ਬ੍ਰਹਮਪੁੱਤਰ ਵਿਚ ਚੀਨ ਛੱਡ ਸਕਦਾ ਹੈ ਪਾਣੀ, ਅਸਮ 'ਚ ਹਾਈ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰਹੱਦੀ ਅਤੇ ਫੌਜੀ ਪੱਧਰ ਉੱਤੇ ਭਾਰਤ ਦੀਆਂ ਚਿੰਤਾਵਾਂ ਵਧਾਉਣ ਵਾਲਾ ਚੀਨ ਹੁਣ ਪਾਣੀ ਦੇ ਜ਼ਰੀਏ ਦੇਸ਼ ਨੂੰ ਮੁਸ਼ਕਲ ਵਿਚ ਪਾ ਸਕਦਾ ਹੈ

Arunachal, Assam On Flood Alert After China Releases Water In Brahmaputra

ਨਵੀਂ ਦਿੱਲੀ, ਸਰਹੱਦੀ ਅਤੇ ਫੌਜੀ ਪੱਧਰ ਉੱਤੇ ਭਾਰਤ ਦੀਆਂ ਚਿੰਤਾਵਾਂ ਵਧਾਉਣ ਵਾਲਾ ਚੀਨ ਹੁਣ ਪਾਣੀ ਦੇ ਜ਼ਰੀਏ ਦੇਸ਼ ਨੂੰ ਮੁਸ਼ਕਲ ਵਿਚ ਪਾ ਸਕਦਾ ਹੈ। ਚੀਨ ਨੇ ਇੱਕ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਕਾਫ਼ੀ ਮੀਂਹ ਪੈ ਰਿਹਾ ਹੈ, ਇਸ ਲਈ ਉਹ ਛੇਤੀ ਹੀ ਬ੍ਰਹਮਪੁੱਤਰ ਨਦੀ ਵਿਚ ਪਾਣੀ ਛੱਡ ਸਕਦੇ ਹਨ। ਚੀਨ ਦੀ ਇਸ ਚਿਤਾਵਨੀ ਨੂੰ ਦੇਖਦੇ ਹੋਏ ਅਸਮ ਵਿਚ ਡਿਬਰੂਗੜ੍ਹ ਦੇ ਅਫਸਰਾਂ ਨੂੰ ਜ਼ਿਲ੍ਹਾ ਮੁਖ ਦਫਤਰ ਨਾ ਛੱਡਣ ਦੀ ਹਿਦਾਇਤ ਦਿੱਤੀ ਹੈ। ਅਫਸਰਾਂ ਨੂੰ ਕਿਹਾ ਗਿਆ ਹੈ ਕਿ ਚੀਨ ਵੱਲੋਂ ਪਾਣੀ ਛੱਡੇ ਜਾਣ 'ਤੇ ਬ੍ਰਹਮਪੁੱਤਰ ਨਦੀ ਵਿਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਜਿਸ ਦੇ ਨਾਲ ਭਿਆਨਕ ਹੜ੍ਹ ਆ ਸਕਦਾ ਹੈ।

ਅਰੁਣਾਚਲ ਪ੍ਰਦੇਸ਼ ਦੇ ਸੰਸਦ ਨਿਨੋਂਗ ਏਰਿੰਗ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਨੇ ਸਿਆਂਗ/ਬ੍ਰਹਮਪੁੱਤਰ ਨਦੀ ਲਈ ਭਾਰਤ ਨੂੰ ਹੜ੍ਹ ਦਾ ਅਲਰਟ ਜਾਰੀ ਕੀਤਾ ਹੈ। ਚੀਨ ਦੇ ਇਸ ਅਲਰਟ ਤੋਂ ਬਾਅਦ ਕੇਂਦਰ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਨੂੰ ਵੀ ਸੁਚੇਤ ਕਰ ਦਿੱਤਾ ਹੈ। ਬ੍ਰਹਮਪੁੱਤਰ ਨਦੀ ਚੀਨ ਤੋਂ ਹੁੰਦੀ ਹੋਈ ਆਉਂਦੀ ਹੈ, ਚੀਨ ਵਿਚ ਇਸ ਨੂੰ ਸਾਂਗਪੋ  ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਦੀ ਵਿਚ ਪਾਣੀ ਦਾ ਪੱਧਰ 50 ਸਾਲ ਦੇ ਵਿਚ ਸਭ ਤੋਂ ਜ਼ਿਆਦਾ ਪੱਧਰ 'ਤੇ ਹੈ। ਇਹੀ ਕਾਰਨ ਹੈ ਕਿ ਚੀਨ ਬ੍ਰਹਮਪੁੱਤਰ ਵਿਚ ਪਾਣੀ ਛੱਡ ਸਕਦਾ ਹੈ।

ਅਲਰਟ ਤੋਂ ਬਾਅਦ ਬ੍ਰਹਮਪੁੱਤਰ ਨਦੀ ਦੇ ਨੇੜੇਤੇੜੇ ਦੇ ਖੇਤਰਾਂ ਨੂੰ ਅਲਰਟ 'ਤੇ ਰਹਿਣ ਨੂੰ ਕਿਹਾ ਗਿਆ ਹੈ। ਧਿਆਨਦੇਣ ਯੋਗ ਹੈ ਕਿ ਹਾਲ ਹੀ ਵਿਚ ਭਾਰਤ ਦੇ ਜਲ ਸਰੋਤ, ਨਹਿਰੀ ਵਿਕਾਸ ਅਤੇ ਗੰਗਾ ਪੁਨਰਜੀਵਨ ਮੰਤਰਾਲਾ ਅਤੇ ਚੀਨ ਦੇ ਜਲ ਸਰੋਤ ਮੰਤਰਾਲਾ ਦੇ ਵਿਚਕਾਰ ਹੋਏ ਸਮਝੌਤੇ  ਦੇ ਤਹਿਤ ਇਹ ਤੈਅ ਹੋਇਆ ਸੀ ਕਿ ਚੀਨ ਹਰ ਸਾਲ ਹੜ੍ਹ ਦੇ ਮੌਸਮ ਯਾਨੀ 15 ਮਈ ਤੋਂ 15 ਅਕਤੂਬਰ ਦੇ ਵਿਚ ਬ੍ਰਹਮਪੁੱਤਰ ਨਦੀ ਵਿਚ ਜਲ - ਪ੍ਰਵਾਹ ਨਾਲ ਜੁੜੀਆਂ ਸੂਚਨਾਵਾਂ ਭਾਰਤ ਨੂੰ ਦੇਵੇਗਾ।

ਦੱਸ ਦਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਮੁਲਾਕਾਤ ਦੇ ਦੌਰਾਨ ਚੀਨ ਬ੍ਰਹਮਪੁੱਤਰ ਨਦੀ ਦੇ ਪੱਧਰ ਨਾਲ ਜੁੜੀਆਂ ਸੂਚਨਾਵਾਂ ਸਾਂਝੀਆਂ ਕਰਨ ਲਈ ਤਿਆਰ ਹੋ ਗਿਆ ਸੀ। ਪਿਛਲੇ ਸਾਲ ਡੋਕਲਾਮ ਵਿਵਾਦ ਦੇ ਚਲਦੇ ਚੀਨ ਨੇ ਭਾਰਤ ਦੇ ਨਾਲ ਬ੍ਰਹਮਪੁੱਤਰ ਦੇ ਜਲ ਪੱਧਰ ਨਾਲ ਜੁੜੇ ਅੰਕੜੇ ਸਾਂਝੇ ਕਰਨੇ ਬੰਦ ਕਰ ਦਿੱਤੇ ਸਨ। ਹੜ੍ਹ ਦੇ ਮੌਸਮ ਵਿਚ ਬ੍ਰਹਮਪੁੱਤਰ ਵਿਚ ਜਲ ਪਰਵਾਹ ਦੇ ਪੱਧਰ ਨਾਲ ਜੁੜੀਆਂ ਸੂਚਨਾਵਾਂ ਦੇ ਇਸ ਕਰਾਰ ਨੂੰ ਕਾਫ਼ੀ ਮਹੱਤਵਪੂਰਣ ਮੰਨਿਆ ਗਿਆ ਸੀ।