ਗੁੱਤਾਂ ਕੱਟਣ ਦਾ ਮਾਮਲਾ : ਸ੍ਰੀਨਗਰ 'ਚ ਕਈ ਇਲਾਕਿਆਂ 'ਚ ਧਾਰਾ 144 ਲਾਗੂ

ਖ਼ਬਰਾਂ, ਕੌਮਾਂਤਰੀ

ਸ੍ਰੀਨਗਰ, 13 ਅਕਤੂਬਰ: ਗੁੱਤ ਕੱਟੇ ਜਾਣ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਵੱਖਵਾਦੀਆਂ ਵਲੋਂ ਕੀਤੇ ਗਏ ਸ਼ਾਂਤੀਪੂਰਨ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਸ਼ਮੀਰ 'ਚ ਵਿੱਦਿਅਕ ਸੰਸਥਾਵਾਂ ਲਗਾਤਾਰ ਦੂਜੇ ਦਿਨ ਬੰਦ ਰਹੀਆਂ। ਜਦਕਿ ਸ੍ਰੀਨਗਰ ਦੇ ਕੁੱਝ ਇਲਾਕਿਆਂ 'ਚ ਅੱਜ ਲੋਕਾਂ ਦੀ ਆਵਾਜਾਈ ਉਤੇ ਰੋਕ ਲਗਾਈ ਗਈ। ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦਸਿਆ ਕਿ ਨੋਹੱਟਾ, ਖਾਨਯਾਰ, ਰੈਨਵਾੜੀ, ਐਮ.ਆਰ. ਗੰਜ, ਸਫ਼ਾਕਾਦਲ ਪੁਲਿਸ ਥਾਣਾ ਖੇਤਰ 'ਚ ਪੈਣ ਵਾਲੇ ਇਲਾਕਿਆਂ 'ਚ ਪਾਬੰਦੀ ਦੇ ਹੁਕਮ ਲਾਏ ਗਏ ਹਨ। ਕਰਾਲਖੁਦ ਅਤੇ ਮੈਸੂਮਾ ਥਾਣਾ ਖੇਤਰ 'ਚ ਵੀ ਅੰਸ਼ਕ ਤੌਰ 'ਤੇ ਧਾਰਾ 144 ਲਾਗੂ ਕੀਤੀ ਗਈ ਹੈ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਬਸ਼ੀਰ ਖ਼ਾਨ ਨੇ ਦਸਿਆ ਕਿ ਵਿੱਦਿਅਕ ਅਦਾਰੇ ਦੂਜੇ ਦਿਨ ਵੀ ਬੰਦ ਰਹੇ। 


ਕਸ਼ਮੀਰ ਯੂਨੀਵਰਸਟੀ 'ਚ ਵੀ ਅੱਜ ਜਮਾਤਾਂ ਮੁਅੱਤਲ ਰਹੀਆਂ ਹਾਲਾਂਕਿ ਇਮਤਿਹਾਨ ਤੈਅ ਪ੍ਰੋਗਰਾਮ ਮੁਤਾਬਕ ਚਲਦੇ ਰਹੇ। ਵੱਖਵਾਦੀਆਂ ਨੇ ਵਾਦੀ 'ਚ ਔਰਤਾਂ ਨਾਲ ਹੋਰ ਰਹੀਆਂ ਗੁੱਤ ਕੱਟਣ ਦੀਆਂ ਘਟਨਾਵਾਂ ਵਿਰੁਧ ਸ਼ਾਂਤਮਈ ਪ੍ਰਦਰਸ਼ਨ ਦਾ ਸੱਦਾ ਦਿਤਾ ਹੈ। ਹੁਣ ਤਕ ਗੁੱਤ ਕੱਟਣ ਦੀਆਂ 100 ਤੋਂ ਜ਼ਿਆਦਾ ਘਟਨਾਵਾਂ ਵਾਪਰ ਚੁਕੀਆਂ ਹਨ ਪਰ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਕਿਸੇ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਗਠਤ ਕਰ ਕੇ ਦੋਸ਼ੀ ਦੀ ਗ੍ਰਿਫ਼ਤਾਰ ਲਈ ਸੂਚਨਾ ਦੇਣ ਵਾਲੇ ਨੂੰ ਛੇ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।                                    (ਪੀਟੀਆਈ)