲ ਸਰਹੱਦ 'ਤੇ ਅੱਜ ਹਜਾਰਾਂ ਫ਼ਿਲਿਸਤੀਨੀ ਨਾਗਰੀਕਾਂ ਨੇ ਪ੍ਰਦਸ਼ਨ ਕੀਤਾ। ਗ੍ਰੇਟ ਮਾਰਚ ਆਫ਼ ਰਿਟਰਨ ਕਹੇ ਜਾਣ ਵਾਲੇ 6 ਹਫ਼ਤਿਆਂ ਦੇ...
ਯੇਰੂਸ਼ਲਮ : ਗਾਜਾ-ਇਜ਼ਰਾਈਲ ਸਰਹੱਦ 'ਤੇ ਅੱਜ ਹਜਾਰਾਂ ਫ਼ਿਲਿਸਤੀਨੀ ਨਾਗਰੀਕਾਂ ਨੇ ਪ੍ਰਦਸ਼ਨ ਕੀਤਾ। ਗ੍ਰੇਟ ਮਾਰਚ ਆਫ਼ ਰਿਟਰਨ ਕਹੇ ਜਾਣ ਵਾਲੇ 6 ਹਫ਼ਤਿਆਂ ਦੇ ਵਿਰੋਧ ਪ੍ਰਦਰਸ਼ਨ ਦੇ ਪਹਿਲੇ ਦਿਨ ਹੀ ਇਜ਼ਰਾਈਲੀ ਫ਼ੌਜ ਨਾਲ ਝੜਪ ਵਿਚ ਕਰੀਬ 16 ਫ਼ਿਲਿਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਰੀਬ 2000 ਤੋਂ ਜ਼ਿਆਦਾ ਲੋਕ ਜ਼ਖ਼ਮੀ ਦਸੇ ਗਏ ਹਨ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਰਾਸਟਰ ਸੁਰੱਖਿਆ ਕੌਂਸਲ ਨੇ ਇਜ਼ਰਾਈਲ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਇਜ਼ਰਾਇਲੀ ਡਿਫੈਂਸ ਫੋਰਸ (ਆਈਡੀਐਫ਼) ਦੇ ਮੁਤਾਬਕ, ਜ਼ਮੀਨ ਦਿਵਸ ਦੇ ਦਿਨ ਕਰੀਬ 17 ਹਜਾਰ ਫ਼ਿਲਿਸਤੀਨੀ ਨਾਗਰਿਕ ਸਰਹੱਦ 'ਤੇ ਵੱਖ-ਵੱਖ ਪੰਜ ਥਾਵਾਂ 'ਤੇ ਇਕੱਠੇ ਹੋਏ। ਜ਼ਿਆਦਾਤਰ ਲੋਕ ਅਪਣੇ ਕੈਂਪਾਂ ਵਿਚ ਹੀ ਸਨ ਪਰ ਕੁੱਝ ਕੁ ਨੌਜਵਾਨ ਇਜਰਾਇਲੀ ਫੌਜ ਦੀ ਚਿਤਾਵਨੀ ਦੇ ਬਾਵਜੂਦ ਸੀਮਾ ਉੱਤੇ ਹੀ ਹੰਗਾਮਾ ਕਰਨ ਲਗ ਪਏ। ਉਨ੍ਹਾਂ ਨੇ ਸਰਹੱਦ 'ਤੇ ਪੈਟਰੋਲ ਬੰਬਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿਤਾ। ਜਿਸ ਦੇ ਬਾਅਦ ਆਈਡੀਐਫ਼ ਨੇ ਭੀੜ ਨੂੰ ਹਟਾਉਣ ਲਈ ਫ਼ਾਇਰਿੰਗ ਕਰ ਦਿਤੀ।
ਇਜ਼ਰਾਈਲ ਦੇ ਅਖ਼ਬਾਰ ਮੁਤਾਬਕ ਫ਼ੌਜ ਦੀ ਗੋਲੀਬਾਰੀ ਵਿਚ ਮਾਰੇ ਗਏ ਲੋਕ ਸਰਹੱਦ 'ਤੇ ਸਥਿਤ ਵਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫ਼ਿਲਿਸਤੀਨੀਆਂ ਦੀ ਭੀੜ ਨੂੰ ਵੇਖਦੇ ਹੋਏ ਇਜ਼ਰਾਈਲ ਨੇ ਟੈਂਕਾਂ ਅਤੇ ਸਨਾਇਪਰਸ ਦਾ ਵੀ ਸਹਾਰਾ ਲਿਆ। ਮੌਕੇ ਤੇ ਮੌਜ਼ੂਦ ਲੋਕਾਂ ਮੁਤਾਬਕ ਉਨ੍ਹਾਂ ਨੇ ਹੰਝੂ ਗੈਸ ਦੇ ਗੋਲੇ ਸੁਟਣ ਲਈ ਡਰੋਨ ਦੀ ਵਰਤੋ ਹੁੰਦੇ ਹੋਏ ਵੀ ਦੇਖਿਆ ।
ਕਿਉਂ ਹੋ ਰਿਹਾ ਟਕਰਾਅ ?
ਇਜ਼ਰਾਈਲ-ਗਾਜਾ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ ਲਈ ਫ਼ਿਲਿਸਤੀਨ ਵਲੋਂ 5 ਕੈਂਪ ਲਗਾਏ ਗਏ ਹਨ। ਇਨ੍ਹਾਂ ਨੂੰ ‘ਗਰੇਟ ਮਾਰਚ ਆਫ ਰਿਟਰਨ’ ਨਾਮ ਦਿਤਾ ਗਿਆ ਹੈ।ਵਿਰੋਧ ਪ੍ਰਦਰਸ਼ਨ 30 ਮਾਰਚ ਤੋਂ ਸ਼ੁਰੂ ਹੋਏ ਹਨ। ਇਸ ਦਿਨ ਫ਼ਿਲਿਸਤੀਨ ਜ਼ਮੀਨ ਦਿਵਸ ਮਨਾਉਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ 1976 ਵਿਚ ਫ਼ਿਲਿਸਤੀਨ ਉੱਤੇ ਇਜਰਾਇਲ ਦੇ ਕਬਜ਼ੇ ਦੇ ਵਿਰੁਧ ਪ੍ਰਦਰਸ਼ਨ ਕਰਨ ਵਾਲੇ 6 ਨਾਗਰਿਕਾਂ ਨੂੰ ਇਜ਼ਰਾਈਲੀ ਫ਼ੌਜ ਨੇ ਮਾਰ ਦਿਤਾ ਸੀ। ਇਹ ਵਿਰੋਧ ਪ੍ਰਦਰਸ਼ਨ 15 ਮਈ ਦੇ ਨੇੜੇ ਤੇੜੇ ਖ਼ਤਮ ਹੋਣਗੇ। ਇਸ ਦਿਨ ਨੂੰ ਫ਼ਿਲਿਸਤੀਨ ਵਿਚ ਨਕਬਾ(ਕਿਆਮਤ) ਦੇ ਤੌਰ 'ਤੇ ਮਨਾਇਆ ਜਾਂਦਾ ਹੈ। 1948 ਵਿਚ ਇਸ ਦਿਨ ਇਜਰਾਇਲ ਬਣਿਆ ਸੀ, ਜਿਸ ਦੇ ਚਲਦੇ ਹਜਾਰਾਂ ਫ਼ਿਲਿਸਤੀਨੀਆਂ ਨੂੰ ਅਪਣੇ ਘਰ ਛੱਡਣੇ ਪਏ ਸਨ।