ਨੋਇਡਾ ਅਥਾਰਟੀ ’ਤੇ ਤਾਲਾ ਲਾਉਣ ਵਾਲੇ 800 ਕਿਸਾਨਾਂ ਵਿਰੁਧ ਮਾਮਲਾ ਦਰਜ
ਇਸ ਤੋਂ ਪਹਿਲਾਂ ਵੀ ਕਿਸਾਨ ਪ੍ਰੀਸ਼ਦ ਦੇ ਆਗੂਆਂ ਵਿਰੁਧ ਥਾਣਾ ਸੈਕਟਰ 20 ’ਚ ਕਈ ਮਾਮਲੇ ਦਰਜ ਹੋ ਚੁੱਕੇ ਹਨ।
ਨੋਇਡਾ : ਨੋਇਡਾ ਅਥਾਰਟੀ ਦੇ ਦਫ਼ਤਰ ’ਤੇ ਧਰਨਾ ਪ੍ਰਦਰਸ਼ਨ ਦੌਰਾਨ ਦਫ਼ਤਰ ਦੇ ਗੇਟ ’ਤੇ ਤਾਲਾ ਲਾਉਣ ਅਤੇ ਕਰਮਚਾਰੀਆਂ ਨੂੰ ਦਫ਼ਤਰ ’ਚ ਬੰਧਕ ਬਣਾਉਣ ਦੇ ਮਾਮਲੇ ’ਚ ਅਥਾਰਟੀ ਨੇ 800 ਕਿਸਾਨਾਂ ਵਿਰੁਧ ਮਾਮਲਾ ਦਰਜ ਕਰਾਇਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਣਵਿਜੇ ਸਿੰਘ ਨੇ ਦਸਿਆ ਕਿ ਨੋਇਡਾ ਅਥਾਰਟੀ ’ਚ ਤੈਨਾਤ ਹੈਡ ਕਾਂਸਟੇਬਲ ਜਿਤੇਂਦਰ ਪ੍ਰਸਾਦ ਨੇ ਥਾਣਾ ਸੈਕਟਰ 20 ’ਚ ਸ਼ਿਕਾਇਤ ਕੀਤੀ ਹੈ
ਕਿਸਾਨ ਪ੍ਰੀਸ਼ਦ ਦੇ ਪ੍ਰਧਾਨ ਸੁਖਬੀਰ ਖਲੀਫ਼ਾ, ਸੁਧੀਰ ਚੌਹਾਨ, ਉਦਲ, ਸੋਨੂ, ਅੰਕਿਤ, ਬਿਜੇਂਦਰ ਸਮੇਤ 38 ਦੋਸ਼ੀਆਂ ਸਮੇਤ ਕਰੀਬ 800 ਕਿਸਾਨਾਂ ਨੇ ਸ਼ੁਕਰਵਾਰ ਨੂੰ ਨੋਇਡਾ ਅਥਾਰਟੀ ਦੇ ਗੇਟ ’ਤੇ ਤਾਲਾ ਲਾ ਦਿਤਾ ਸੀ ਅਤੇ ਅਥਾਰਟੀ ਦਫ਼ਤਰ ’ਚ ਤੈਨਾਤ ਲੋਕਾਂ ਨੂੰ ਬੰਧਕ ਬਣਾਇਆ ਤੇ ਸਰਕਾਰੀ ਕੰਮ ’ਚ ਦਖ਼ਲਅੰਦਾਜੀ ਕੀਤੀ। ਉਨ੍ਹਾਂ ਦਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਪ੍ਰੀਸ਼ਦ ਦੇ ਆਗੂਆਂ ਵਿਰੁਧ ਥਾਣਾ ਸੈਕਟਰ 20 ’ਚ ਕਈ ਮਾਮਲੇ ਦਰਜ ਹੋ ਚੁੱਕੇ ਹਨ। ਆਬਾਦੀ ਦੇ ਟਿਪਟਾਰੇ, ਵਧੀਆਂ ਦਰਾਂ ’ਤੇ ਮੁਆਵਜ਼ੇ ਦੇਣ ਅਤੇ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਦੀ ਮੰਗ ਨੂੰ ਲੈ ਕੇ 81 ਪਿੰਡਾਂ ਦੇ ਕਿਸਾਨ ਦੋ ਮਹੀਨੇ ਤੋਂ ਨੋਇਡਾ ਅਥਾਰਟੀ ਵਿਰੁਧ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਕਿਸਾਨ ਆਗੂ ਸੁਖਬੀਰ ਖਲੀਫ਼ਾ ਨੇ ਦੋਸ਼ ਲਾਇਆ ਕਿ ਨੋਇਡਾ ਅਥਾਰਟੀ ਦੇ ਅਧਿਕਾਰੀ ਤਾਨਾਸ਼ਾਹੀ ਰਵਈਏ ’ਤੇ ਅੜੇ ਹੋਏ ਹਨ। ਕਿਸਾਨਾਂ ਦੀ ਜ਼ਮੀਨ ਲੈਣ ਦੇ ਬਾਵਜੂਦ ਵੀ ਅਥਾਰਟੀ ਦੇ ਅਧਿਕਾਰੀ ਨਾ ਤਾਂ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦੇ ਰਹੇ ਹਨ, ਨਾ ਹੀ ਉਨ੍ਹਾਂ ਦੀ ਆਬਾਦੀ ਦੀ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ।’’