New Zealand: ਮਾਉਰੀ ਭਾਈਚਾਰੇ ਲਈ ਮਾਉਰੀ ਭਾਸ਼ਾ ’ਚ ਗੁਰਬਾਣੀ ਦੀ ਪਹਿਲੀ ਸੁਗਾਤ ਜਪੁਜੀ ਸਾਹਿਬ

ਏਜੰਸੀ

ਖ਼ਬਰਾਂ, ਕੌਮਾਂਤਰੀ

New Zealand: ਨਿਊਜ਼ੀਲੈਂਡ ਕੌਂਸਿਲ ਆਫ਼ ਸਿੱਖ ਅਫ਼ੇਅਰਜ਼ ਦਾ ਵੱਡਾ ਉਪਰਾਲਾ

Japuji Sahib, the first gift of Gurbani in the Maori language for the Maori community

 

New Zealand: ਅਕਸਰ ਇਹ ਸ਼ਿਕਵਾ ਬਣਿਆ ਰਹਿੰਦਾ ਹੈ ਕਿ ਸਰਬ ਸਾਂਝੀ ਪਵਿੱਤਰ ਗੁਰਬਾਣੀ ਦਾ ਜਿੰਨਾ ਪ੍ਰਚਾਰ ਅਤੇ ਪ੍ਰਸਾਰ ਸਿੱਖ ਕੌਮ ਕਰ ਸਕਦੀ ਸੀ, ਓਨਾ ਨਹੀਂ ਕਰ ਸਕੀ। ਸਾਧਨਾ ਦਾ ਬਹਾਨਾ ਲਾ ਕੇ ਪਾਸਾ ਵੱਟਣਾ ਹੋਵੇ ਤਾਂ ਸਾਡੀਆਂ ਸੰਸਥਾਵਾਂ ਲਈ ਇਹ ਸੰਗਤ ਵਿਚ ਪ੍ਰਵਾਨਯੋਗ ਨਹੀਂ ਮੰਨਿਆ ਜਾ ਸਕਦਾ। ਇਸ ਦੇ ਉਲਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਛੋਟੀਆਂ ਸਿੱਖ ਸੰਸਥਾਵਾਂ ਦਾ ਸਾਰਥਿਕ ਉਦਮ ਜ਼ਰੂਰ ਸ਼ਾਬਾਸ਼ੀ ਦਾ ਹੱਕਦਾਰ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਗੁਰਬਾਣੀ ਨੂੰ ਦੂਸਰੀਆਂ ਭਾਸ਼ਾਵਾਂ ਦੇ ਵਿਚ ਅਨੁਵਾਦ ਅਤੇ ਪ੍ਰਕਾਸ਼ਿਤ ਕਰਵਾ ਕੇ ਪ੍ਰਮਾਤਮਾ ਦੀ ਕਿ੍ਰਪਾ ਦਾ ਪਾਤਰ ਬਣਨ ਦਾ ਸੁਭਾਗ ਪ੍ਰਾਪਤ ਕੀਤਾ ਹੈ।

‘ਦਾ ਨਿਊਜ਼ੀਲੈਂਡ ਕੌਂਸਿਲ ਆਫ਼ ਸਿੱਖ ਅਫ਼ੇਅਰਜ਼’ ਨੇ ਅਜਿਹਾ ਹੀ ਉਦਮ ਕਰਕੇ ਪਹਿਲ ਕੀਤੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੀ ਬਾਣੀ ‘ਜਪੁਜੀ’ ਸਾਹਿਬ ਨੂੰ ਮਾਓਰੀ ਭਾਸ਼ਾ ਦੇ ਵਿਚ ਅਨੁਵਾਦ ਕਰਵਾ ਕੇ ਏ-4 ਸਾਈਜ਼ ਵਿਚ ਤਿਆਰ ਕੀਤਾ ਹੈ। ਉਦੇਸ਼ ਹੈ ਕਿ ਨਿਊਜ਼ੀਲੈਂਡ ਦੇ ਮੂਲ ਵਸਨੀਕਾਂ (ਮਾਓਰੀ ਭਾਈਚਾਰੇ) ਨੂੰ ਦਸ ਸਕੀਏ ਕਿ ਸਾਡੇ ਪਵਿੱਤਰ ਗ੍ਰੰਥ ਦੀ ਪਹਿਲੀ ਬਾਣੀ ‘ਜਪੁਜੀ’ ਸਾਹਿਬ ਸਾਨੂੰ ਕੀ ਸਿਖਿਆ ਤੇ ਸੰਦੇਸ਼ ਦਿੰਦੀ ਹੈ।

ਬਹੁਕੌਮੀ ਇਸ ਮੁਲਕ ਦੇ ਵਿਚ ਜਿੱਥੇ ਸਾਡੇ ਧਾਰਮਿਕ ਹੱਕਾਂ ਦੀ ਖੁੱਲ੍ਹ ਹੈ, ਉਥੇ ਬਹੁ ਸਭਿਆਚਾਰਕ ਸਾਂਝਾ ਵੀ ਇਕ ਚੰਗਾ ਸਮਾਜ ਸਿਰਜਦੀਆਂ ਹਨ। ਇਹ ਉਦਮ ਸਥਾਨਕ ਭਾਈਚਾਰੇ ਦੇ ਵਿਚ ਸਾਡੇ ਵਿਸ਼ਵਾਸ਼ ਦੇ ਅਧਾਰ ਨੂੰ ਵੀ ਪ੍ਰਗਟ ਕਰੇਗਾ। 04 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 421ਵਾਂ ਪਹਿਲਾ ਪ੍ਰਕਾਸ਼ ਪੁਰਬ (01 ਸਤੰਬਰ 1604 ਵੀਹ ਭਾਦੋਂ) ਵੀ ਆ ਰਿਹਾ ਹੈ ਅਤੇ ਇਸ ਇਸ ਪਵਿੱਤਰ ਦਿਹਾੜੇ ਨੂੰ ਸਮਰਪਤ ਵੀ ਰਹੇਗਾ।

ਬਿਕਰਮ ਸਿੰਘ  ਮਝੈਲ, ਗੁਰਤੇਜ ਸਿੰਘ ਵਲਿੰਗਟਨ, ਤੇਜਵੀਰ ਸਿੰਘ ਅਤੇ ਰਾਣਾ ਜੱਜ ਹੋਰਾਂ ਨੇ ਇਸ ਪਵਿੱਤਰ ਜਪੁਜੀ ਸਾਹਿਬ ਨੂੰ ਮਾਓਰੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਵਾ ਕੇ ਛੋਟਾ ਕਿਤਾਬਚਾ ਤਿਆਰ ਕਰਵਾਇਆ ਹੈ ਜਿਸ ਨੂੰ ਪਹਿਲੀ ਸਤੰਬਰ 2024 ਨੂੰ ਰੇਡੀਉ ਸਪਾਈਸ ਸਟੂਡੀਉ ਵਿਖੇ ਸਵੇਰੇ 11 ਵਜੇ ਸੰਗਤ ਦੀ ਝੋਲੀ ਪਾਇਆ ਜਾਵੇਗਾ। ਮਾਓਰੀ ਭਾਈਚਾਰੇ ਦੇ ਮੁਖੀ ਕੌਮਾਤੁਆ ਵੀ ਇਸ ਮੌਕੇ ਪਹੁੰਚਣਗੇ।