ਕੈਨੇਡਾ ਦੇ ਅਲਬਰਟਾ ‘ਚ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਤੋਂ ਛੋਟ ਦੇਣ ਦਾ ਕੀਤਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਅਲਬਰਟਾ ‘ਚ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਤੋਂ ਛੋਟ ਦੇਣ ਦਾ ਕੀਤਾ ਐਲਾਨ 

motarcycle

ਜਿਥੇ ਸਿੱਖਾਂ ਨੂੰ ਆਪਣੇ ਹੀ ਦੇਸ਼ ਭਾਰਤ ਵਿਚ ਆਪਣੇ ਹੀ ਪਹਿਚਾਣ ਚਿਨ੍ਹ ਲਈ ਲੜਾਈ ਪੈਂਦੀ ਹੈ ਓਥੇ ਹੀ ਵਿਦੇਸ਼ਾਂ ‘ਚ ਵਿਦੇਸ਼ੀ ਸਰਕਾਰਾਂ ਸਿੱਖਾਂ ਦੇ ਕਕਾਰਾਂ ਅਤੇ ਪਹਿਚਾਣ ਚਿਨ੍ਹ ਨੂੰ ਹੋਲੀ ਹੋਲੀ ਆਪਣਾ ਰਹੇ ਹਨ ਅਤੇ ਓਹਨਾ ਨੂੰ ਬਣਦੀ ਮਾਨਤਾ ਵੀ ਦਿੱਤੀ ਜਾ ਰਹੀ ਹੈ।

ਸਿੱਖ ਕੌਮ ਅੱਜ ਦੁਨੀਆਂ ਦੇ ਲਗਭਗ ਹਰ ਇੱਕ ਕੋਨੇ ‘ਚ ਵਸਦੀ ਹੈ ਅਤੇ ਆਪਣੀ ਪਹਿਚਾਣ ਨੂੰ ਕਾਇਮ ਕਰਨ ਲਈ ਹੋਰ ਯਤਨ ਕਰ ਰਹੀ ਹੈ। ਇਥੋਂ ਤੱਕ ਕੇ ਕਈ ਵੱਡੇ ਦੇਸ਼ਾਂ ਦੀ ਸਰਕਾਰਾਂ ‘ਚ ਵੀ ਸਿੱਖ ਬੜੇ ਅਦਬ ਨਾਲ ਵਸੇ ਹੋਏ ਹਨ।

ਵਿਦੇਸ਼ਾਂ ‘ਚ ਬੰਦੇ ਮਾਣ ਸਤਿਕਾਰ ਦੀ ਇੱਕ ਹੋਰ ਉਦਾਹਰਣ ਅੱਜ ਸਾਹਮਣੇ ਆਈ ਹੈ। ਕੈਨੇਡਾ ਦੇ ਸੂਬੇ ਅਲਬਰਟਾ ਦੀ ਐਨ.ਡੀ.ਪੀ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ 18 ਸਾਲ ਤੋਂ ਵੱਧ ਉਮਰ ਦੇ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੇ ਟਰਾਂਸਪੋਰਟ ਮੰਤਰੀ ਬਰਾਇਨ ਮੈਸਨ ਨੇ ਐਲਾਨ ਕੀਤਾ ਕਿ ਇਹ ਛੋਟ 12 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੌਬਾ ਤੋਂ ਬਾਅਦ ਅਲਬਰਟਾ ਮੁਲਕ ਦਾ ਤੀਜਾ ਸੂਬਾ ਬਣ ਗਿਆ ਹੈ ਜਿੱਥੇ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਦੀ ਬਜਾਏ ਪੱਗ ਬੰਨ੍ਹਣ ਦੀ ਖੁੱਲ੍ਹ ਹੋਵੇਗੀ।

ਮੈਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਦੀ ਸ਼ਾਨ ਪੱਗ ਨੂੰ ਹੋਰ ਵੀ ਅਹਿਮੀਅਤ ਮਿਲੇਗੀ। ਫ਼ੈਸਲੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸਰਕਾਰ ਵੱਲੋਂ ਆਪਣੇ ਟਰੈਫਿਕ ਅਤੇ ਸੇਫਟੀ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ।

ਇਸ ਸਬੰਧੀ ਕਿਆਸਅਰਾਈਆਂ ਉਸ ਸਮੇਂ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਸਿੱਖ ਜਥੇਬੰਦੀਆਂ ਨੇ ਕੁਝ ਦਿਨ ਪਹਿਲਾਂ ਸੂਬੇ ਦੀ ਮੁੱਖ ਮੰਤਰੀ ਰਿਚਲੇ ਨੋਟਲੀ ਨਾਲ ਮੁਲਾਕਾਤ ਕੀਤੀ ਸੀ।