Happy New Year: New Zealand ਵਿਚ ਹੋਇਆ ਨਵੇਂ ਸਾਲ 2024 ਦਾ ਆਗਾਜ਼, 5 ਕੁਇੰਟਲ ਦੇ ਕਰੀਬ ਚੱਲੇ ਪਟਾਖੇ ਤੇ ਆਤਿਸ਼ਬਾਜ਼ੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਕਾਈ ਸਿਟੀ ਟਾਵਰ ਦੀ 64ਵੀਂ ਮੰਜ਼ਿਲ ਤੋਂ 5 ਕੁਇੰਟਲ ਦੇ ਕਰੀਬ ਚੱਲੇ ਪਟਾਖੇ ਤੇ ਆਤਿਸ਼ਬਾਜ਼ੀ

New Zealand New Year

ਔਕਲੈਂਡ :-ਨਿਊਜ਼ੀਲੈਂਡ ਇਕ ਅਜਿਹਾ ਦੋ ਸਮੁੰਦਰੀ ਟਾਪੂਆਂ ਵਾਲਾ ਦੇਸ਼ ਹੈ, ਜਿੱਥੇ ਮੰਨਿਆ ਜਾਂਦਾ ਹੈ ਕਿ ਪੂਰੀ ਦੁਨੀਆ ਤੋਂ ਪਹਿਲਾਂ ਸੂਰਜ ਦੀ ਪਹਿਲੀ ਸੱਜਰੀ ਕਿਰਨ ਇਥੇ ਪੁੱਜਦੀ ਹੈ। ਧਰਤੀ ਤੋਂ ਸੂਰਜ ਦੀ ਦੂਰੀ 14 ਕਰੋੜ 96 ਲੱਖ ਕਿਲੋਮੀਟਰ ਦੂਰ ਹੈ ਅਤੇ ਸੂਰਜ ਦੀ ਕਿਰਨ 29 ਕਰੋੜ, 97 ਲੱਖ 92 ਹਜ਼ਾਰ 458 ਮੀਟਰ ਪ੍ਰਤੀ ਸੈਕਿੰਡ ਦੀ ਗਤੀ ਦੇ ਨਾਲ ਲਗਪਗ 8 ਮਿੰਟ 20 ਸੈਕਿੰਡ ਵਿਚ ਆਪਣਾ ਸਫ਼ਰ ਤੈਅ ਕਰਕੇ ਇਥੇ ਅੱਪੜਦੀ ਹੈ। ਕੁਦਰਤ ਦੇ ਇਸ ਕਮਾਲ ਦਾ ਤਾਂ ਕੋਈ ਅੰਤ ਨਹੀਂ, ਪਰ ਕੁਝ ਖੁਸ਼ੀਆਂ ਮਾਨਣ ਵਾਸਤੇ ਜ਼ਰੂਰ ਮੌਜੂਦ ਨੇ।

ਸੋ ਨਿਊਜ਼ੀਲੈਂਡ ਹਰ ਸਾਲ ਔਕਲੈਂਡ ਸਿਟੀ ਦੇ ਵਿਚ ਬਣਿਆ ਦੇਸ਼ ਦੀ ਸ਼ਾਨ ‘ਸਕਾਈ ਟਾਵਰ’ ਜੋ ਕਿ  328 ਮੀਟਰ ਉਚਾ ਹੈ, ਦੀਆਂ ਉਪਰਲੀਆਂ ਮੰਜ਼ਿਲਾਂ ਤੋਂ ਪਟਾਖਿਆਂ ਅਤੇ ਆਤਿਸ਼ਬਾਜੀ ਦਾ ਜਲੌਅ ਜਰੂਰ ਕਰਦਾ ਹੈ। ਅੱਜ ਭਾਰੀ ਬਾਰਿਸ਼ ਦੇ ਕਾਰਨ ਦਰਸ਼ਕਾਂ ਦੇ ਹਜ਼ੂਮ ਵਿਚ ਬਹੁਤ ਕਮੀ ਆਈ, ਪਰ ਆਤਿਸ਼ਬਾਜ਼ੀ ਦਾ ਨਜ਼ਾਰਾ ਦੂਰੋਂ ਅਤੇ ਲਾਈਵ ਜ਼ਰੂਰ ਵੱਡੀ ਗਿਣਤੀ ਦੇ ਵਿਚ ਵੇਖਿਆ ਗਿਆ।

ਰਾਤ 11.55 ਉਤੇ ਟੀ.ਵੀ. ਚੈਨਲਾਂ ਨੇ ਲਾਈਵ ਕਰ ਦਿੱਤਾ ਸੀ। 10 ਸੈਕਿੰਡ ਦਾ ਕਾਊਂਟਡਾਊਨ ਲਗਾਇਆ ਗਿਆ ਸੀ ਤਾਂ ਪੂਰੇ 12 ਵੱਜਣ ਦੀ ਉਤਸੁਕਤਾ ਹੋਰ ਵੱਧ ਸਕੇ। ਪੂਰੇ 12 ਵਜੇ ਰੰਗ-ਬਿਰੰਗੀ ਆਤਿਸ਼ਬਾਜ਼ੀ ਸ਼ੁਰੂ ਹੋਈ ਅਤੇ ਲੋਕਾਂ ਨੇ ਉਚੀ ਆਵਾਜ਼ ਵਿਚ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿੰਦਿਆ ਖੁਸ਼ੀ ਵਿਚ ਆਸਮਾਨ ਗੂੰਜਾ ਦਿੱਤਾ। ਇਸ ਆਤਿਸ਼ਬਾਜੀ ਸ਼ੋਅ ਵਾਸਤੇ ਕੰਪਨੀ ਦੀ 6 ਮਹੀਨੇ ਤੋਂ ਤਿਆਰੀ ਚੱਲ ਰਹੀ ਸੀ।

ਸਕਾਈ ਟਾਵਰ ਦੀ 55ਵੀਂ,61ਵੀਂ ਅਤੇ 64ਵੀਂ ਮੰਜ਼ਿਲ ਉਤੇ ਕੰਪਿਊਟਰਾਈਜ਼ਡ ਸਿਸਟਿਮ ਦੇ ਨਾਲ 14 ਕਿਲੋਮੀਟਰ ਲੰਬਾਈ ਤੱਕ ਦੀਆਂ ਤਾਰਾਂ ਵਰਤ ਕੇ ਪੂਰਾ ਜਾਲ ਬਣਾਇਆ ਗਿਆ ਸੀ ਅਤੇ 1500 ਦੇ ਕਰੀਬ ਪਟਾਖਿਆਂ ਦੀ ਪ੍ਰੋਗਰਾਮਿੰਗ ਕੀਤੀ ਗਈ ਸੀ। 5 ਕੁਇੰਟਲ ਦੇ ਕਰੀਬ ਪਟਾਖੇ ਅਤੇ ਆਤਿਸ਼ਬਾਜੀ ਦੀ ਸਮੱਗਰੀ ਲੱਗੀ। ਲਗਪਗ 250 ਘੰਟੇ ਇਸ ਸਾਰੇ ਵਰਤਾਰੇ ਨੂੰ ਸੈਟ ਕਰਨ ਵਾਸਤੇ ਕਾਰੀਗਰਾਂ ਦੇ ਲੱਗੇ।

ਨਿਊਜ਼ੀਲੈਂਡ ਵਿੱਚ ਇਹ ਇੱਕੋ ਇੱਕ ਆਤਿਸ਼ਬਾਜ਼ੀ ਜਲੌਅ ਹੈ ਜੋ ਅੰਤਰਰਾਸ਼ਟਰੀ ਪੱਧਰ ’ਤੇ ਦਿਖਾਇਆ ਜਾਂਦਾ ਹੈ ਅਤੇ ਇਸ ਨੂੰ ਦੁਨੀਆ ਦੇਖ ਰਹੀ ਹੁੰਦੀ ਹੈ। ਔਕਲੈਂਡ ਦੁਨੀਆ ਦੇ ਵੱਡੇ ਸ਼ਹਿਰਾਂ ਦੇ ਨਵੇਂ ਸਾਲ ਦੇ ਜਸ਼ਨਾਂ ਵਿਚ ਸਭ ਤੋਂ ਅੱਗੇ ਹੈ। ਆਤਿਸ਼ਬਾਜ਼ੀ ਦੇ ਨਾਲ-ਨਾਲ ‘ਆਕਲੈਂਡ ਇਜ਼ ਕਾਲਿੰਗ’ ਇੱਕ ਲੇਜ਼ਰ ਲਾਈਟ ਅਤੇ ਐਨੀਮੇਸ਼ਨ ਸ਼ੋਅ ਵੀ ਰੱਖਿਆ ਗਿਆ ਸੀ, ਜੋ ਦੇਸ਼ ਦੇ ਲੋਕਾਂ, ਜ਼ਮੀਨ ਅਤੇ ਸਮੁੰਦਰ ਦੇ ਸਤਿਕਾਰ ਨੂੰ ਦਰਸਾਉਂਦਾ ਸੀ। ਅੱਜ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਵਿਸ਼ੇਸ਼ ਸ਼ਾਮ ਦੇ ਅਤੇ ਰੈਣ ਸਬਾਈ ਕੀਰਤਨ ਦਰਬਾਰ ਵੀ ਹੋਏ ਜਿਥੇ ਸੰਗਤਾਂ ਨੇ ਗੁਰੂ ਸਾਹਿਬ ਅਤੇ ਗੁਰਬਾਣੀ ਸਰਵਣ ਕਰਕੇ ਨਵੇਂ ਸਾਲ ਦੀ ਆਰੰਭਤਾ ਕੀਤੀ।

ਵਰਨਣਯੋਗ ਹੈ ਕਿ ਅੱਜ ਲਗਪਗ ਪੂਰੀ ਦੁਨੀਆ ਨਵੇਂ (ਗ੍ਰੇਗੋਰੀਅਨ) ਕੈਲੰਡਰ ਦੇ ਅਨੁਸਾਰ ਆਪਣਾ ਕੈਲੰਡਰ ਚਲਾ ਰਹੀ ਹੈ। ਇਸ ਵਿਧੀ ਨੂੰ ਵੱਖ-ਵੱਖ ਸਾਲਾਂ ਵਿਚ ਵੱਖ-ਵੱਖ ਈਸਾਈ ਦੇਸ਼ਾਂ ਵਿਚ ਸਵੀਕਾਰ ਕੀਤਾ ਗਿਆ ਸੀ । ਇਸ ਨਵੀਂ ਪ੍ਰਣਾਲੀ (ਨਵੇਂ ਕੈਲੰਡਰ) ਨੂੰ ਇਟਲੀ, ਫਰਾਂਸ, ਸਪੇਨ ਅਤੇ ਪੁਰਤਗਾਲ ਨੇ 1582 ਈਸਵੀ, ਪ੍ਰਸ਼ੀਅਨ, ਜਰਮਨੀ ਦੇ ਰੋਮਨ ਕੈਥੋਲਿਕ ਖੇਤਰ, ਸਵਿਟਜ਼ਰਲੈਂਡ

ਹਾਲੈਂਡ ਅਤੇ ਫਲੈਂਡਰਜ਼ ਨੇ 1583 ਈ., ਪੋਲੈਂਡ 1586 ਈ., ਹੰਗਰੀ ਨੇ 1587 ਈ. ਵਿੱਚ ਅਪਣਾਇਆ। ਜਰਮਨੀ ਅਤੇ ਨੀਦਰਲੈਂਡਜ਼ ਅਤੇ ਡੈਨਮਾਰਕ ਦੇ ਪ੍ਰੋਟੈਸਟੈਂਟ ਪ੍ਰਦੇਸ਼ਾਂ ਨੇ 1700 ਈ. ਵਿੱਚ, ਬ੍ਰਿਟਿਸ਼ ਸਾਮਰਾਜ ਨੇ 1752 ਈ. ਵਿੱਚ, ਜਾਪਾਨ ਨੇ 1972 ਈ. ਵਿੱਚ, ਚੀਨ ਨੇ 1912 ਈ. ਵਿੱਚ, ਬੁਲਗਾਰੀਆ ਨੇ 1915 ਈ. ਵਿੱਚ, ਤੁਰਕੀ ਅਤੇ ਸੋਵੀਅਤ ਰੂਸ ਨੇ ਇਸਨੂੰ 1917 ਈ. ਵਿੱਚ ਅਪਣਾਇਆ ਅਤੇ ਯੂਗੋਸਲਾਵੀਆ ਅਤੇ ਯੂ. ਰੋਮਾਨੀਆ ਵਿੱਚ 1919 ਈ. ਵਿਚ ਅਪਣਾਇਆ ਸੀ। ਅੱਜ ਪਹਿਲੀ ਜਨਵਰੀ ਨੂੰ ਅਧਿਕਤਰ ਦੇਸ਼ਾਂ ਵਿਚ ਨਵਾਂ ਸਾਲ ਮਨਾਇਆ ਜਾਂਦਾ ਹੈ ਪਰ ਰਵਾਇਤੀ ਅਤੇ ਸਭਿਆਚਾਰ ਨਾਲ ਸਬੰਧਿਤ ਨਵੇਂ ਸਾਲ ਦੀਆਂ ਤਰੀਕਾਂ ਹੋਰ ਹਨ। 

(For more news apart from New Zealand New Year, stay tuned to Rozana Spokesman)