ਫੁਲਕਾਰੀ
ਨਾ ਫੁਲਕਾਰੀ ਕੱਢਣ ਕੁੜੀਆਂ
Phulkari
ਨਾ ਫੁਲਕਾਰੀ ਕੱਢਣ ਕੁੜੀਆਂ,
ਨਾ ਕੋਈ ਚਰਖਾ ਡਾਹਵੇ।
ਫੁੱਲ ਬੂਟੀਆਂ ਪਾ ਪੱਖੀਆਂ 'ਤੇ,
ਨਾ ਕੋਈ ਝਾਲਰਾਂ ਲਾਵੇ।
ਚਰਖੇ 'ਤੇ ਤੰਦ ਪਾਵੇ ਨਾ ਕੋਈ,
ਨਾ ਕੋਈ ਵੱਟੇ ਪੂਣੀ।
ਸੁੱਕ ਗਿਆ ਏ ਪਾਣੀ ਖ਼ੂਹ ਦਾ,
ਨਾ ਘੜਾ ਤੇ ਨਾ ਹੀ ਛੂਣੀ।
ਧੰਮੀ ਵੇਲੇ ਹੁਣ ਉਠਣਾ ਭੁਲਿਆ,
ਨਾ ਚਾਟੀ 'ਚ ਪਏ ਮਧਾਣੀ।
ਵਿਰਲੇ ਘਰ ਹੀ ਦਿਸੇ ਲਵੇਰੀ,
ਹੋਏ ਪੈਕਿੰਗ ਦੁੱਧ ਤੇ ਪਾਣੀ।
ਖੰਭ ਲਾ ਕਿਤੇ ਉੱਡੀ ਲਿਆਕਤ,
ਮਾਡਰਨ ਹੋਇਆ ਜ਼ਮਾਨਾ।
ਪੀਰ ਮੁਹੰਮਦ ਵਾਲਿਆ ਵੀਰੇ,
ਅੱਜ ਹਰ ਕੋਈ ਲੱਗੇ ਬਿਗਾਨਾ।