ਨਵੀਂ ਦਿੱਲੀ, 12 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਭਾਜਪਾ ਦੇ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਸ. ਕੁਲਵੰਤ ਸਿੰਘ ਬਾਠ ਉੱਪਰ ਕੁੱਝ ਅਸਮਾਜਿਕ ਅਨਸਰਾਂ ਨੇ ਬੀਤੇ ਦਿਨ ਹਮਲਾ ਕੀਤਾ ਅਤੇ ਖਿੱਚ-ਧੂਹ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।ਸ. ਬਾਠ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਖਿੱਚ-ਧੂਹ ਕੀਤੇ ਜਾਣ ਦੌਰਾਨ ਮਾੜੀ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਸੀ।ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਭਜਨ ਪੁਰਾ ਇਲਾਕੇ ਵਿਚੋਂ ਦੀ ਨਿੱਕਲ ਰਹੇ ਸਨ ਤਾਂ ਅਸਮਾਜਿਕ ਅਨਸਰ ਜਿਨ੍ਹਾਂ ਦੀ ਗਿਣਤੀ 15-20 ਦੇ ਕਰੀਬ ਸੀ ਨੇ ਉਨ੍ਹਾਂ ਦੀ ਗੱਡੀ ਰੋਕੀ ਤੇ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਦਸਤਾਰ ਲੱਥ ਗਈ ਤੇ ਬੇਅਬਦੀ ਵੀ ਕੀਤੀ ਗਈ।
ਸ. ਬਾਠ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਹਮਲਾਵਰਾਂ ਨੂੰ ਨਹੀਂ ਜਾਣਦੇ ਪਰ ਸਾਹਮਣੇ ਆਉਣ 'ਤੇ ਉਨ੍ਹਾਂ ਨੂੰ ਪਛਾਣ ਜ਼ਰੂਰ ਲੈਣਗੇ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਹਮਲਾ ਕਰਨ ਵਾਲੇ ਅਨਸਰ ਇਲਾਕੇ 'ਚ ਰੇਤ ਮਾਫੀਆ ਨਾਲ ਜੁੜੇ ਹੋਏ ਲੋਕ ਵੀ ਹੋ ਸਕਦੇ ਹਨ। ਇਸ ਘਟਨਾ ਨੂੰ ਲੈ ਕੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਜਾਇੰਟ ਪੁਲਿਸ ਕਮਿਸ਼ਨਰ ਰਵਿੰਦਰ ਯਾਦਵ ਨੂੰ ਜਲਦ ਕਾਰਵਾਈ ਕਰਨ ਲਈ ਕਿਹਾ ਅਤੇ ਇਸ ਮਾਮਲੇ ਸਬੰਧੀ ਦਿੱਲੀ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ, ਸਰਵਜੀਤ ਸਿੰਘ ਵਿਰਕ, ਨਿਸ਼ਾਨ ਸਿੰਘ ਮਾਨ, ਸਵਰਣ ਸਿੰਘ ਬਰਾੜ, ਮਨਜੀਤ ਸਿੰਘ ਔਲਖ, ਗੁਰਮੀਤ ਸਿੰਘ ਭਾਟੀਆ, ਸੁਖਵਿੰਦਰ ਸਿੰਘ ਬੱਬਰ, ਹਰਦੀਪ ਸਿੰਘ ਹੈਪੀ ਤੇ ਤਰਲੋਚਨ ਸਿੰਘ ਡੋਲਾ ਆਦਿ ਨੇ ਵੀ ਥਾਣਾ ਭਜਨ ਪੁਰਾ ਪਹੁੰਚ ਕੇ ਏ.ਸੀ.ਪੀ. ਮਹਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤੇ ਹਮਲਾ ਕਰਨ ਵਾਲਿਆਂ ਨੂੰ ਤੁਰਤ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ।ਉਕਤ ਆਗੂਆਂ ਨੇ ਦੱਸਿਆ ਕਿ ਏ.ਸੀ.ਪੀ. ਨੇ ਭਰੋਸਾ ਦਿਤਾ ਕਿ ਜਲਦ ਹੀ ਦੋਸ਼ੀ ਸਲਾਖਾ ਦੇ ਪਿਛੇ ਹੋਣਗੇ।