ਅੰਮ੍ਰਿਤਸਰ, 29 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪਾਕਿਸਤਾਨ ਨੇ ਨਵੇਂ ਸਾਲ ਦੀ ਆਮਦ 'ਤੇ ਸ਼ੁਭ ਸੰਕੇਤ ਦਿੰਦਿਆਂ 144 ਭਾਰਤੀ ਮਛੇਰੇ ਦੇਰ ਰਾਤ ਰਿਹਾਅ ਕੀਤੇ ਜੋ ਅਟਾਰੀ ਵਾਹਗਾ ਸਰਹੱਦ ਰਸਤੇ ਸਰਜ਼ਮੀਨ 'ਚ ਦਾਖ਼ਲ ਹੋਏ। ਭਾਰਤੀ ਸਰਹੱਦ 'ਚ ਦਾਖ਼ਲ ਹੁੰਦਿਆਂ ਉਨ੍ਹਾਂ ਦੀ ਅੱਖਾਂ 'ਚ ਖ਼ੁਸ਼ੀ ਭਰੇ ਅੱਥਰੂ ਆ ਗਏ ਅਤੇ ਉਨ੍ਹਾਂ ਦੇਸ਼ ਦੇ ਧਰਤੀ ਨੂੰ ਚੁਮਦਿਆਂ ਸੀਸ ਨਿਵਾਇਆ ਕਿ ਉਹ ਅਪਣੇ ਮੁਲਕ ਵਿਚ ਮੁੜ ਪਰਤ ਆਏ ਹਨ। ਇਹ ਮਛੇਰੇ ਗੁਜਰਾਤ ਨਾਲ ਸਬੰਧਤ ਹਨ। ਇਨ੍ਹਾਂ ਨੂੰ ਐਮਰਜੈਂਸੀ
ਟਰੈਵਲ ਸਰਟੀਫ਼ੀਕੇਟ ਭਾਰਤੀ ਹਾਈ ਕਮਿਸ਼ਨ ਇਸਲਾਮਾਬਾਦ ਨੇ ਜਾਰੀ ਕੀਤੇ। ਇਹ ਮਛੇਰੇ ਇਸ ਸਾਲ ਮਾਰਚ ਵਿਚ ਪਾਕਿਸਤਾਨ ਦੇ ਹੱਥ ਆਏ ਜਦ ਇਨ੍ਹਾਂ ਦੀਆਂ ਕਿਸ਼ਤੀਆਂ ਪਾਕਿਸਤਾਨੀ ਖੇਤਰ ਅਰਬੀਅਨ ਸਮੁੰਦਰ ਵਿਚ ਦਾਖ਼ਲ ਹੋ ਗਈਆਂ। ਪਾਕਿਸਤਾਨ ਨੇ ਇਨ੍ਹਾਂ ਦੀਆਂ ਕਿਸ਼ਤੀਆਂ ਸਮੇਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਵਿਚ ਬੰਦ ਕਰ ਦਿਤਾ ਸੀ। ਭਾਰਤ ਦਾਖ਼ਲ ਹੋਣ 'ਤੇ ਮਛੇਰਿਆਂ ਕਿਹਾ ਕਿ ਅਰਬੀਅਨ ਸਮੁੰਦਰ 'ਚ ਮੱਛੀਆਂ ਫੜਨ ਦਾ ਕੰਮ ਕਰਨਾ ਬੜਾ ਜੌਖ਼ਮ ਭਰਿਆ ਹੈ ਜਿਥੇ ਪਤਾ ਹੀ ਨਹੀਂ ਲੱਗਦਾ ਹੈ ਕਿ ਇਹ ਭਾਰਤੀ ਦਾ ਹੈ ਜਾਂ ਪਾਕਿਸਤਾਨ ਦਾ।