ਦਿੱਲੀ ਦੀਆਂ ਚੋਣਾਂ ਜਿੱਤਣ ਲਈ ਹਰ ਹਰਬਾ ਜਾਇਜ਼?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਅਨੁਰਾਗ ਠਾਕੁਰ ਵਾਸਤੇ ਬੜਾ ਹੀ ਮਾਣ ਭਰਿਆ ਦਿਨ ਹੈ। ਉਨ੍ਹਾਂ ਨੇ ਜੋ ਅੱਗ ਲਾਈ ਸੀ, ਉਹ ਭੱਖ ਪਈ ਹੈ।

Photo

ਅੱਜ ਅਨੁਰਾਗ ਠਾਕੁਰ ਵਾਸਤੇ ਬੜਾ ਹੀ ਮਾਣ ਭਰਿਆ ਦਿਨ ਹੈ। ਉਨ੍ਹਾਂ ਨੇ ਜੋ ਅੱਗ ਲਾਈ ਸੀ, ਉਹ ਭੱਖ ਪਈ ਹੈ। 17 ਸਾਲ ਦਾ ਇਕ ਨਾਬਾਲਗ਼ ਮੁੰਡਾ ਸ਼ਾਹੀਨ ਬਾਗ਼ 'ਚ ਸੀ.ਏ.ਏ. ਅਤੇ ਐਨ.ਆਰ.ਸੀ. ਦਾ ਵਿਰੋਧ ਕਰ ਰਹੇ ਲੋਕਾਂ ਉਤੇ ਗੋਲੀ ਚਲਾਉਣ ਵਿਚ ਕਾਮਯਾਬ ਹੋ ਗਿਆ।

ਅਨੁਰਾਗ  ਠਾਕੁਰ ਨੇ ਜਦੋਂ ਨਾਹਰਾ ਲਾਇਆ ਸੀ ਕਿ 'ਦੇਸ਼ ਕੇ ਗ਼ੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ' ਤਾਂ ਉਨ੍ਹਾਂ ਨੂੰ ਵੀ ਪੱਕਾ ਯਕੀਨ ਨਹੀਂ ਹੋਵੇਗਾ ਕਿ ਉਨ੍ਹਾਂ ਦੇ ਕਹਿਣ ਤੇ ਤੁਰਤ ਅਮਲ ਵੀ ਹੋ ਜਾਵੇਗਾ ਤੇ ਸਚਮੁਚ ਹੀ ਪਿਸਤੌਲ ਚੁਕ ਕੇ ਕੋਈ ਅਪਣੀ ਜ਼ਿੰਦਗੀ ਨੂੰ ਦਾਅ ਉਤੇ ਵੀ ਲਾ ਦੇਵੇਗਾ। ਪਰ ਚਿੰਤਾ ਦੀ ਗੱਲ ਇਹ ਹੈ ਕਿ ਇਹ 'ਨਾਬਾਲਗ਼' ਵੀ ਜਾਣਦਾ ਹੈ ਕਿ ਉਸ ਨੂੰ ਦਿੱਲੀ ਪੁਲਿਸ ਤੋਂ ਕੋਈ ਖ਼ਤਰਾ ਨਹੀਂ।

ਉਹ ਤਾਂ ਉਨ੍ਹਾਂ ਦੀ ਸਿਫ਼ਤ ਵਿਚ ਜੈਕਾਰੇ ਛਡਦਾ ਆਇਆ ਸੀ ਅਤੇ ਦਿੱਲੀ ਪੁਲਿਸ ਵੀ ਹੱਥ ਉਤੇ ਹੱਥ ਧਰ ਕੇ ਇੰਤਜ਼ਾਰ ਕਰ ਰਹੀ ਸੀ ਕਿ ਇਹ 'ਨਾਬਾਲਗ਼' ਅਪਣਾ ਕੰਮ ਆਰਾਮ ਨਾਲ ਮੁਕਾ ਹੀ ਲਵੇ। ਇਹ ਤਾਂ ਇਕ ਹਿੰਮਤੀ ਵਿਦਿਆਰਥੀ ਸੀ ਜਿਸ ਨੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਇਸ ਨੌਜੁਆਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਥੇ ਬੈਠੀਆਂ ਮਾਵਾਂ-ਧੀਆਂ ਦੀਆਂ ਜਾਨਾਂ ਬਚਾ ਲਈਆਂ।

ਦਿੱਲੀ ਪੁਲਿਸ ਨੇ ਅਪਣੀ ਪੁਰਾਣੀ ਫ਼ਿਤਰਤ ਦਾ ਇਕ ਵਾਰ ਫਿਰ ਤੋਂ ਪ੍ਰਦਰਸ਼ਨ ਕੀਤਾ ਅਤੇ ਫ਼ਿਰਕੂ ਨਾਬਾਲਗ਼ ਨੂੰ ਕਹਿਰ ਢਾਹੁਣ ਦੀ ਇਜਾਜ਼ਤ ਦੇ ਦਿਤੀ। ਜ਼ਰੂਰ ਉਸ ਨੂੰ ਹਦਾਇਤ ਕੀਤੀ ਗਈ ਹੋਵੇਗੀ ਕਿ ਆਤੰਕ (ਡਰ) ਫੈਲ ਲੈਣ ਦਿਉ। ਤਾਂ ਹੀ ਤਾਂ ਅਨੁਰਾਗ ਠਾਕੁਰ ਅਪਣਾ ਜ਼ਹਿਰ ਫੈਲਾ ਰਹੇ ਹਨ। ਚੋਣ ਕਮਿਸ਼ਨ ਨੂੰ ਵੀ ਸ਼ਰਮਿੰਦਗੀ ਮਹਿਸੂਸ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨਫ਼ਰਤ ਫੈਲਾਉਣ ਦੀ ਇਜਾਜ਼ਤ ਦੇ ਰੱਖੀ ਹੈ।

ਕਿਉਂ ਫੈਲਾਇਆ ਜਾ ਰਿਹਾ ਹੈ ਦਿੱਲੀ ਵਿਚ ਜ਼ਹਿਰ? ਚੋਣਾਂ ਜਿੱਤਣ ਵਾਸਤੇ ਰਾਜ ਪ੍ਰਬੰਧ ਤੋਂ ਨਜ਼ਰ ਹਟਾ ਕੇ ਕੇਵਲ ਜਿੱਤ ਪੱਕੀ ਕਰਨੀ ਹੈ ਤੇ ਇਹ ਨਫ਼ਰਤ ਦੀ ਸਿਆਸਤ ਕੰਮ ਕਰ ਵੀ ਰਹੀ ਹੈ ਕਿਉਂਕਿ ਸੀ.ਏ.ਏ. ਦੇ ਮੁੱਦੇ ਤੇ ਸ਼ਾਹੀਨ ਬਾਗ਼ ਤੋਂ ਡਰਦੇ 7% ਲੋਕਾਂ ਨੇ ਅਪਣੀ ਵੋਟ 'ਆਪ' ਤੋਂ ਹਟਾ ਕੇ ਭਾਜਪਾ ਵਲ ਮੋੜ ਵੀ ਲਈ ਹੈ।

ਗੋਦੀ ਮੀਡੀਆ ਨੇ ਕਲ ਦੀ ਇਹ ਰੀਪੋਰਟ ਨਹੀਂ ਪ੍ਰਕਾਸ਼ਤ/ਪ੍ਰਸਾਰਤ ਕੀਤੀ ਕਿ ਇਕ ਫ਼ਿਰਕੂ ਨੌਜਵਾਨ ਨੇ ਸ਼ਾਹੀਨ ਬਾਗ਼ 'ਚ ਬੈਠੇ ਲੋਕਾਂ ਉਤੇ ਗੋਲੀ ਚਲਾਈ ਸਗੋਂ ਇਹ ਪ੍ਰਚਾਰ ਕੀਤਾ ਕਿ ਗੋਲੀ ਸ਼ਾਹੀਨ ਬਾਗ਼ 'ਚ ਬੈਠੇ ਪ੍ਰਦਰਸ਼ਨਕਾਰੀਆਂ ਨੇ ਚਲਾਈ। ਅੱਜ ਦਾ ਕੇਂਦਰੀ ਬਜਟ, ਮੱਧਮ ਵਰਗ ਵਾਸਤੇ ਜੇ ਕੋਈ ਨਵਾਂ ਤੋਹਫ਼ਾ ਲੈ ਆਇਆ ਤਾਂ ਭਾਜਪਾ ਦੇ ਹੱਕ ਵਿਚ ਇਹ 7% ਰੁਝਾਨ ਹੋਰ ਵੀ ਵੱਡਾ ਬਣ ਸਕਦਾ ਹੈ।

ਆਖ਼ਰ 6000 ਰੁਪਏ ਵਿਚ ਕਿਸਾਨ ਵੀ ਤਾਂ ਬਦਲ ਗਿਆ ਸੀ। ਨਫ਼ਰਤ, ਝੂਠੀ ਪੱਤਰਕਾਰੀ, ਵਿਕਾਊ ਜਨਤਾ, ਅਤੇ ਗੱਲ ਕਰਦੇ ਹਾਂ ਆਜ਼ਾਦੀ ਦੀ? ਭਾਰਤ ਨੂੰ ਅਸਲ ਵਿਚ ਆਜ਼ਾਦ ਰਹਿਣ ਦਾ ਮਤਲਬ ਹੀ ਨਹੀਂ ਪਤਾ ਕਿਉਂਕਿ ਇਹ ਤਾਂ 400 ਸਾਲ ਤਕ ਗ਼ੁਲਾਮ ਰਿਹਾ ਹੈ ਅਤੇ ਸਿਰਫ਼ 70 ਸਾਲ ਹੀ ਆਜ਼ਾਦੀ ਵੇਖੀ ਹੈ। ਸ਼ਾਇਦ ਅੱਜ ਦੇ ਤੂਫ਼ਾਨ ਸਾਨੂੰ ਆਜ਼ਾਦੀ ਦੇ ਤੌਰ ਤਰੀਕੇ ਸਿਖਾਉਣ ਵਾਸਤੇ ਆਏ ਹਨ ਜਾਂ ਮੁੜ ਤੋਂ ਗ਼ੁਲਾਮ ਬਣਨ ਦੀ ਸਾਡੀ ਤਿਆਰੀ ਸਾਡੇ ਸਾਹਮਣੇ ਆ ਰਹੀ ਹੈ।
-ਨਿਮਰਤ ਕੌਰ