ਏਅਰ ਇੰਡੀਆ ਦੇ ਪਾਇਲਟ ਦੀ ਸਾਊਦੀ ਅਰਬ ਦੇ ਹੋਟਲ 'ਚ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚਾਲਕ ਦਲ ਦੇ ਸੂਤਰਾਂ ਦੇ ਮੁਤਾਬਕ ਰਿਤਵਿਕ ਤਿਵਾਰੀ (27) ਦੀ ਹੋਟਲ ਦੇ ਜਿਮ 'ਚ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ

Air India

ਰਿਆਦ/ਨਵੀਂ ਦਿੱਲੀ— ਬੁੱਧਵਾਰ ਸਵੇਰੇ ਸਾਊਦੀ ਅਰਬ 'ਚ ਰਿਆਦ ਦੇ ਇਕ ਹੋਟਲ 'ਚ ਏਅਰ ਇੰਡੀਆ ਦੇ ਇਕ ਪਾਇਲਟ ਦੀ ਲਾਸ਼ ਮਿਲੀ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਚਾਲਕ ਦਲ ਦੇ ਸੂਤਰਾਂ ਦੇ ਮੁਤਾਬਕ ਰਿਤਵਿਕ ਤਿਵਾਰੀ (27) ਦੀ ਹੋਟਲ ਦੇ ਜਿਮ 'ਚ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਹੋਟਲ ਹੋਲੀਡੇ ਇਨ ਦੇ ਹੈਲਥ ਕਲੱਬ ਦੇ ਅੰਦਰ ਇਕ ਪਖਾਨੇ ਦਾ ਦਰਵਾਜ਼ਾ ਤੋੜਿਆ ਤੇ ਇਸ ਤੋਂ ਬਾਅਦ ਤਿਵਾਰੀ ਦੀ ਸਹਿ-ਕਰਮਚਾਰੀ ਕੈਪਟਨ ਰੇਨੂ ਮਾਓਲੇ ਨੇ ਉਨ੍ਹਾਂ ਦੀ ਪਛਾਣ ਕੀਤੀ।


ਰਿਆਦ 'ਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਪਾਇਲਟ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕਾਊਂਸਲਰ (ਕਮਿਊਨਿਟੀ ਵੈਲਫੇਅਰ) ਅਨਿਲ ਨੌਟਿਆਲ ਨੇ ਫੋਨ 'ਤੇ ਏਜੰਸੀ ਨੂੰ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਹੋਟਲ ਦੇ ਜਿਮ ਦੇ ਵਾਸ਼ਰੂਮ 'ਚ ਡਿੱਗ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿਤਾ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੀ ਰਿਪੋਰਟ ਦਾ ਅਧਿਐਨ ਕੀਤਾ ਜਾਣਾ ਅਜੇ ਬਾਕੀ ਹੈ ਪਰ ਇਹ ਹਾਰਟ ਅਟੈਕ ਦਾ ਮਾਮਲਾ ਲੱਗ ਰਿਹਾ ਹੈ। ਨੌਟਿਆਲ ਨੇ ਕਿਹਾ ਕਿ ਅਸੀਂ ਪਰਿਵਾਰ ਨਾਲ ਸੰਪਰਕ 'ਚ ਹਾਂ ਪਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜੇ ਜਾਣ ਲਈ ਬਹੁਤ ਸਾਰੀਆਂ ਫਾਰਮੇਲਿਟੀਜ਼ ਪੂਰੀਆਂ ਕਰਨੀਆਂ ਜ਼ਰੂਰੀ ਹਨ।
ਇਸੇ ਦੌਰਾਨ ਏਅਰ ਇੰਡੀਆ ਦੇ ਇਕ ਬੁਲਾਰੇ ਨੇ ਨਵੀਂ ਦਿੱਲੀ 'ਚ ਕਿਹਾ ਕਿ ਏਅਰ ਇੰਡੀਆ ਦੇ ਮੈਨੇਜਰ ਰਿਆਦ 'ਚ ਮਾਮਲੇ ਨੂੰ ਦੇਖ ਰਹੇ ਹਨ ਤੇ ਉਹ ਭਾਰਤ 'ਚ ਉਨ੍ਹਾਂ ਦੀ ਦੇਹ ਨੂੰ ਲਿਆਂਦੇ ਜਾਣ ਤੋਂ ਪਹਿਲਾਂ ਦੂਤਘਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ। (ਏਜੰਸੀ)