ਧਰਮ ਦਾ ਤਖ਼ਤ ਹੋਵੇ ਤਾਂ ਉਹ ਕੇਵਲ ਪ੍ਰਮਾਤਮਾ ਦੀ 'ਕ੍ਰਿਪਾ' ਦੀ ਵੰਡ ਕਰਦਾ ਹੀ ਚੰਗਾ ਲੱਗ ਸਕਦਾ ਹੈ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਫ਼ਗ਼ਾਨਿਸਤਾਨ ਦੇ ਪੀੜਤ ਸਿੱਖ 'ਕ੍ਰਿਪਾ' (ਗੁਰ-ਪ੍ਰਸਾਦਿ) ਪਿਛਲੇ ਦੋ ਹਫ਼ਤਿਆਂ ਤੋਂ ਅਸੀ ਵਿਚਾਰ ਕਰ ਰਹੇ ਹਾਂ ਕਿ ਅਕਾਲ ਤਖ਼ਤ ਦਾ ਸਬੰਧ ਜੇ ਧਰਮ ਨਾਲ ਜਾਂ ਅਕਾਲ ਪੁਰਖ ...

File Photo

ਅਫ਼ਗ਼ਾਨਿਸਤਾਨ ਦੇ ਪੀੜਤ ਸਿੱਖ 'ਕ੍ਰਿਪਾ' (ਗੁਰ-ਪ੍ਰਸਾਦਿ) ਪਿਛਲੇ ਦੋ ਹਫ਼ਤਿਆਂ ਤੋਂ ਅਸੀ ਵਿਚਾਰ ਕਰ ਰਹੇ ਹਾਂ ਕਿ ਅਕਾਲ ਤਖ਼ਤ ਦਾ ਸਬੰਧ ਜੇ ਧਰਮ ਨਾਲ ਜਾਂ ਅਕਾਲ ਪੁਰਖ ਨਾਲ ਹੈ ਤਾਂ ਸਿਆਸਤਦਾਨ ਇਸ ਨੂੰ ਕਿਵੇਂ ਵਰਤ ਰਹੇ ਹਨ, ਇਸ ਦੇ 'ਜਥੇਦਾਰ' 'ਆਗਿਆ' ਲੈਣ ਲਈ ਸਿਆਸਤਦਾਨਾਂ ਦੀਆਂ ਕੋਠੀਆਂ ਉਤੇ ਕਿਉਂ ਜਾਂਦੇ ਹਨ ਤੇ 'ਥਾਣੇਦਾਰੀ' ਵਾਲਾ ਰੋਲ ਕਿਉਂ ਨਿਭਾ ਰਹੇ ਹਨ?

ਇਸ ਤੋਂ ਵੀ ਅੱਗੇ ਜਾ ਕੇ ਇਹ ਨਿਜੀ ਕਿੜਾਂ ਕੱਢਣ ਲਈ ਹੁਕਮਨਾਮੇ ਕਿਉਂ ਜਾਰੀ ਕਰਦੇ ਹਨ ਤੇ 'ਬਾਣੀ' ਦੀ ਇਕ ਸੱਤਰ ਦਾ ਹਵਾਲਾ ਦਿਤੇ ਬਿਨਾਂ ਅਪਣੀ ਰਾਏ ਨੂੰ 'ਪੰਥ ਦਾ ਹੁਕਮ' ਕਿਵੇਂ ਕਹਿ ਲੈਂਦੇ ਹਨ? ਯਾਦ ਰਹੇ, ਸਾਡੇ ਤੋਂ ਬਹੁਤ ਪੁਰਾਣੇ ਧਰਮ ਇਸਲਾਮ ਵਿਚ ਜਦੋਂ ਕੋਈ ਸ਼ਿਕਾਇਤ (ਮਸਲਾ) ਲੈ ਕੇ ਮੌਲਵੀ, ਮੁੱਲਾ ਕੋਲ ਜਾਂਦਾ ਹੈ ਤਾਂ ਮੌਲਵੀ ਅਪਣਾ 'ਫ਼ੈਸਲਾ' ਨਹੀਂ ਸੁਣਾਉਂਦਾ ਸਗੋਂ ਏਨਾ ਹੀ ਦਸਦਾ ਹੈ ਕਿ 'ਕੁਰਾਨ' ਤੇ 'ਹਦੀਸ' ਵਿਚ ਇਸ ਬਾਰੇ ਕੀ ਲਿਖਿਆ ਹੈ।

 

ਕਈ ਵਾਰ ਮੌਲਵੀ ਵੀ 'ਪਖਪਾਤੀ' ਫ਼ੈਸਲਾ ਦੇਣ ਲਗਿਆਂ, ਕੁਰਾਨ ਤੇ ਹਦੀਸ ਵਿਚ ਲਿਖੇ ਦਾ ਗ਼ਲਤ ਅਰਥ ਵੀ ਕਰ ਜਾਂਦੇ ਹਨ (ਜਿਵੇਂ ਸਾਡੇ ਵੀ ਗ੍ਰੰਥੀ, ਗਿਆਨੀ ਅਕਸਰ ਗੁਰਬਾਣੀ ਦੇ ਗ਼ਲਤ ਅਰਥ ਕਰ ਜਾਂਦੇ ਹਨ) ਪਰ ਘੱਟੋ ਘੱਟ ਅਪਣੀ ਗ਼ਲਤ ਰਾਏ ਨੂੰ ਰੂਹਾਨੀ ਫ਼ੁਰਮਾਨ ਕਹਿਣ ਦਾ ਪਾਪ ਤਾਂ ਨਹੀਂ ਕਰਦੇ। ਸਾਡੇ ਅਤਿ ਆਧੁਨਿਕ ਤੇ ਨਵੇਂ ਯੁਗ ਦੇ ਧਰਮ ਵਿਚ ਜਦ ਸਾਡੇ ਪੁਜਾਰੀ ਜਾਂ 'ਜਥੇਦਾਰ' ਅਪਣੇ ਫ਼ੈਸਲੇ ਨੂੰ (ਜੋ ਬਹੁਤੀ ਵਾਰ ਸਿਆਸਤਦਾਨਾਂ ਵਲੋਂ ਲਿਖਵਾਇਆ ਗਿਆ ਹੁੰਦਾ ਹੈ)

'ਇਲਾਹੀ ਹੁਕਮ' ਕਹਿਣ ਲਗਿਆਂ ਗੁਰਬਾਣੀ ਦੀ ਇਕ ਸੱਤਰ ਦਾ ਵੀ ਹਵਾਲਾ ਨਹੀਂ ਦੇਂਦੇ ਤਾਂ ਮੇਰੇ ਵਰਗੇ ਸਿੱਖ ਨੂੰ ਲੱਗਣ ਲਗਦਾ ਹੈ ਕਿ ਦੂਜੇ ਧਰਮ ਤਾਂ ਸਾਡੇ ਤੋਂ, ਇਸ ਮਾਮਲੇ ਵਿਚ ਬਹੁਤ ਅੱਗੇ ਹਨ ਤੇ ਅਸੀ ਤਾਂ ਐਵੇਂ ਹੀ ਅਪਣੇ ਧਰਮ ਵਿਚ ਧੱਕੇ ਨਾਲ ਘਸੋੜੀ ਗਈ ਹਰ ਪ੍ਰੰਪਰਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਰਹਿੰਦੇ ਹਾਂ।
ਸਮਝਦਾਰਾਂ ਨੂੰ ਤਾਂ ਇਸ ਸੱਚ ਦੀ ਸਮਝ ਕਾਫ਼ੀ ਸਮੇਂ ਤੋਂ ਆ ਚੁਕੀ ਹੈ ਪਰ ਜਿਨ੍ਹਾਂ ਨੂੰ ਅਸਲ ਵਿਚ ਆਉਣੀ ਚਾਹੀਦੀ ਸੀ, ਉਨ੍ਹਾਂ ਨੂੰ ਅਜੇ ਤਕ ਨਹੀਂ ਆਈ ਕਿਉਂਕਿ ਉਨ੍ਹਾਂ ਲਈ ਅੜੇ ਰਹਿਣਾ, ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਵਾਲ ਬਣ ਚੁੱਕਾ ਹੈ।

ਪਰ ਸਿੱਖ ਇਤਿਹਾਸ ਵਿਚ, ਇਸ ਸੱਚ ਨੂੰ ਬਿਆਨ ਕਰਨ ਦਾ ਜਿੰਨਾ ਨੁਕਸਾਨ ਮੈਨੂੰ ਤੇ ਸਪੋਕਸਮੈਨ ਨੂੰ ਉਠਾਣਾ ਪਿਆ ਹੈ, ਉਨਾ ਸ਼ਾਇਦ ਦੁਨੀਆਂ ਵਿਚ ਕਿਸੇ ਵੀ ਪੁਜਾਰੀਵਾਦ ਦੀ ਵਿਰੋਧਤਾ ਕਰਨ ਵਾਲੇ ਨੂੰ ਉਠਾਣਾ ਨਹੀਂ ਪਿਆ ਹੋਵੇਗਾ। ਇਸ ਲਈ ਮੈਂ ਤਾਂ ਅਖ਼ੀਰ ਤਕ ਇਸ ਸੱਚ ਦਾ ਹੋਕਾ ਦੇਂਦਾ ਹੀ ਰਹਾਂਗਾ ਕਿਉਂਕਿ ਸਿੱਖੀ ਵਰਗੇ ਆਧੁਨਿਕ ਜ਼ਮਾਨੇ ਦੇ ਫ਼ਲਸਫ਼ੇ ਦਾ ਬਚਾਅ ਤੇ ਵਿਕਾਸ ਹੀ ਇਸ ਗੱਲ ਵਿਚ ਛੁਪਿਆ ਹੋਇਆ ਹੈ ਕਿ ਅਸੀ ਪੁਜਾਰੀਵਾਦ ਨੂੰ ਗੁਰਦਵਾਰੇ ਵਿਚੋਂ ਬਾਹਰ ਕੱਢਣ ਵਿਚ ਕਾਮਯਾਬ ਹੋ ਵੀ ਸਕਾਂਗੇ ਜਾਂ ਨਹੀਂ। ਜੇਕਰ ਨਹੀਂ ਹੋ ਸਕਾਂਗੇ ਤਾਂ ਸਿੱਖੀ ਦਾ ਭਵਿੱਖ, ਕਈ ਛੋਟੀਆਂ ਮੋਟੀਆਂ ਕਾਮਯਾਬੀਆਂ ਦੇ ਬਾਵਜੂਦ, ਕਦੇ ਉਜਲਾ ਨਹੀਂ ਹੋ ਸਕੇਗਾ।

ਅਕਾਲੀ ਫੂਲਾ ਸਿੰਘ ਦਾ ਜ਼ਿਕਰ
ਜਿਵੇਂ ਕਿ ਮੈਂ ਹਮੇਸ਼ਾ ਹੀ ਲਿਖਿਆ ਹੈ, ਅਕਾਲੀ ਫੂਲਾ ਸਿੰਘ ਕਦੇ ਵੀ ਅਕਾਲ ਤਖ਼ਤ ਦਾ 'ਜਥੇਦਾਰ' ਨਹੀਂ ਸੀ ਕਿਉਂਕਿ ਉਸ ਸਮੇਂ 'ਜਥੇਦਾਰੀ' ਸਿਸਟਮ ਅਕਾਲ ਤਖ਼ਤ ਤੇ ਸ਼ੁਰੂ ਵੀ ਨਹੀਂ ਸੀ ਹੋਇਆ। ਸਿੱਖਾਂ ਦੇ ਲੜਾਕੇ ਜਥੇ ਹੀ ਹੁੰਦੇ ਸਨ ਜੋ ਮੁਗ਼ਲਾਂ ਨੂੰ ਭਾਜੜਾਂ ਪਾਈ ਰਖਦੇ ਸਨ ਤੇ ਉਨ੍ਹਾਂ ਦੇ ਆਗੂ ਨੂੰ ਹੀ 'ਜਥੇਦਾਰ' ਕਹਿੰਦੇ ਸਨ। ਅਕਾਲੀ ਫੂਲਾ ਸਿੰਘ ਨਿਹੰਗ ਸਿੰਘਾਂ ਦੀ ਛਾਉਣੀ ਦਾ 'ਜਥੇਦਾਰ' ਸੀ, ਅਕਾਲ ਤਖ਼ਤ ਦਾ ਨਹੀਂ। ਉਸ ਨੂੰ ਜ਼ਿੰਮੇਵਾਰੀ ਇਹ ਸੌਂਪੀ ਗਈ ਸੀ ਕਿ ਉਹ ਦਰਬਾਰ ਸਾਹਿਬ ਦੀ ਵਿਦੇਸ਼ੀ ਜਰਵਾਣਿਆਂ ਤੋਂ ਰਖਿਆ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੀ ਹਰ ਤਾਕਤ ਨੂੰ ਵਰਤ ਸਕਦਾ ਸੀ।

ਸ਼ੁਰੂ ਤੋਂ ਹੀ ਨਿਹੰਗ ਸਿੰਘਾਂ ਨੇ ਅਪਣੇ ਅੰਦਰ ਦੇ ਅਨੁਸ਼ਾਸਨ ਲਈ ਇਕ ਵਖਰਾ 'ਬੋਲਾ' ਸਿਰਜਿਆ ਹੋਇਆ ਸੀ ਤੇ ਵਖਰੀ ਮਰਿਆਦਾ ਬਣਾਈ ਹੋਈ ਸੀ। ਮੋਰਾਂ ਨਾਲ ਸਬੰਧਾਂ ਨੂੰ ਲੈ ਕੇ, ਅਕਾਲੀ ਫੂਲਾ ਸਿੰਘ ਨੇ ਇਸ ਨਿਹੰਗ ਮਰਿਆਦਾ ਤੇ ਨਿਹੰਗ ਬੋਲੇ ਅਨੁਸਾਰ ਮਹਾਰਾਜੇ ਨੂੰ ਸੱਦ ਲਿਆ ਸੀ ਤੇ ਤਨਖ਼ਾਹ ਵੀ ਉਸ ਨੂੰ ਸੁਣੇ ਬਗ਼ੈਰ ਲਗਾ ਦਿਤੀ ਸੀ ਤੇ ਪਿਛਲੇ ਦਰਵਾਜ਼ਿਉਂ ਜ਼ੋਰ ਪੈਣ ਉਤੇ (ਧਮਕੀਆਂ ਮਿਲਣ ਤੇ) 'ਤਨਖ਼ਾਹ' ਵਾਪਸ ਵੀ ਲੈ ਲਈ ਸੀ ਤੇ ਮਹਾਰਾਜੇ ਕੋਲੋਂ ਮੋਰਾਂ ਬਾਰੇ ਕੋਈ ਪ੍ਰਣ ਵੀ ਨਹੀਂ ਸੀ ਲਿਆ।

ਆਖ਼ਰ ਮਕਸਦ ਮਹਾਰਾਜੇ ਨੂੰ 'ਹੁਕਮ ਦਾ ਤਾਬਿਆਦਾਰ' ਦਰਸਾਣਾ ਤਾਂ ਨਹੀਂ ਸੀ ਸਗੋਂ ਇਹ ਸੀ ਕਿ ਮਹਾਰਾਜਾ ਇਕ ਨਾਚੀ ਮੋਰਾਂ ਨਾਲੋਂ ਅਪਣੇ ਸਬੰਧ ਤੋੜ ਲਵੇ। ਕੋਰੜੇ ਮਾਰਨ ਦੀ ਸਜ਼ਾ ਦੇਣ ਤੇ ਫਿਰ ਇਹ ਹੁਕਮ ਵਾਪਸ ਲੈਣ ਤੋਂ ਅੱਗੇ ਕਿਉਂ ਨਹੀਂ ਦਸਿਆ ਜਾਂਦਾ ਕਿ ਅਸਲ ਗੱਲ ਦਾ ਕੀ ਬਣਿਆ? ਅਸਲ ਗੱਲ ਤਾਂ ਮੋਰਾਂ ਨਾਚੀ ਸੀ ਜੋ ਹਾਥੀ ਉਤੇ ਵੀ ਮਹਾਰਾਜੇ ਨਾਲ ਬੈਠਦੀ ਸੀ ਤੇ ਉਸ ਦਾ ਹੁਕਮ ਟਾਲਣ ਦੀ ਹਿੰਮਤ ਕਿਸੇ ਦਰਬਾਰੀ ਕੋਲ ਵੀ ਨਹੀਂ ਸੀ। ਇਹ ਵੀ ਸਾਨੂੰ ਪਤਾ ਹੈ ਕਿ ਮਹਾਰਾਜੇ ਨੇ ਉਸ ਤੋਂ ਬਾਅਦ ਅਕਾਲੀ ਫੂਲਾ ਸਿੰਘ ਨੂੰ ਬਠਿੰਡੇ ਦੇ ਰੇਤਲੇ ਟਿੱਬਿਆਂ ਵਿਚ ਹੀ ਘੁਮਾਈ ਰਖਿਆ ਸੀ ਪਰ ਅੰਮ੍ਰਿਤਸਰ ਦੀ ਧਰਤੀ ਉਤੇ ਪੈਰ ਰੱਖਣ ਦੀ ਆਗਿਆ ਨਹੀਂ ਸੀ ਦਿਤੀ।

ਇਸ ਲਈ ਅਕਾਲੀ ਫੂਲਾ ਸਿੰਘ ਵਾਲੀ ਕਹਾਣੀ ਦਾ ਜ਼ਿਕਰ ਨਾ ਹੀ ਕਰੀਏ ਤਾਂ ਚੰਗਾ ਰਹੇਗਾ ਕਿਉਂਕਿ ਇਹ ਤਾਂ ਰਾਜਿਆਂ ਦੇ ਦਰਬਾਰੀਆਂ ਦੀ ਆਪਸੀ ਖਹਿਬਾਜ਼ੀ ਦਾ ਇਕ ਨਮੂਨਾ ਹੀ ਸੀ ਜਿਸ ਵਿਚੋਂ ਮਹਾਰਾਜੇ ਦੀ ਜੈ-ਜੈਕਾਰ ਤੋਂ ਬਿਨਾਂ ਨਿਕਲਿਆ ਤਾਂ ਕੁੱਝ ਵੀ ਨਹੀਂ ਸੀ। ਮੋਰਾਂ ਅਖ਼ੀਰ ਤਕ ਸਿੱਖ ਰਾਜ ਤੇ ਛਾਈ ਰਹੀ ਤੇ ਪੁਲ ਕੰਜਰੀ ਵਿਖੇ ਮਹਾਰਾਜਾ ਉਸ ਕੋਲ ਜਾਂਦਾ ਵੀ ਰਿਹਾ। ਕੀ ਅਕਾਲ ਤਖ਼ਤ ਦੇ ਦਖ਼ਲ (ਜੇ ਇਸ ਨੂੰ 'ਅਕਾਲ ਤਖ਼ਤ ਦਾ ਦਖ਼ਲ ਕਿਹਾ ਜਾ ਵੀ ਸਕਦਾ ਹੋਵੇ) ਦਾ ਇਹ ਹਸ਼ਰ ਫ਼ਖ਼ਰ ਕਰਨ ਵਾਲੀ ਗੱਲ ਹੈ?

ਅਕਾਲ ਤਖਤ ਉਤੇ ਫ਼ੈਸਲੇ ਲੈਣ ਦੀ ਪ੍ਰੰਪਰਾ ਸ਼ੁਰੂ ਕਿਵੇਂ ਹੋਈ?
ਅਕਾਲ ਤਖ਼ਤ ਨੂੰ ਪੰਥ ਦੇ ਸਮੁੱਚੇ ਭਲੇ ਲਈ ਵਰਤਣ ਦੀ ਪ੍ਰੰਪਰਾ, ਪਹਿਲੀ ਵਾਰ ਮਿਸਲਾਂ ਦੇ ਆਪਸੀ ਝਗੜਿਆਂ ਵੇਲੇ ਪਈ ਜਦੋਂ ਕੁੱਝ ਸਿਆਣੇ ਲੋਕਾਂ ਦੇ ਸਮਝਾਉਣ ਤੇ, ਮਿਸਲਾਂ ਦੇ ਮੁਖੀ ਇਸ ਗੱਲ ਲਈ ਸਹਿਮਤ ਹੋ ਗਏ ਕਿ ਜਦ ਵੀ ਆਪਸੀ ਮਤਭੇਦ ਵੱਧ ਜਾਣ ਤਾਂ ਅਕਾਲ ਤਖ਼ਤ ਦੇ ਵਿਹੜੇ ਵਿਚ ਸਾਰੇ ਜਣਿਆਂ ਦੇ ਮੁਖੀ ਇਕੱਠੇ ਹੋ ਕੇ ਅਪਣੇ-ਅਪਣੇ ਦਾਅਵੇ ਪੇਸ਼ ਕਰ ਦਿਆ ਕਰਨ ਤੇ ਇਕ ਸਾਂਝਾ ਮਾਂਝਾ 'ਜਥੇਦਾਰ' ਉਥੇ ਬੈਠੇ 'ਜਥੇਦਾਰਾਂ' ਵਿਚੋਂ ਹੀ ਚੁਣ ਕੇ ਉਸ ਨੂੰ ਅਧਿਕਾਰ ਦੇ ਦਿਤੇ ਜਾਣ ਕਿ ਉਹ ਪੂਰੀ ਨਿਰਪੱਖਤਾ ਨਾਲ ਅਪਣਾ ਫ਼ੈਸਲਾ ਦੇਵੇ ਜਿਸ ਫ਼ੈਸਲੇ ਦਾ ਐਲਾਨ ਅਕਾਲ ਤਖ਼ਤ ਤੋਂ ਉਹੀ ਜਥੇਦਾਰ ਕਰ ਦੇਵੇ ਤੇ ਇਹ ਫ਼ੈਸਲਾ ਸਾਰਿਆਂ ਲਈ ਮੰਨਣਾ ਲਾਜ਼ਮੀ ਹੋਵੇ।

ਇਸ ਵਿਚ ਅਕਾਲ ਤਖ਼ਤ ਜਾਂ ਉਸ ਦੇ ਕਿਸੇ ਖ਼ਿਆਲੀ 'ਜਥੇਦਾਰ' ਦਾ ਜ਼ਿਕਰ ਵੀ ਨਹੀਂ ਆਉਂਦਾ, ਕੇਵਲ ਸਾਂਝੀ ਬੈਠਕ ਦੀ ਥਾਂ ਦਾ ਜ਼ਿਕਰ ਆਉਂਦਾ ਹੈ ਜੋ ਅਕਾਲ ਤਖ਼ਤ ਦੇ ਸਾਹਮਣੇ ਦਾ ਖੁਲ੍ਹਾ ਵਿਹੜਾ ਸੀ। ਬਾਕੀ ਸੱਭ ਕੁੱਝ ਉਨ੍ਹਾਂ ਦਾ ਅਪਣਾ ਹੀ ਹੁੰਦਾ ਸੀ ਤੇ ਅਕਾਲ ਤਖ਼ਤ ਨਾਲ ਕੋਈ ਸਬੰਧ ਨਹੀਂ ਸੀ ਹੁੰਦਾ। ਇਸ ਪਿਛੋਕੜ ਨੂੰ ਸਾਹਮਣੇ ਰੱਖ ਕੇ ਹੁਣ ਅਕਾਲ ਤਖ਼ਤ ਕੀ ਕਰ ਸਕਦਾ ਹੈ? ਕਾਬਲ ਵਿਚ ਰਹਿ ਗਏ ਹਜ਼ਾਰ ਡੇਢ ਹਜ਼ਾਰ ਹਿੰਦੂਆਂ ਸਿੱਖਾਂ ਨੂੰ ਜੋ ਬਾਬੇ ਨਾਨਕ ਦੀ ਸੰਗਤ ਅਖਵਾਉਂਦੇ ਹਨ, ਉਨ੍ਹਾਂ ਨੂੰ ਪੁੱਛੋ। ਉਨ੍ਹਾਂ ਨੂੰ 10 ਦਿਨਾਂ ਵਿਚ ਅਫ਼ਗ਼ਾਨਿਸਤਾਨ ਛੱਡ ਕੇ ਚਲੇ ਜਾਣ ਲਈ ਕਿਹਾ ਜਾ ਰਿਹਾ ਹੈ।

25 ਸਿੱਖ ਗੋਲੀਆਂ ਨਾਲ ਭੁੰਨ ਦਿਤੇ ਗਏ ਤੇ 80 ਦੇ ਕਰੀਬ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਪਏ ਹਨ। ਉਨ੍ਹਾਂ ਦੀ ਮਦਦ ਅਕਾਲ ਤਖ਼ਤ ਕਰ ਸਕਦਾ ਹੈ। ਕਿਵੇਂ? ਇਕ ਫ਼ੰਡ ਕਾਇਮ ਕਰ ਕੇ ਭਾਰਤ ਵਿਚ ਉਨ੍ਹਾਂ ਦੇ ਵਸੇਬੇ ਦਾ ਪ੍ਰੋਗਰਾਮ ਬਣਾ ਸਕਦਾ ਹੈ ਤੇ ਇਕ ਕਾਲੋਨੀ ਬਣਾ ਕੇ ਦੇ ਸਕਦਾ ਹੈ। ਅਕਾਲ ਤਖ਼ਤ ਦਾ ਜੇ ਸਚਮੁਚ ਅਕਾਲ ਪੁਰਖ ਜਾਂ ਧਰਮ ਨਾਲ ਕੋਈ ਸਬੰਧ ਹੈ ਤਾਂ ਹਰ ਦੁਖੀ ਸਿੱਖ ਦੀ ਚੀਕ ਪੁਕਾਰ ਸੁਣ ਕੇ, ਇਸ ਨੂੰ ਮਦਦ ਲਈ ਉਡ ਕੇ ਪਹੁੰਚਣਾ ਚਾਹੀਦਾ ਹੈ। ਨਵੰਬਰ 84 ਦੀਆਂ ਸਿੱਖ ਵਿਧਵਾਵਾਂ ਦੀ ਮਦਦ ਲਈ ਵੀ ਸਪੋਕਸਮੈਨ ਨੇ ਬੜੀ ਜ਼ੋਰ ਨਾਲ ਆਖਿਆ ਸੀ ਪਰ ਕੋਈ ਅਸਰ ਨਹੀਂ ਸੀ ਹੋਇਆ।

ਕਾਫ਼ੀ ਦੇਰ ਮਗਰੋਂ ਵੀ ਜਦ ਪੀੜਤ ਸਿੰਘਣੀਆਂ ਅਕਾਲ ਤਖ਼ਤ ਉਤੇ ਆਈਆਂ ਤਾਂ ਥਾਣੇਦਾਰੀ ਰੂਪ ਵਾਲੇ 'ਜਥੇਦਾਰ' ਨੇ ਉਨ੍ਹਾਂ ਨੂੰ 'ਖੇਖਣਹਾਰੀਆਂ' ਕਹਿ ਕੇ ਦੁਰਕਾਰ ਦਿਤਾ ਸੀ। ਅਕਾਲ ਤਖ਼ਤ ਦਾ ਜੇ ਸਚਮੁਚ ਹੀ ਅਕਾਲ ਪੁਰਖ ਨਾਲ ਕੋਈ ਸਬੰਧ ਹੈ ਤਾਂ ਇਥੋਂ ਕੇਵਲ ਕ੍ਰਿਪਾ ਦਾ ਪ੍ਰਸ਼ਾਦਿ ਹੀ ਵੰਡਿਆ ਜਾਣਾ ਚਾਹੀਦਾ ਹੈ, ਛੇਕਣ ਦੀਆਂ ਧਮਕੀਆਂ ਦਾ ਨਾਂ ਵੀ ਨਹੀਂ ਲੈਣਾ ਚਾਹੀਦਾ। ਅਕਾਲ ਤਖ਼ਤ ਦੇ ਕਰਨ ਵਾਲਾ ਕੰਮ ਇਹੀ ਹੈ ਕਿ ਜਿਥੇ ਕੋਈ ਮਤਭੇਦ ਹੋ ਜਾਣ ਜਾਂ ਸਿੱਖਾਂ ਨਾਲ ਧੱਕਾ ਹੋ ਜਾਏ ਤਾਂ ਸਾਰੀਆਂ ਧਿਰਾਂ ਨੂੰ ਬੁਲਾ ਕੇ ਮਤਭੇਦ ਦੂਰ ਕਰਵਾ ਦੇਵੇ ਤੇ ਜੱਫੀਆਂ ਪਵਾ ਕੇ ਭੇਜੇ। ਉਨ੍ਹਾਂ ਦੇ ਸਰਬ-ਸੰਮਤੀ ਵਾਲੇ ਫ਼ੈਸਲਿਆਂ ਦਾ ਐਲਾਨ ਹੀ ਅਕਾਲ ਤਖ਼ਤ ਤੋਂ ਕੀਤਾ ਜਾਏ।

ਇਸ ਵੇਲੇ ਕਾਬਲ ਦੇ ਸਿੱਖਾਂ ਨੂੰ ਅਕਾਲ ਤਖ਼ਤ ਦੀ 'ਕ੍ਰਿਪਾ' ਦਾ ਪ੍ਰਸ਼ਾਦ ਮਿਲ ਜਾਏ ਤਾਂ ਧਨ-ਧਨ ਹੋ ਜਾਣਗੇ। ਪਰ ਉਸ ਪਾਸੇ ਅਕਾਲ ਤਖ਼ਤ ਇਕ ਸਾਧਾਰਣ ਸਮਾਜਕ ਜਥੇਬੰਦੀ ਵਾਲਾ ਰੋਲ ਵੀ ਨਹੀਂ ਨਿਭਾਉਣਾ ਚਾਹੁੰਦਾ ਤੇ ਚਾਹੁੰਦਾ ਇਹ ਹੈ ਕਿ ਇਸ ਦੀ 'ਭੁੱਲਾਂ ਬਖ਼ਸ਼ਾਉਣ' ਦੀ ਜਿਹੜੀ ਵਰਕਸ਼ਾਪ ਖੁਲ੍ਹੀ ਹੋਈ ਹੈ, ਉਸ ਵਿਚ ਲੋਕੀ ਧੜਾਧੜ ਆ ਕੇ ਭੁੱਲਾਂ ਬਖ਼ਸ਼ਾਈ ਜਾਣ ਤੇ ਪੁਜਾਰੀਵਾਦ ਦੀ ਜੈ ਜੈਕਾਰ ਕਰਦੇ ਜਾਣ। ਇਹ ਨਹੀਂ ਜੇ ਚਲਣਾ। ਵਕਤ ਬਦਲ ਗਏ ਹਨ। ਕਿਸੇ ਵੀ ਨਵੇਂ ਪੁਰਾਣੇ ਧਰਮ ਵਿਚ ਇਹ ਪੱਥਰ ਯੁਗ ਦੀ ਰੀਤ ਹੁਣ ਨਹੀਂ ਮੰਨੀ ਜਾ ਰਹੀ। ਸਿੱਖੀ ਨੂੰ ਨਵੇਂ ਯੁਗ ਦੇ ਫ਼ਲਸਫ਼ੇ ਵਜੋਂ ਪੇਸ਼ ਕਰਨ ਦੇ ਚਾਹਵਾਨ ਵੀ ਹੁਣ ਇਸ ਪੱਥਰ ਯੁਗ ਦੀ ਮਰਿਆਦਾ ਨੂੰ ਸਿੱਖੀ ਦੀ ਧੌਣ ਦੁਆਲੇ ਪੁਰਾਤਨਤਾ ਦਾ ਇਹ ਪੱਥਰ ਬੰਨ੍ਹ ਕੇ ਲਟਕਾਉਣ ਦੀ ਜ਼ਿੱਦ ਛੱਡ ਹੀ ਦੇਣ ਤਾਂ ਚੰਗਾ ਰਹੇਗਾ। ਜ਼ਿੱਦ ਛੱਡਣ ਨਾਲ ਅਕਾਲ ਤਖ਼ਤ ਦਾ ਸਤਿਕਾਰ ਵੀ ਵਧੇਗਾ ਤੇ ਸਿੱਖਾਂ ਦਾ ਵੀ।