ਵੱਕਾਰੀ ਮੈਗਾਸੇਸੇ ਅਵਾਰਡ 2022- ਜਾਣੋ ਚੁਣੀਆਂ ਗਈਆਂ ਏਸ਼ਿਆਈ ਹਸਤੀਆਂ ਦੇ ਨਾਂਅ
ਹਰ ਸਾਲ ਦਿੱਤੇ ਜਾਂਦੇ ਅਤੇ ਬੁੱਧਵਾਰ ਨੂੰ ਐਲਾਨੇ ਗਏ ਇਹਨਾਂ ਇਨਾਮਾਂ ਦਾ ਨਾਂ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਰੈਮੋਨ ਮੈਗਾਸੇਸੇ ਦੇ ਨਾਂਅ 'ਤੇ ਰੱਖਿਆ ਗਿਆ ਹੈ
ਮਨੀਲਾ : ਖਮੇਰ ਰੂਜ ਸ਼ਾਸਨ ਦੌਰਾਨ ਸਤਾਏ ਹੋਏ ਲੋਕਾਂ ਦਾ ਇਲਾਜ ਕਰਨ ਵਾਲੇ ਕੰਬੋਡੀਆ ਦੇ ਮਨੋਰੋਗ ਮਾਹਿਰ ਡਾ. ਸੋਥਿਆਰਾ ਚਿਮ ਅਤੇ ਵੀਅਤਨਾਮ ਦੇ ਹਜ਼ਾਰਾਂ ਪਿੰਡਾਂ ਦੇ ਲੋਕਾਂ ਦਾ ਇਲਾਜ ਕਰਨ ਵਾਲੇ ਜਾਪਾਨੀ ਨੇਤਰ ਵਿਗਿਆਨੀ ਡਾ. ਤਾਦਾਸ਼ੀ ਹਾਟੋਰੀ ਨੂੰ ਇਸ ਸਾਲ ਦੇ ਰੈਮਨ ਮੈਗਸੇਸੇ ਅਵਾਰਡਾਂ ਲਈ ਚੁਣਿਆ ਗਿਆ ਹੈ। ਇਸ ਅਵਾਰਡ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ।
ਇਸ ਵਾਰ ਇਹ ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਫ਼ਿਲੀਪੀਨਜ਼ ਦੇ ਬਾਲ ਰੋਗ ਮਾਹਿਰ ਡਾ. ਬਰਨਾਡੇਟ ਮੈਡ੍ਰਿਡ ਸ਼ਾਮਲ ਹਨ, ਜਿਨ੍ਹਾਂ ਨੇ ਦੁਰਵਿਉਹਾਰ ਦਾ ਸ਼ਿਕਾਰ ਹੋਏ ਹਜ਼ਾਰਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਾਕਟਰੀ, ਕਨੂੰਨੀ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਇਸ ਲੜੀ ਵਿੱਚ ਇੱਕ ਨਾਂਅ ਫ਼ਰਾਂਸੀਸੀ ਵਾਤਾਵਰਨ ਕਾਰਕੁੰਨ ਗੈਰੀ ਬੇਂਚੇਗੀਬ ਦਾ ਵੀ ਹੈ, ਜਿਸ ਨੇ ਇੰਡੋਨੇਸ਼ੀਆਈ ਨਦੀਆਂ ਵਿੱਚ ਫ਼ੈਲੇ ਪਲਾਸਟਿਕ ਪ੍ਰਦੂਸ਼ਣ ਨੂੰ ਸਾਫ਼ ਕਰਨ ਲਈ ਉਪਰਾਲੇ ਕੀਤੇ ਹਨ।
ਹਰ ਸਾਲ ਦਿੱਤੇ ਜਾਂਦੇ ਅਤੇ ਬੁੱਧਵਾਰ ਨੂੰ ਐਲਾਨੇ ਗਏ ਇਹਨਾਂ ਇਨਾਮਾਂ ਦਾ ਨਾਂ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਰੈਮੋਨ ਮੈਗਾਸੇਸੇ ਦੇ ਨਾਂਅ 'ਤੇ ਰੱਖਿਆ ਗਿਆ ਹੈ, ਜਿਹਨਾਂ ਦੀ 1957 'ਚ ਇੱਕ ਜਹਾਜ਼ ਹਾਦਸੇ 'ਚ ਮੌਤ ਹੋ ਗਈ ਸੀ, ਅਤੇ ਇਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਏਸ਼ੀਆ ਦੇ ਲੋਕਾਂ ਦੀ ਨਿਰਸੁਆਰਥ ਸੇਵਾ ਕੀਤੀ ਹੈ। ਇਹ ਅਵਾਰਡ 30 ਨਵੰਬਰ ਨੂੰ ਮਨੀਲਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਇੱਕ ਸਮਾਗਮ ਵਿੱਚ ਦਿੱਤੇ ਜਾਣਗੇ।