ਬ੍ਰਿਟੇਨ ਵਿਚ ਭਾਰਤੀ ਪ੍ਰਵਾਸੀਆਂ ਨੇ ਕੰਮ ਦੇ ਅਧਿਕਾਰ ਨੂੰ ਬਹਾਲ ਕਰਣ ਦੀ ਕੀਤੀ ਮੰਗ
ਇਨ੍ਹਾਂ ਹੁਨਰਮੰਦ ਪੇਸ਼ੇਵਰਾਂ 'ਚ ਡਾਕਟਰ, ਵਕੀਲ, ਇੰਜੀਨੀਅਰ ਤੇ ਉਦਯੋਗਪਤੀ ਸ਼ਾਮਲ ਹਨ
ਲੰਡਨ: ਭਾਰਤ ਦੇ ਸੈਂਕੜੇ ਹੁਨਰਮੰਦ ਪੇਸ਼ੇਵਰਾਂ ਨੇ ਉਨ੍ਹਾਂ ਦੀਆਂ ਲਟਕੀਆਂ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਪੂਰੀ ਹੋਣ ਤਕ ਉਨ੍ਹਾਂ ਦੇ ਕੰਮ ਦੇ ਅਧਿਕਾਰ 'ਤੇ ਹੋਰ ਸੁਵਿਧਾਵਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਬ੍ਰਿਟੇਨ ਦੇ ਗ੍ਰਹਿ ਦਫਤਰ ਨੇ ਇਸ ਮਹੀਨੇ ਐਲਾਨ ਕੀਤਾ ਸੀ ਕਿ ਉਹ ਟੈਕਸ ਰਿਟਰਨ 'ਚ ਮਾਮੂਲੀ ਤੇ ਕਾਨੂੰਨੀ ਰੂਪ ਤੋਂ ਸਵੀਕਾਰਯੋਗ ਭੁੱਲ ਲਈ ਯੂਰੋਪੀ ਸੰਘ ਤੋਂ ਬਾਹਰ ਦੇ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਵੱਖ-ਵੱਖ ਸੁਵਿਧਾਵਾਂ ਤੋਂ ਵਾਂਝਾ ਕੀਤੇ ਜਾਣ ਦੇ ਫੈਸਲੇ ਦੀ ਸਮੀਖਿਆ ਕਰੇਗਾ। ਇਨ੍ਹਾਂ ਹੁਨਰਮੰਦ ਪੇਸ਼ੇਵਰਾਂ 'ਚ ਡਾਕਟਰ, ਵਕੀਲ, ਇੰਜੀਨੀਅਰ ਤੇ ਉਦਯੋਗਪਤੀ ਸ਼ਾਮਲ ਹਨ। "ਹਾਈਲੀ ਸਕਿਲਡ ਮਾਈਗ੍ਰੇਂਟਸ ਸੰਗਠਨ" ਦੀ ਕੋਆਰਡੀਨੇਟਰ ਅਦਿਤੀ ਭਾਰਦਵਾਜ ਨੇ ਕਿਹਾ, ''ਅਸੀਂ ਗ੍ਰਹਿ ਮੰਤਰੀ ਤੋਂ ਸਮੀਖਿਆ ਦਾ ਨਤੀਜਾ ਆਉਣ ਤਕ ਸੰਕਟ ਤੋਂ ਪ੍ਰਭਾਵਿਤ ਬਿਨੈਕਰਾਂ ਦੇ ਕੰਮ ਕਰਨ ਦੇ ਅਧਿਕਾਰ ਤੇ ਸਿਹਤ ਸੁਵਿਧਾਵਾਂ ਨੂੰ ਹਾਸਲ ਕਰਨ ਦੇ ਅਧਿਕਾਰ ਨੂੰ ਬਹਾਲ ਕਰਨ ਦੀ ਅਪੀਲ ਕਰਦੇ ਹਾਂ। ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਮੁੱਦੇ 'ਤੇ ਤੁਰੰਤ ਧਿਆਨ ਦਿਤੇ ਜਾਣ ਦੀ ਲੋੜ ਹੈ।'' (ਏਜੰਸੀ)