ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਅਮਰੀਕਾ ਦੇ ਰਿਸ਼ਤੇ ਖ਼ਤਮ ਕਰਨ ਦਾ ਐਲਾਨ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨਾਲ ਸਾਰੇ ਰਿਸ਼ਤੇ ਖ਼ਤਮ ਕਰਨ ਦਾ ਐਲਨ ਕਰ ਦਿਤਾ ਹੈ।

Donald Trump

ਵਾਸ਼ਿੰਗਟਨ, 30 ਮਈ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨਾਲ ਸਾਰੇ ਰਿਸ਼ਤੇ ਖ਼ਤਮ ਕਰਨ ਦਾ ਐਲਨ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਡਬਲਿਊ.ਐਚ.ਓ. ਉਨ੍ਹਾਂ ਸੁਧਾਰਾਂ ਨੂੰ ਅੱਗੇ ਨਹੀਂ ਵਧਾ ਸਕਿਆ ਜਿਨ੍ਹਾਂ ਦੀ ਬੇਹੱਦ ਜ਼ਰੂਰਤ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਚੀਨ ਤੋਂ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਤਾਂ ਡਬਲਿਊ.ਐਚ.ਓ. ਨੇ ਦੁਨੀਆਂ ਨੂੰ ਇਸ ਬਾਰੇ ਗੁਮਰਾਹ ਕੀਤਾ। ਟਰੰਪ ਨੇ ਦੋਸ਼  ਲਾਇਆ ਕਿ ਡਬਲਿਊ.ਐਚ.ਓ. ਕੋਰੋਨਾ ਵਾਇਰਸ ਮਹਾਂਮਾਰੀ ਦੀ ਜ਼ਿੰਮੇਵਾਰੀ ਚੀਨ ’ਤੇ ਪਾਉਣ ’ਚ ਵੀ ਅਸਫ਼ਲ ਰਿਹਾ।

ਟਰੰਪ ਨੇ ਚੀਨ ਨੂੰ ਸਜ਼ਾ ਦੇਣ ਦੇ ਕਦਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਡਬਲਿਊ.ਐਚ.ਓ. ’ਤੇ ਚੀਨ ਦਾ ਪੂਰਾ ਕਾਬੂ ਹੈ। ਉਨ੍ਹਾਂ ਕਿਹਾ, ‘‘ਅਸੀਂ ਡਬਲਿਊ.ਐਚ.ਓ. ਨੂੰ ਦਿਤੇ ਜਾਣ ਵਾਲੇ ਪੈਸੇ ਨੂੰ ਹੋਰ ਕੌਮਾਂਤਰੀ ਅਤੇ ਜ਼ਿੰਮੇਵਾਰੀ ਜਥੇਬੰਦੀਆਂ ਨੂੰ ਵੰਡਾਂਗੇ।’’ ਟਰੰਪ ਨੇ ਅੱਗੇ ਕਿਹਾ ਕਿ ਦੁਨੀਆਂ ਚੀਨ ਤੋਂ ਜਵਾਬ ਚਾਹੁੰਦੀ ਹੈ ਤੇ ਇਸ ਮਾਮਲੇ ’ਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ।     (ਪੀਟੀਆਈ)