ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਸੁਸ਼ਮਾ ਸਵਰਾਜ ਨੇ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਕੀਤੀ ਗੱਲਬਾਤ

Sushma meet japanaese PM

ਟੋਕੀਉ, 30 ਮਾਰਚ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਆਬੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਅੱਜ ਸਵੇਰੇ ਮੁਲਾਕਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਬੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭਕਾਮਨਾਵਾਂ ਦਿਤੀਆਂ।'' ਕੁਮਾਰ ਦੇ ਟਵੀਟ ਸੰਦੇਸ਼ ਮੁਤਾਬਕ ਮੁਲਾਕਾਤ ਦੌਰਾਨ ਆਬੇ ਨੇ ਸਵਰਾਜ ਨੂੰ ਕਿਹਾ ਦੋਵਾਂ ਦੇਸ਼ਾਂ ਦੇ ਰਵਾਇਤੀ ਸਬੰਧਾਂ ਦੀ ਖ਼ਾਸੀਅਤ ਦਿਲ ਦਾ ਦਿਲ ਨਾਲ ਜੁੜਿਆ ਹੋਣਾ ਹੈ ਅਤੇ ਇਨ੍ਹਾਂ ਵਿਚ ਵਾਧੇ ਦੀਆਂ ਕਈ ਸੰਭਾਵਨਾਵਾਂ ਹਨ। ਸੁਸ਼ਮਾ ਸਵਰਾਜ 3 ਦਿਨੀਂ ਦੌਰੇ 'ਤੇ ਜਾਪਾਨ ਆਏ ਹੋਏ ਹਨ।

ਸਵਰਾਜ ਵਿਦੇਸ਼ ਮੰਤਰੀ ਦੇ ਤੌਰ 'ਤੇ ਜਾਪਾਨ ਦਾ ਪਹਿਲਾ ਦੌਰਾ ਕਰ ਰਹੀ ਹੈ। ਉਹ ਭਾਰਤ-ਜਾਪਾਨ ਰਣਨੀਤਕ ਵਾਰਤਾ ਦੇ ਨੌਵੇਂ ਚੱਕਰ ਵਿਚ ਭਾਗ ਲੈਣ ਲਈ ਬੁਧਵਾਰ ਨੂੰ ਇਥੇ ਪਹੁੰਚੀ ਸੀ। ਉਨ੍ਹਾਂ ਬੀਤੇ ਦਿਨੀਂ ਜਾਪਾਨੀ ਵਿਦੇਸ਼ ਮੰਤਰੀ ਤਾਰੋ ਕਾਨੋ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਦੀ ਸਮੀਖਿਆ ਕੀਤੀ। ਸੁਸ਼ਮਾ ਸਵਰਾਜ ਨੇ ਅਪਣੇ ਦੌਰੇ ਨੂੰ ਬਹੁਤ ਉਤਪਾਦਕ ਦਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਨੇ ਇਸ ਸਾਲ ਅਗਲੇ ਦੋ-ਪੱਖੀ ਸਾਲਾਨਾ ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਗੀਦਾਰੀ ਲਈ ਉਨ੍ਹਾਂ ਦੀ ਯਾਤਰਾ ਦਾ ਮਜ਼ਬੂਤ ਆਧਾਰ ਤਿਆਰ ਕੀਤਾ ਹੈ।  ਆਬੇ ਨਾਲ ਮੁਲਾਕਾਤ ਦੇ ਕੁੱਝ ਘੰਟੇ ਬਾਅਦ ਸਵਰਾਜ ਅਪਣੀ ਯਾਤਰਾ ਖ਼ਤਮ ਕਰ ਕੇ ਜਾਪਾਨ ਤੋਂ ਵਾਪਸ ਰਵਾਨਾ ਹੋ ਗਈ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਕਲ ਸੱਤਾਧਾਰੀ ਲਿਬਰਡ ਡੈਮੋਕ੍ਰੇਟਿਕ ਪਾਰਟੀ ਦੇ ਨੀਤੀ ਖੋਜ ਪ੍ਰੀਸ਼ਦ ਦੇ ਚੇਅਰਮੈਨ ਅਤੇ ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਟੋਕੀਉ ਵਿਚ ਵਿਵੇਕਾਨੰਦ ਸਭਿਆਚਾਰਕ ਕੇਂਦਰ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਵੀ ਕੀਤਾ।          (ਪੀ.ਟੀ.ਆਈ)