King Charles Honours List 2025: ਬ੍ਰਿਟੇਨ ਦੇ ਕਿੰਗ ਚਾਰਲਸ ਦੀ ਨਵੇਂ ਸਾਲ ਦੀ ਸਨਮਾਨ ਸੂਚੀ ’ਚ ਭਾਰਤੀ ਮੂਲ ਦੇ 30 ਲੋਕ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

King Charles Honours List 2025: ਸਤਵੰਤ ਕੌਰ ਦਿਓਲ ਨੂੰ ‘ਕਮਾਂਡਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ’ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ

30 Indian-origin people included in Britain's King Charles' New Year Honours List

 

King Charles Honours List 2025: ਭਾਈਚਾਰੇ ਦੇ ਨੇਤਾਵਾਂ, ਪ੍ਰਚਾਰਕਾਂ, ਸਿਖਿਆ ਸ਼ਾਸਤਰੀਆਂ ਅਤੇ ਡਾਕਟਰਾਂ ਸਮੇਤ 30 ਤੋਂ ਵੱਧ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਸ਼ੁਕਰਵਾਰ ਰਾਤ ਨੂੰ ਲੰਡਨ ਵਿਚ ਜਾਰੀ ਬ੍ਰਿਟੇਨ ਦੇ ਕਿੰਗ ਚਾਰਲਸ ਦੀ 2025 ਨਵੇਂ ਸਾਲ ਦੀ ਸਨਮਾਨ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। 

ਨਵੇਂ ਸਾਲ ਦੀ ਸਨਮਾਨ ਸੂਚੀ ਵਿਚ ਖੇਡ, ਸਿਹਤ ਸੰਭਾਲ, ਸਿਖਿਆ ਅਤੇ ਸਵੈਇੱਛੁਕ ਸੇਵਾਵਾਂ ਸਮੇਤ ਵੱਖ-ਵੱਖ ਖੇਤਰਾਂ ਦੇ 1,200 ਤੋਂ ਵੱਧ ਲੋਕ ਸ਼ਾਮਲ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ, “ਆਮ ਲੋਕ ਅਪਣੇ ਭਾਈਚਾਰਿਆਂ ਲਈ ਹਰ ਰੋਜ਼ ਅਸਾਧਾਰਨ ਕੰਮ ਕਰਦੇ ਹਨ। ਉਹ ਸੇਵਾ ਦੇ ਉਸ ਬ੍ਰਿਟਿਸ਼ ਮੁੱਲ ਨੂੰ ਦਰਸਾਉਂਦੇ ਹਨ, ਜਿਸ ਨੂੰ ਮੈਂ ਇਸ ਸਰਕਾਰ ਵਲੋਂ ਕੀਤੇ ਜਾਣ ਵਾਲੇ ਹਰ ਕੰਮ ਦੇ ਕੇਂਦਰ ਵਿਚ ਰੱਖਦਾ ਹਾਂ। ਨਵੇਂ ਸਾਲ ਦੀ ਸਨਮਾਨ ਸੂਚੀ ’ਚ ਇਨ੍ਹਾਂ ਗੁਮਨਾਮ ਨਾਇਕਾਂ ਦਾ ਸਨਮਾਨ ਕੀਤਾ ਗਿਆ ਹੈ ਅਤੇ ਮੈਂ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਦਾ ਧਨਵਾਦ ਕਰਦਾ ਹਾਂ। ”

ਬ੍ਰਿਟੇਨ ਦੇ ਮਹਾਰਾਜਾ ਦੇ ਨਾਂ ’ਤੇ ਕੈਬਨਿਟ ਦਫ਼ਤਰ ਵਲੋਂ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਇਸ ਸੂਚੀ ਅਨੁਸਾਰ ਸਿਖਿਆ ਦੇ ਖੇਤਰ ਵਿਚ ਸੇਵਾਵਾਂ ਲਈ ਸਤਵੰਤ ਕੌਰ ਦਿਓਲ ਨੂੰ ‘ਕਮਾਂਡਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ’ (ਸੀਬੀਈ) ਨਾਲ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ‘ਮੁਕਾਬਲਾ ਕਾਨੂੰਨ’ ਦੇ ਖੇਤਰ ਵਿਚ ਸੇਵਾਵਾਂ ਲਈ ਚਾਰਲਸ ਪ੍ਰੀਤਮ ਸਿੰਘ ਧਨੋਆ ਅਤੇ ਸਿਹਤ ਸੰਭਾਲ, ਵਿਗਿਆਨ ਅਤੇ ਨਵੀਨਤਾ ਅਤੇ ਤਕਨਾਲੋਜੀ ਦੇ ਖੇਤਰ ਵਿਚ ਸੇਵਾਵਾਂ ਲਈ ਸਰਜਨ ਪ੍ਰੋਫ਼ੈਸਰ ਸਨੇਹ ਖੇਮਕਾ ਸਮੇਤ 30 ਭਾਰਤੀਆਂ ਨੂੰ ਸਨਮਾਨਤ ਕੀਤਾ ਜਾਵੇਗਾ। 

ਸ਼੍ਰੀਲੰਕਾਈ ਅਤੇ ਭਾਰਤੀ ਮੂਲ ਦੇ ਕੰਜ਼ਰਵੇਟਿਵ ਸੰਸਦ ਮੈਂਬਰ ਰਾਨਿਲ ਮੈਲਕਮ ਜੈਵਰਧਨੇ ਨੂੰ ਰਾਜਨੀਤਕ ਅਤੇ ਜਨਤਕ ਸੇਵਾ ਲਈ ਅਤੇ ਹਾਲ ਹੀ ਵਿਚ ਅਸਤੀਫ਼ਾ ਦੇਣ ਵਾਲੇ ਇੰਗਲੈਂਡ ਦੀ ਪੁਰਸ਼ ਫੁੱਟਬਾਲ ਟੀਮ ਦੇ ਮੈਨੇਜਰ ਗੈਰੇਥ ਸਾਊਥਗੇਟ ਨੂੰ ਖੇਡਾਂ ਦੇ ਖੇਤਰ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈ ‘ਨਾਈਟਹੁੱਡ’ ਦੀ ਉਪਾਧੀ ਨਾਲ ਸਨਮਾਨਤ ਕੀਤਾ ਜਾਵੇਗਾ।