ਬਾਲੀਵੁੱਡ ਫਿਲਮ ਉੜਤਾ ਪੰਜਾਬ ਨੇ ਪੰਜਾਬ ਵਿੱਚ ਨਸ਼ਿਆਂ ਵਿੱਚ ਗਲਤਾਨ ਜਵਾਨੀ ਦੀ ਗੱਲ ਕੀਤੀ ਪਰ ਇੱਕ ਸਮਾਜ ਸੇਵੀ ਸੰਸਥਾ ਨੇ ਜਵਾਨੀ ਨੂੰ ਸੇਧ ਦਿਖਾਉਣ ਅਤੇ ਉਸਾਰੂ ਪ੍ਰਵਿਰਤੀ ਵੱਲ੍ਹ ਪ੍ਰੇਰਿਤ ਕਰਨ ਦਾ ਬੀੜਾ ਚੁੱਕਿਆ ਹੈ। ਉੜਤਾ ਪੰਜਾਬ ਨਹੀਂ ਹੁਣ ਦੁਨੀਆ ਦੇਖੇਗੀ 'ਦੌੜਤਾ ਪੰਜਾਬ'।
ਸਿਹਤਮੰਦ ਜ਼ਿੰਦਗੀ, ਨਸ਼ਾ ਰਹਿਤ ਜਵਾਨੀ ਅਤੇ ਔਰਤਾਂ ਦੀ ਰਾਖੀ ਦੇ ਹੋਕੇ ਨਾਲ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ 'ਗਲੋਅ ਮੈਰਾਥਨ' ਦਾ ਆਗਾਜ਼ ਕੀਤਾ ਗਿਆ। ਪੰਜ ਕਿਲੋਮੀਟਰ ਦੀ ਇਸ ਮੈਰਾਥਨ ਵਿੱਚ 16 ਸਤੰਬਰ ਸ਼ਨੀਵਾਰ ਰਾਤ ਨੂੰ 2 ਹਜ਼ਾਰ ਦੇ ਲਗਭੱਗ ਵਲੰਟੀਅਰਾਂ ਨੇ ਹਿੱਸਾ ਲਿਆ। ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਟੂਰਿਜ਼ਮ ਨੇ ਲੋਕ ਸੰਪਰਕ ਵਿੱਚ ਸਰਗਰਮ ਭੂਮਿਕਾ ਨਿਭਾਈ।
'ਦੌੜਤਾ ਪੰਜਾਬ' ਦੇ ਕਰਤਾ ਧਰਤਾ ਹਨ ਨਾਮੀ ਅਦਾਕਾਰ ਅਤੇ ਕ੍ਰਿਕੇਟਰ ਗੁਲਜ਼ਾਰ ਚਾਹਲ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਚਹਿਲ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਹੈ ਜਿਸ ਲਈ ਅਜਿਹੇ ਈਵੈਂਟ ਭਰਪੂਰ ਲਾਹੇਵੰਦ ਹਨ। ਚਹਿਲ ਅਨੁਸਾਰ ਖੇਡਾਂ ਹੀ ਨੌਜਵਾਨਾਂ ਨੂੰ ਬੁਰੀਆਂ ਅਲਾਮਤਾਂ ਤੋਂ ਦੂਰ ਰੱਖ ਸਕਦੀਆਂ ਹਨ। ਗੁਲਜ਼ਾਰ ਚਾਹਲ ਇਸ ਤੋਂ ਪਹਿਲਾਂ ਪਟਿਆਲਾ ਮੈਰਾਥਨ ਦਾ ਤਜ਼ਰਬਾ ਵੀ ਕਰ ਚੁੱਕੇ ਹਨ। ਚਹਿਲ ਨੇ ਦੱਸਿਆ ਕਿ ਪਟਿਆਲਾ ਮੈਰਾਥਨ ਵਿੱਚ ਜਿੱਥੇ ਆਸ ਪਾਸ ਦੇ ਇਲਾਕੇ ਤੋਂ ਨੌਜਵਾਨਾਂ ਨੇ ਹਿੱਸਾ ਲਿਆ, ਉੱਥੇ ਹੀ ਚੰਡੀਗੜ੍ਹ ਦੇ ਇਸ ਮੈਰਾਥਨ ਵਿੱਚ ਤਲਵੰਡੀ ਸਾਬੋ ਤੋਂ ਉਤਸ਼ਾਹ ਨਾਲ ਭਰੇ ਬਹੁਤ ਸਾਰੇ ਨੌਜਵਾਨ ਸ਼ਾਮਿਲ ਹੋਏ ਹਨ।
'ਲੋਅ ਰਨ' ਦਾ ਇਹ ਤੀਜਾ ਐਡੀਸ਼ਨ ਹੈ ਜਿਸਦਾ ਮੁੱਖ ਈਵੈਂਟ 14 ਅਕਤੂਬਰ ਨੂੰ ਹੋਵੇਗਾ।
16 ਸਤੰਬਰ ਸ਼ਨੀਵਾਰ ਰਾਤ ਨੂੰ `ਗਲੋਅ ਮੈਰਾਥਨ` ਨੂੰ ਝੰਡੀ ਦਿਖਾ ਕੇ ਸ਼ੁਰੂਆਤ ਕਰਨ ਵੇਲੇ `ਦੌੜਤਾ ਪੰਜਾਬ` ਸੰਸਥਾ ਦੇ ਮੈਂਬਰ, ਟੂਰਿਜ਼ਮ ਵਿਭਾਗ ਦੇ ਅਧਿਕਾਰੀ, ਮੀਡੀਆ ਨਾਲ ਜੁੜੀਆਂ ਹਸਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਿਰ ਸਨ।
ਜ਼ਿਕਰਯੋਗ ਹੈ ਕਿ ਇਸ ਸ਼ਲਾਘਾਯੋਗ ਇਵੈਂਟ ਵਿੱਚ ਸਪੋਕੇਸਮੈਨ ਮੀਡੀਆ ਸਹਿਯੋਗੀ ਵਜੋਂ ਸ਼ਾਮਿਲ ਹੈ ਅਤੇ ਨਿਸ਼ਚਿਤ ਹੀ ਇਹ ਇਵੈਂਟ ਅਤੇ ਇਸ ਨਾਲ ਜੁੜੇ ਅਦਾਰੇ ਆਪਣੇ ਮਕਸਦ ਵਿੱਚ ਕਾਮਯਾਬ ਹੋਣਗੇ।