Pakistan News: ਪਾਕਿਸਤਾਨ ਦੇ ਸਿੰਧ ਸੂਬੇ ’ਚ ਟਰਾਲੇ ਨੇ ਬੱਸ ਨੂੰ ਮਾਰੀ ਟੱਕਰ, 12 ਲੋਕਾਂ ਦੀ ਹੋਈ ਮੌਤ
Pakistan News: ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Pakistan News: ਪਾਕਿਸਤਾਨ ਦੇ ਦਖਣੀ ਸਿੰਧ ਸੂਬੇ ਵਿਚ ਰਾਸ਼ਟਰੀ ਰਾਜਮਾਰਗ ’ਤੇ ਇਕ ਬੱਸ ਦੇ ਟਰਾਲੇ ਨਾਲ ਟਕਰਾ ਜਾਣ ਕਾਰਨ ਇਕ ਹੀ ਪ੍ਰਵਾਰ ਦੇ ਅੱਠ ਮੈਂਬਰਾਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ।
ਹੈਦਰਾਬਾਦ ਸੂਬੇ ਦੇ ਡਿਪਟੀ ਕਮਿਸ਼ਨਰ ਅਰਸਲਾਨ ਸਲੀਮ ਨੇ ਦਸਿਆ ਕਿ ਇਹ ਹਾਦਸਾ ਸੋਮਵਾਰ ਰਾਤ ਮੋਰੋ ਨੇੜੇ ਵਾਪਰਿਆ, ਜਦੋਂ ਬੱਸ ਹੈਦਰਾਬਾਦ ਤੋਂ ਵਿਆਹ ’ਚ ਗਏ ਬਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ। ਉਨ੍ਹਾਂ ਕਿਹਾ, ਬਰਾਤੀਆਂ ਵਿਚ ਲਗਭਗ 20 ਲੋਕ ਸਨ ਜਿਨ੍ਹਾਂ ’ਚੋਂ 12 ਲੋਕ ਮਾਰੇ ਗਏ।’’ ਹਾਦਸੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਇਕ ਔਰਤ ਦੀ ਮੰਗਲਵਾਰ ਸਵੇਰੇ ਕਰਾਚੀ ਦੇ ਇਕ ਹਸਪਤਾਲ ’ਚ ਮੌਤ ਹੋ ਗਈ। ਸਲੀਮ ਨੇ ਦਸਿਆ ਕਿ ਮਰਨ ਵਾਲੇ 8 ਲੋਕ ਇਕ ਨਾਮੀ ਡਾਕਟਰ ਦੇ ਪ੍ਰਵਾਰ ਦੇ ਸਨ।
ਮੋਰੋ ਸਰਕਾਰੀ ਹਸਪਤਾਲ ਦੇ ਇਕ ਡਾਕਟਰ ਨੇ ਦਸਿਆ ਕਿ ਜ਼ਖ਼ਮੀਆਂ ’ਚੋਂ ਪੰਜ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਨਵਾਬਸ਼ਾਹ ਅਤੇ ਕਰਾਚੀ ਲਿਜਾਇਆ ਗਿਆ ਹੈ। ਬੱਸ ਨੂੰ ਟੱਕਰ ਮਾਰਨ ਵਾਲੇ ਟਰਾਲੇ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।