ਨਵੇਂ ਸਾਲ ਦੀਆਂ ਵਧਾਈਆਂ ਵੀ ਤੇ ਚੁਨੌਤੀਆਂ ਵੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਤੁਸੀ ਕਿਹੜੇ ਪਾਸੇ ਆਉਣਾ ਚਾਹੋਗੇ¸ਜਿਊਂਦੇ ਜਾਗਦੇ ਮੁਰਦਿਆਂ ਵਿਚ ਜਾਂ ਪੰਜਾਬ-ਪ੍ਰੇਮ ਵਿਚ ਜਾਗੇ ਹੋਏ ਕਮਲਿਆਂ ਵਿਚ?

File Photo

ਨਵੇਂ ਸਾਲ ਦੀਆਂ ਅਰਬਾਂ-ਖਰਬਾਂ ਵਧਾਈਆਂ। ਰੱਬ ਸਾਡੇ ਸਾਰਿਆਂ ਉਤੇ ਮਿਹਰ ਕਰੇ ਅਤੇ ਪੰਜਾਬੀਆਂ ਦੇ ਖ਼ਜ਼ਾਨਿਆਂ ਨੂੰ ਭਰਨ ਦਾ ਰਸਤਾ ਵਿਖਾਏ। ਦੁਨਿਆਵੀ ਸੋਚ ਆਖਦੀ ਹੈ ਕਿ ਜੇ ਰੋਣਾ ਹੀ ਹੈ ਤਾਂ ਰੋਣ ਵਾਸਤੇ ਇਕ ਮਖ਼ਮਲੀ ਬਿਸਤਰ ਕਿਸੇ ਕੁਟੀਆ ਤੋਂ ਬਿਹਤਰ ਹੁੰਦਾ ਹੈ। ਸੋ ਜੇ ਪੰਜਾਬ ਨੇ ਪੱਕਾ ਵਿਸ਼ਵਾਸ ਬਣਾ ਹੀ ਲਿਆ ਹੈ ਕਿ ਉਨ੍ਹਾਂ ਵਾਸਤੇ ਹੁਣ ਕੁੱਝ ਚੰਗਾ ਨਹੀਂ ਹੋ ਸਕਦਾ ਅਤੇ ਉਨ੍ਹਾਂ ਅਪਣੇ ਬੀਤੇ ਦਿਨਾਂ ਦੇ ਸਹਾਰੇ ਅਪਣੇ ਆਉਣ ਵਾਲੇ ਕਲ੍ਹ ਨੂੰ ਵੀ ਉਦਾਸੀ ਵਿਚ ਹੀ ਰੋਲਣਾ ਹੈ ਤਾਂ ਉਨ੍ਹਾਂ ਨੂੰ ਰੋਣ ਵਿਚ ਸਹੂਲਤ ਤਾਂ ਰੱਬ ਬਖ਼ਸ਼ ਹੀ ਦੇਵੇ।

ਪਰ ਜਿਹੜੇ ਸਮਝਦੇ ਹਨ ਕਿ ਆਉਣ ਵਾਲੇ ਕਲ੍ਹ ਵਿਚ ਸੁਧਾਰ ਮੁਮਕਿਨ ਹੈ ਅਤੇ ਪੰਜਾਬ ਦੇ ਅੱਛੇ ਦਿਨਾਂ ਦਾ ਕੋਟਾ ਖ਼ਤਮ ਨਹੀਂ ਹੋਇਆ ਤਾਂ ਉਨ੍ਹਾਂ ਵਾਸਤੇ ਬਾਬਾ ਫ਼ਰੀਦ ਦੇ ਇਹ ਸ਼ਬਦ ਅੱਜ ਦੇ ਦਿਨ ਉਹ ਤਾਕਤ ਦੇਣਗੇ ਕਿ:
ਉਠ ਫ਼ਰੀਦਾ ਸੁਤਿਆ ਮਨ ਦਾ ਦੀਵਾ ਬਾਲ।
ਸਾਹਿਬ ਜਿਨ੍ਹਾਂ ਦੇ ਜਾਗਦੇ ਨਫ਼ਰ ਕੀ ਸੋਵਣ ਨਾਲ।

ਕਿਉਂ ਪੰਜਾਬੀ ਅੱਜ ਇਸ ਝਾਕ ਵਿਚ ਬੈਠੇ ਹਨ ਕਿ ਉਨ੍ਹਾਂ ਨੂੰ ਕੋਈ ਆ ਕੇ ਉਠਾਏ? ਕਦੇ ਉਹ ਸਿਆਸਤਦਾਨਾਂ ਵਲ ਵੇਖਦੇ ਹਨ ਅਤੇ ਕਦੇ ਕਿਸੇ ਕੁੰਡਲੀ ਵਿਚ ਅਪਣੀ ਕਿਸਮਤ ਬਦਲਣ ਦੀ ਚਾਬੀ ਲਭਦੇ ਹਨ। ਪੰਜਾਬ ਨੂੰ ਵਿਰਾਸਤ ਵਿਚ ਸਿਰਫ਼ ਸੂਰਬੀਰਾਂ ਦੀਆਂ ਕਹਾਣੀਆਂ ਹੀ ਨਹੀਂ ਮਿਲੀਆਂ ਬਲਕਿ ਉਨ੍ਹਾਂ ਦੀ ਵੀਰਤਾ ਹੀ ਪੰਜਾਬ ਦੀ ਵਿਰਾਸਤ ਹੈ ਪਰ ਪੰਜਾਬੀਆਂ ਤੋਂ ਕਮਜ਼ੋਰ ਅਤੇ ਨਿਰਬਲ ਕੌਮ ਅੱਜ ਦੇ ਦਿਨ ਸਾਰੇ ਭਾਰਤ 'ਚ ਨਹੀਂ ਮਿਲਦੀ।

ਦੇਸ਼ ਨੂੰ  ਭੁਖਮਰੀ ਤੋਂ ਬਚਾਉਣ ਵਾਲੇ ਕਿਸਾਨ ਅੱਜ ਰੇਲਵੇ ਸਟੇਸ਼ਨਾਂ 'ਤੇ ਬਿਹਾਰ/ਯੂ.ਪੀ. ਤੋਂ ਡੌਲਿਆਂ ਵਾਲੀਆਂ ਬਾਹਾਂ ਦੀ ਤਾਕ ਵਿਚ ਬੈਠੇ ਮਿਲਦੇ ਹਨ। ਪੰਜਾਬ ਦੀ ਅੱਧੀ ਆਬਾਦੀ ਅਪਣੇ ਹੱਥਾਂ ਵਿਚ ਮਹਿੰਗੇ ਮਹਿੰਗੇ ਬ੍ਰਾਂਡਾਂ ਦੀਆਂ ਚੂੜੀਆਂ ਪਾ ਕੇ ਅਪਣਾ ਜੀਵਨ ਨਸ਼ੇ ਦੇ ਧੂੰਏਂ ਵਿਚ ਉਡਾ ਰਹੀ ਹੈ। ਜਿਨ੍ਹਾਂ ਨੇ ਇਸ ਨੀਂਦ ਤੋਂ ਜਾਗਣਾ ਹੈ, ਉਨ੍ਹਾਂ ਨੂੰ ਅਪਣੇ ਮਨ ਦਾ ਦੀਵਾ ਬਾਲਣਾ ਪਵੇਗਾ। 

ਅੱਜ ਪੰਜਾਬ ਦੀ ਸੱਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਨਾ ਸਿਰਫ਼ ਆਗੂ ਬਲਕਿ ਆਮ ਜਨਤਾ, ਸਿਰਫ਼ ਅਤੇ ਸਿਰਫ਼ 'ਮੈਂ' ਤਕ ਸੀਮਤ ਹੋ ਕੇ ਰਹਿ ਗਈ ਹੈ। ਸਾਰੇ ਰੋਂਦੇ ਹਨ ਕਿ ਮੇਰੇ ਕਰਜ਼ੇ ਦਾ ਕੀ ਬਣੇਗਾ? ਕਿਸੇ ਨੂੰ ਫ਼ਿਕਰ ਨਹੀਂ ਕਿ ਸਾਡੇ ਪੰਜਾਬ ਦੇ ਕਰਜ਼ੇ ਦਾ ਕੀ ਹੋਵੇਗਾ? ਜਿਹੜੇ ਕਰਜ਼ਾ ਕਰਜ਼ਾ ਰੋਂਦੇ ਹਨ, ਜਿਹੜੇ ਵੱਡੀਆਂ ਸਰਕਾਰੀ ਤਨਖ਼ਾਹਾਂ ਲੈਂਦੇ ਹਨ, ਉਹੀ ਪੰਜਾਬ ਵਿਚ ਭ੍ਰਿਸ਼ਟਾਚਾਰ ਫੈਲਾ ਰਹੇ ਹਨ। ਅੱਜ ਦਿਲ ਤੇ ਹੱਥ ਰੱਖ ਕੇ ਸੋਚੋ, ਕਿੰਨੇ ਪੰਜਾਬੀ ਹਨ ਜੋ ਅਪਣਾ ਫ਼ਰਜ਼ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ?

ਕਿੰਨੇ ਹੀ ਹਨ ਜਿਨ੍ਹਾਂ ਦੇ ਆਸਪਾਸ ਗੁੰਡੇ ਤੇ ਨਸ਼ੇ ਦੇ ਵਪਾਰੀ ਆਮ ਵਿਚਰਦੇ ਹਨ ਪਰ ਉਨ੍ਹਾਂ ਨੂੰ ਉਹ ਚੁਭਦੇ ਨਹੀਂ, ਜਦ ਤਕ ਉਨ੍ਹਾਂ ਦਾ ਅਪਣਾ ਬੱਚਾ ਨਸ਼ੇ ਦੀ ਦਲਦਲ ਵਿਚ ਨਹੀਂ ਧਸ ਜਾਂਦਾ। ਕਿੰਨੇ ਸਰਕਾਰੀ ਕਰਮਚਾਰੀ ਹਨ ਜਿਨ੍ਹਾਂ ਦੀਆਂ ਤਨਖ਼ਾਹਾਂ ਦੂਜੇ ਭਾਰਤੀ ਸੂਬਿਆਂ ਦੀਆਂ ਤਨਖ਼ਾਹਾਂ ਨਾਲੋਂ ਵੱਧ ਹਨ ਪਰ ਉਹ ਫਿਰ ਵੀ ਅਪਣਾ ਕੰਮ ਪੂਰਾ ਨਹੀਂ ਕਰਦੇ। ਦਰਿਆਵਾਂ ਨੂੰ ਆਪ ਰੇਤਾ ਚੋਰੀ ਕਰ ਕੇ ਸੁਕਾ ਦੇਂਦੇ ਹਨ ਅਤੇ ਫਿਰ ਆਖਦੇ ਹਨ ਕਿ ਪੰਜਾਬ ਦਾ ਪਾਣੀ ਕਿੱਥੇ ਗਿਆ?

2020 ਵਿਚ ਬੜੀਆਂ ਵੱਡੀਆਂ ਚੁਨੌਤੀਆਂ ਪੰਜਾਬ ਅੱਗੇ ਆਉਣੀਆਂ ਹਨ ਅਤੇ ਉਨ੍ਹਾਂ ਨਾਲ ਜੂਝਣ ਵਾਸਤੇ ਹਰ ਪੰਜਾਬ ਪ੍ਰੇਮੀ ਨੂੰ ਅਪਣੇ ਆਪ ਨੂੰ ਟਟੋਲਣਾ ਪਵੇਗਾ।  ਅਪਣੀ ਜਾਗਰੂਕਤਾ ਨੂੰ ਇਸ ਕਦਰ ਬੇਦਾਰ ਕਰਨਾ ਪਵੇਗਾ ਕਿ ਹਰ ਕੋਈ ਸਮਝਣ ਜੋਗਾ ਹੋ ਜਾਵੇ ਕਿ ਮੇਰਾ ਕਿਹੜਾ ਕਰਮ ਹੈ ਜੋ ਪੰਜਾਬ ਨੂੰ ਠੇਸ ਪਹੁੰਚਾ ਰਿਹਾ ਹੈ, ਭਾਵੇਂ ਉਹ ਛੋਟੀ ਜਹੀ ਝਰੀਟ ਹੀ ਹੋਵੇ। ਕੀ ਕਦੇ ਤੁਸੀਂ ਅਪਣੀ ਮਾਂ ਨੂੰ ਜਾਣਬੁਝ ਕੇ ਚੋਟ ਪਹੁੰਚਾਉਗੇ? ਨਹੀਂ ਨਾ?

ਤਾਂ ਫਿਰ ਪੰਜਾਬ ਨੂੰ ਕਿਉਂ? ਜਿਵੇਂ ਬਾਬੇ ਨਾਨਕ ਨੇ 550 ਸਾਲ ਪਹਿਲਾਂ ਵੱਡੇ ਵੱਡੇ ਧਰਮਾਂ ਦੇ ਸਾਹਮਣੇ ਅਪਣੇ ਫ਼ਲਸਫ਼ੇ ਲਈ ਥਾਂ ਬਣਾਈ ਸੀ, ਅੱਜ ਮੁੱਠੀ ਭਰ ਪੰਜਾਬੀ ਵੀ ਪੰਜਾਬ ਦੀ ਕਿਸਮਤ ਬਦਲ ਸਕਦੇ ਹਨ। ਤੁਸੀ ਕਿਹੜੀ ਗਿਣਤੀ ਵਿਚ ਆਉਣਾ ਚਾਹੋਗੇ¸ਜਿਊਂਦੇ ਜਾਗਦੇ ਮੁਰਦਿਆਂ ਵਿਚ ਜਾਂ ਪੰਜਾਬ ਦੇ ਪਿਆਰ ਵਿਚ ਜਾਗੇ ਹੋਏ ਕਮਲਿਆਂ ਵਿਚ?  -ਨਿਮਰਤ ਕੌਰ