ਕਸ਼ਮੀਰ: ਮੁਕਾਬਲੇ 'ਚ ਹਵਾਈ ਫ਼ੌਜ ਦੇ ਦੋ ਕਮਾਂਡੋ ਸ਼ਹੀਦ

ਖ਼ਬਰਾਂ, ਕੌਮਾਂਤਰੀ

ਸ੍ਰੀਨਗਰ, 11 ਅਕਤੂਬਰ: ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ 'ਚ ਅਤਿਵਾਦੀਆਂ ਨਾਲ ਅੱਜ ਮੁਕਾਬਲੇ 'ਚ ਹਵਾਈ ਫ਼ੌਜ ਦੇ ਦੋ ਗਰੁੜ ਕਮਾਂਡੋ ਸ਼ਹੀਦ ਹੋ ਗਏ। ਇਨ੍ਹਾਂ 'ਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਵੀ ਮਾਰੇ ਗਏ। ਫ਼ੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਤੜਕੇ ਸੁਰੱਖਿਆ ਦਸਤਿਆਂ ਨੇ ਬਾਂਦੀਪੁਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ।  ਇਸ ਦੌਰਾਨ, ਅਤਿਵਾਦੀਆਂ ਨੇ ਸੁਰੱਖਿਆ ਦਸਤਿਆਂ ਉਤੇ ਗੋਲੀਬਾਰੀ ਕਰ ਦਿਤੀ ਅਤੇ ਫਿਰ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਗਰੁੜ ਕਮਾਂਡੋ ਸਿਖਲਾਈ ਅਤੇ ਤਜਰਬੇ ਲਈ ਮੁਹਿੰਮ ਦਾ ਹਿੱਸਾ ਸਨ। ਮੁਕਾਬਲੇ 'ਚ ਉਹ ਜ਼ਖ਼ਮੀ ਹੋ ਗਏ। ਜ਼ਖ਼ਮੀ ਦੋਵੇਂ ਕਮਾਂਡੋ 92 ਬੇਸ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਮ ਤੋੜ ਦਿਤਾ। ਉਨ੍ਹਾਂ ਦੀ ਪਛਾਣ ਸਾਰਜੈਂਟ ਮਿਲਿੰਦ ਕਿਸ਼ੋਰ ਅਤੇ ਕਾਰਪੋਰਲ ਨੀਲੇਸ਼ ਕੁਮਾਰ ਵਜੋਂ ਹੋਈ ਹੈ।

ਅਧਿਕਾਰੀ ਨੇ ਦਸਿਆ ਕਿ ਮੁਕਾਬਲੇ 'ਚ ਹੁਣ ਤਕ ਦੋ ਅਤਿਵਾਦੀ ਮਾਰੇ ਗਏ ਹਨ। ਮਾਰੇ ਗਏ ਅਤਿਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਨ। ਉਨ੍ਹਾਂ ਦੀ ਪਛਾਣ ਅਲੀ ਉਰਫ਼ ਅਬੂ ਮਾਜ ਅਤੇ ਨਸਰੁੱਲਾ ਮੀਰ ਵਜੋਂ ਹੋਈ ਹੈ। ਮਾਜ ਪਾਕਿਸਤਾਨੀ ਅਤਿਵਾਦੀ ਸੀ ਅਤੇ ਮੀਰ ਸਥਾਨਕ ਅਤਿਵਾਦੀ ਸੀ। ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਐਸ.ਪੀ. ਵੇਦ ਨੇ ਦਸਿਆ ਕਿ ਇਹ ਅਤਿਵਾਦੀ ਕਈ ਅਤਿਵਾਦੀ ਹਮਲਿਆਂ 'ਚ ਸ਼ਾਮਲ ਸਨ ਜਿਨ੍ਹਾਂ 'ਚ ਸੁਰੱਖਿਆ ਦਸਤਿਆਂ ਦੇ ਜਵਾਨ ਅਤੇ ਆਮ ਲੋਕ ਮਾਰੇ ਗਏ। ਵੇਦ ਨੇ ਕਿਹਾ, ''ਸੁਰੱਖਿਆ ਦਸਤਿਆਂ ਲਈ ਇਹ ਇਕ ਵੱਡੀ ਸਫ਼ਲਤਾ ਹੈ।'' ਮੁਕਾਬਲੇ ਵਾਲੀ ਥਾਂ ਤੋਂ ਏ.ਕੇ. ਸ਼੍ਰੇਣੀ ਦੀਆਂ ਦੋ ਰਾਈਫ਼ਲਾਂ, ਇਕ ਪਿਸਤੌਲ, ਇਕ ਹਥਗੋਲਾ, 12 ਏ.ਕੇ. ਮੈਗਜ਼ੀਨ ਅਤੇ 75 ਰਾਊਂਡ ਬਰਾਮਦ ਕੀਤੇ ਹਨ। 

ਫ਼ੌਜ ਦੀ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਜੇ.ਐਸ. ਸੰਧੂ ਦੀ ਅਗਵਾਈ 'ਚ ਅਧਿਕਾਰੀਆਂ ਅਤੇ ਹੋਰ ਰੈਂਕ ਦੇ ਜਵਾਨਾਂ ਨੇ ਸ਼ਹੀਦ ਕਮਾਂਡੋ ਨੂੰ ਸ਼ਰਧਾਂਜਲੀ ਦਿਤੀ। ਸ਼ਹੀਦਾਂ ਲਈ ਫ਼ੌਜ ਦੇ ਬਦਾਮੀਬਾਗ਼ ਸਥਿਤ ਹੈੱਡਕੁਆਰਟਰ 'ਤੇ ਸ਼ਰਧਾਂਜਲੀ ਪ੍ਰੋਗਰਾਮ ਹੋਇਆ। ਇਸ 'ਚ ਫ਼ੌਜ, ਪੁਲਿਸ ਅਤੇ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। (ਪੀਟੀਆਈ)