ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਤੁਰਕੀ, ਹੁਣ ਤੱਕ 26 ਦੀ ਮੌਤ, 709 ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉੱਥੇ ਹੀ ਯੂਨਾਨ ਦੇ ਸਾਮੋਸ ਪ੍ਰਾਇਦੀਪ 'ਚ ਘੱਟੋ ਘੱਟ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

Turkey earthquake

ਇਸਤਾਂਬੁਲ: ਤੁਰਕੀ ਤੇ ਯੂਨਾਨ ਦੇ ਤਟ ਵਿਚਾਲੇ ਏਜਿਅਨ ਸਾਗਰ 'ਚ ਸ਼ੁੱਕਰਵਾਰ ਭਿਆਨਕ ਭੂਚਾਲ ਨੇ ਦਸਤਕ ਦਿੱਤੀ। ਭੂਚਾਲ ਆਉਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਤੇ 700 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਰਫ਼ਤਾਰ ਸੱਤ ਮਾਪੀ ਗਈ। ਇੱਥੇ ਦੱਸ ਦੇਈਏ ਕਿ ਇਸਤਾਂਬੁਲ ਸਥਿਤ ਇਜਮਿਰ ਜ਼ਿਲ੍ਹੇ ਦੇ ਸੇਫੇਰਿਸਾਰ 'ਚ ਛੋਟੀ ਸੁਨਾਮੀ ਵੀ ਆਈ ਹੈ। ਉੱਥੇ ਹੀ ਯੂਨਾਨ ਦੇ ਸਾਮੋਸ ਪ੍ਰਾਇਦੀਪ 'ਚ ਘੱਟੋ ਘੱਟ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਭੂਚਾਲ ਦੀ ਤੀਬਰਤਾ
-ਯੂਰਪੀ ਮੱਧਸਾਗਰ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਸ਼ੁਰੂਆਤ 'ਚ ਭੂਚਾਲ ਦੀ ਤੀਬਰਤਾ 6.9 ਸੀ ਤੇ ਇਸ ਦਾ ਕੇਂਦਰ ਯੂਨਾਨ ਦੇ ਉੱਤਰ-ਉੱਤਰ ਪੂਰਬ 'ਚ ਸਾਮੋਸ ਦੀਪ ਸੀ।

ਅਮਰੀਕਾ ਦੇ ਭੂਗਰਭ ਸਰਵੇਖਣ ਦੇ ਮੁਤਾਬਕ ਭੂਚਾਲ ਦੀ ਤੀਬਰਤਾ 7.0 ਸੀ। 
-ਤੁਰਕੀ ਦੇ ਆਫਤ ਪ੍ਰਬੰਧਨ ਵਿਭਾਗ ਨੇ ਕਿਹਾ ਭੂਚਾਲ ਦਾ ਕੇਂਦਰ ਏਜਿਅਨ ਸਾਗਰ 'ਚ 16.5 ਕਿਮੀ ਹੇਠਾਂ ਸੀ। ਭੂਚਾਲ ਦੀ ਤੀਬਰਤਾ 6.6 ਮਾਪੀ ਗਈ।

ਇਜਮਿਰ 'ਚ ਜ਼ਿਆਦਾ ਤਬਾਹੀ
ਸਭ ਤੋਂ ਜ਼ਿਆਦਾ ਤਬਾਹੀ ਤੁਰਕੀ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਇਜਮਿਰ 'ਚ ਹੋਈ ਹੈ। ਸ਼ਕਤੀਸ਼ਾਲੀ ਭੂਚਾਲ ਦੇ ਚੱਲਦਿਆਂ ਪੱਛਮੀ ਤੁਰਕੀ ਦੇ ਇਜਮਿਰ ਸੂਬੇ 'ਚ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ। ਯੂਨਾਨ ਦੇ ਸਾਮੋਸ 'ਚ ਵੀ ਕੁਝ ਨੁਕਸਾਨ ਹੋਇਆ ਹੈ। ਇਜਮਿਰ 'ਚ ਕਈ ਥਾਈਂ ਧੂੰਆਂ ਉੱਠਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਜਮਿਰ ਦੇ ਕਈ ਜ਼ਿਲਿ੍ਹਆਂ 'ਚ ਇਮਾਰਤਾਂ ਡਿਗਣ ਤੇ ਮਲਬੇ 'ਚ ਲੋਕਾਂ ਦੇ ਦੱਬੇ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਕਈ ਹੋਰ ਸੂਬਿਆਂ 'ਚ ਵੀ ਮਾਲੀ ਨੁਕਸਾਨ ਦੀਆਂ ਖਬਰਾਂ ਹਨ।