ਭਾਰਤੀ ਪਾਇਲਟ ਅਭਿਨੰਦਨ ਦੀ ਘਰ-ਵਾਪਸੀ ਦਾ ਸ਼ੁਭ ਸਮਾਚਾਰ ਕੀ ਜੰਗੀ ਮਾਹੌਲ ਪੂਰੀ ਤਰ੍ਹਾਂ ਬਦਲ ਦੇਵੇਗਾ?
ਚੰਗਾ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਨੇ ਇਮਰਾਨ ਖ਼ਾਨ ਨੂੰ ਠੀਕ ਸਲਾਹ ਦਿਤੀ ਕਿ ਜੇ ਐਟਮੀ ਲੜਾਈ ਲੜਨ ਨੂੰ ਮੰਨ ਨਹੀਂ ਕਰਦਾ......
ਚੰਗਾ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਨੇ ਇਮਰਾਨ ਖ਼ਾਨ ਨੂੰ ਠੀਕ ਸਲਾਹ ਦਿਤੀ ਕਿ ਜੇ ਐਟਮੀ ਲੜਾਈ ਲੜਨ ਨੂੰ ਮੰਨ ਨਹੀਂ ਕਰਦਾ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ, ਚੋਣਾਂ ਦੇ ਐਨ ਨੇੜੇ ਆ ਕੇ ਇਹ ਦਾਅਵਾ ਕਰਨ ਦਾ ਮੌਕਾ ਜ਼ਰੂਰ ਦੇ ਦਿਤਾ ਜਾਵੇ ਕਿ ਉਸ ਦੀ ਜਿੱਤ ਹੋਈ ਹੈ। ਦਸਿਆ ਜਾਂਦਾ ਹੈ ਕਿ ਇਮਰਾਨ ਖ਼ਾਨ ਨੂੰ ਅਮਰੀਕੀ ਡਿਪਲੋਮੇਟਾਂ ਨੇ ਹੀ ਸਲਾਹ ਦਿਤੀ ਕਿ ਉਹ ਫੜੇ ਗਏ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਨੂੰ ਛੱਡ ਦੇਣ, ਇਸ ਨਾਲ ਭਾਰਤੀ ਪ੍ਰਧਾਨ ਮੰਤਰੀ ਨੂੰ ਜੇਤੂ ਹੋਣ ਦਾ ਦਾਅਵਾ ਕਰਨ ਦਾ ਮੌਕਾ ਮਿਲ ਜਾਏਗਾ ਤੇ ਜੰਗ ਦਾ ਮਾਹੌਲ ਬਦਲ ਜਾਵੇਗਾ।
ਅੱਜ ਸਾਰਾ ਦਿਨ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਵਾਲਾ ਮਾਹੌਲ ਬਣਿਆ ਰਿਹਾ ਜੋ ਦੇਰ ਸ਼ਾਮ ਤਕ ਕੁੱਝ ਨਰਮ ਉਸ ਵੇਲੇ ਪਿਆ ਜਦ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਹੇਠ ਆ ਕੇ ਇਮਰਾਨ ਖ਼ਾਨ ਨੇ ਅਪਣੇ ਦੇਸ਼ ਦੀ ਪਾਰਲੀਮੈਂਟ ਵਿਚ ਐਲਾਨ ਕਰ ਦਿਤਾ ਕਿ 'ਸ਼ਾਂਤੀ ਦਾ ਚੰਗਾ ਮਾਹੌਲ ਪੈਦਾ ਕਰਨ ਲਈ' ਉਹ ਭਾਰਤ ਦੇ ਫੜੇ ਗਏ ਪਾਇਲਟ ਅਭਿਨੰਦਨ ਵਰਤਮਾਨ ਨੂੰ ਕਲ ਸਵੇਰੇ ਰਿਹਾਅ ਕਰ ਦੇਣਗੇ। ਪਰ ਭਾਰਤ ਦੇ ਰਾਜਸੀ ਮਾਹੌਲ ਵਿਚ ਇਸ ਤੋਂ ਪਹਿਲਾਂ ਦੀ ਹਾਲਤ ਇਹ ਸੀ ਕਿ ਵਿਰੋਧੀ ਧਿਰ ਸਰਕਾਰ ਨਾਲ ਤਾਂ ਅਜੇ ਵੀ ਖੜੀ ਸੀ
ਪਰ ਉਨ੍ਹਾਂ ਨੇ ਸਰਕਾਰ ਵਿਰੁਧ ਅਪਣੀ ਨਾਖ਼ੁਸ਼ੀ ਦਾ ਪ੍ਰਗਟਾਵਾ ਖੁਲੇਆਮ ਕਰ ਦਿਤਾ ਸੀ। 21 ਵਿਰੋਧੀ ਪਾਰਟੀਆਂ ਵਲੋਂ ਹੁਣ ਤਕ ਬੜਾ ਸਬਰ ਵਿਖਾਇਆ ਜਾ ਰਿਹਾ ਸੀ ਪਰ ਸਰਕਾਰ ਵਲੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਭਾਰਤੀ ਪ੍ਰਥਾ ਤੋੜਨ ਦਾ ਵਿਰੋਧ ਸ਼ੁਰੂ ਕਰ ਦਿਤਾ। ਭਾਜਪਾ ਇਸ ਪ੍ਰਥਾ ਤੋਂ ਵਾਕਫ਼ ਹੈ ਕਿਉਂਕਿ ਜਦੋਂ ਵੀ ਦੇਸ਼ ਦੀ ਸੁਰੱਖਿਆ ਬਾਰੇ ਕੋਈ ਵੱਡਾ ਕਦਮ ਚੁਕਿਆ ਜਾਂਦਾ ਸੀ ਤਾਂ ਵਿਰੋਧੀ ਧਿਰ ਦੇ ਆਗੂ ਨਾਲ ਗੱਲਬਾਤ ਜ਼ਰੂਰ ਕੀਤੀ ਜਾਂਦੀ ਸੀ ਜਿਵੇਂ ਅਟਲ ਬਿਹਾਰੀ ਵਾਜਪਾਈ ਕੋਲੋਂ ਦਰਬਾਰ ਸਾਹਿਬ ਉਤੇ ਹਮਲੇ ਸਮੇਂ ਸਹਿਮਤੀ ਲਈ ਗਈ ਸੀ।
ਪਰ ਪ੍ਰਥਾ ਤੋੜਨ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਸੀ ਕਿ 24 ਘੰਟੇ ਵਿਚ ਹੀ ਪਾਕਿਸਤਾਨ ਨੇ ਸਾਡਾ ਪਾਇਲਟ ਫੜ ਕੇ ਸਾਰੀ ਖ਼ੁਸ਼ੀ ਕਿਰਕਰੀ ਕਰ ਦਿਤੀ। 21 ਵਿਰੋਧੀ ਪਾਰਟੀਆਂ ਦੇਸ਼ ਸਾਹਮਣੇ ਇਹ ਗੱਲ ਰਖਣਾ ਚਾਹੁੰਦੀਆਂ ਸਨ ਕਿ ਭਾਵੇਂ ਉਹ ਸਰਕਾਰ ਨਾਲ ਖੜੀਆਂ ਹਨ ਪਰ ਉਹ ਇਸ ਫ਼ੈਸਲੇ ਪ੍ਰਤੀ ਇਕਸੁਰ ਨਹੀਂ ਸਨ। ਚੰਗਾ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਨੇ ਇਮਰਾਨ ਖ਼ਾਨ ਨੂੰ ਠੀਕ ਸਲਾਹ ਦਿਤੀ ਕਿ ਜੋ ਐਟਮੀ ਲੜਾਈ ਲੜਨ ਨੂੰ ਮੰਨ ਨਹੀਂ ਕਰਦਾ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ, ਚੋਣਾਂ ਦੇ ਐਨ ਨੇੜੇ ਆ ਕੇ ਇਹ ਦਾਅਵਾ ਕਰਨ ਦਾ ਮੌਕਾ ਜ਼ਰੂਰ ਦੇ ਦਿਤਾ ਜਾਵੇ ਕਿ ਉਸ ਦੀ ਜਿੱਤ ਹੋਈ ਹੈ।
ਦਸਿਆ ਜਾਂਦਾ ਹੈ ਕਿ ਇਮਰਾਨ ਖ਼ਾਨ ਨੂੰ ਅਮਰੀਕੀ ਡਿਪਲੋਮੇਟਾਂ ਨੇ ਹੀ ਸਲਾਹ ਦਿਤੀ ਕਿ ਉਹ ਫੜੇ ਗਏ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਨੂੰ ਛੱਡ ਦੇਣ। ਇਸ ਨਾਲ ਚੋਣਾਂ ਨੇੜੇ, ਭਾਰਤੀ ਪ੍ਰਧਾਨ ਮੰਤਰੀ ਨੂੰ ਜੇਤੂ ਹੋਣ ਦਾ ਦਾਅਵਾ ਕਰਨ ਦਾ ਮੌਕਾ ਮਿਲ ਜਾਏਗਾ ਤੇ ਜੰਗ ਦਾ ਮਾਹੌਲ ਬਦਲ ਜਾਵੇਗਾ। ਦੂਜੇ ਪਾਸੇ ਇਕ ਪਾਇਲਟ ਨੂੰ ਪਾਕਿਸਤਾਨ ਦੇ ਹਵਾਲੇ ਕਰ ਕੇ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਕੋਈ ਸਬਕ ਨਹੀਂ ਸਨ ਸਿਖਦੇ ਜਾਪਦੇ। ਯੇਦੀਯੁਰੱਪਾ ਨੇ ਐਲਾਨ ਕਰ ਦਿਤਾ ਕਿ ਪਾਕਿਸਤਾਨ ਉਤੇ ਵਾਰ ਕੀਤੇ ਜਾਣ ਨਾਲ ਨੌਜੁਆਨਾਂ ਵਿਚ ਜੋਸ਼ ਆ ਗਿਆ ਹੈ ਅਤੇ ਹੁਣ ਭਾਜਪਾ ਕਰਨਾਟਕ ਦੀਆਂ 28 'ਚੋਂ 22 ਸੀਟਾਂ ਜਿੱਤ ਜਾਵੇਗੀ।
ਪ੍ਰਧਾਨ ਮੰਤਰੀ ਅਪਣੀਆਂ ਰੈਲੀਆਂ ਕਰ ਰਹੇ ਸਨ ਪਰ ਉਨ੍ਹਾਂ ਨੇ, ਪ੍ਰਧਾਨ ਮੰਤਰੀ ਵਜੋਂ ਅਜੇ ਤਕ ਦੇਸ਼ ਨੂੰ ਸੰਬੋਧਨ ਨਹੀਂ ਕੀਤਾ। ਪਰ ਸਿਰਫ਼ ਸਿਆਸੀ ਪਾਰਟੀਆਂ ਹੀ ਨਹੀਂ, ਹੁਣ ਦੇਸ਼ ਵੀ ਅੱਧੋ-ਅੱਧ ਵੰਡਿਆ ਹੋਇਆ ਦਿਸ ਰਿਹਾ ਹੈ। ਕਈ ਦੇਸ਼-ਵਾਸੀ, ਪਾਇਲਟ ਅਭਿਨੰਦਨ ਦਾ ਹਾਲ ਵੇਖ ਕੇ ਹੁਣ ਅਪਣੇ-ਆਪ ਨੂੰ ਵੀ ਕੋਸ ਰਹੇ ਹਨ। ਲੀਡਰ ਲੋਕ, ਦੇਸ਼-ਵਾਸੀਆਂ ਦਾ ਡਰ ਸਮਝ ਰਹੇ ਹਨ ਪਰ ਕਈ ਅਜੇ ਵੀ ਅਪਣੀ ਫ਼ੌਜ ਦੇ ਦਮ ਤੇ ਲੜਾਈ ਦੀ ਗੱਲ ਕਰ ਰਹੇ ਹਨ। ਪਰ ਜਿਹੜੇ ਸੂਬੇ ਸਰਹੱਦ ਦੇ ਕਰੀਬ ਨਹੀਂ ਹਨ, ਉਹ ਜੰਗ ਦੀ ਅਸਲੀਅਤ ਨਹੀਂ ਸਮਝ ਰਹੇ।
ਜੰਗ ਸ਼ੁਰੂ ਕਰਨ ਸਮੇਂ, ਬਹਾਦਰੀ ਤੇ ਦੇਸ਼ਭਗਤੀ ਦੇ ਵੱਡੇ ਟੀਚਿਆਂ ਨੂੰ ਫ਼ੌਜ ਨਾਲ ਜੋੜ ਕੇ, ਦੇਸ਼ ਨੂੰ ਫ਼ੌਜੀਆਂ ਦੇ ਹਵਾਲੇ ਕਰ ਦਿਤਾ ਜਾਂਦਾ ਹੈ। ਅੱਜ ਸਰਹੱਦ ਨੇੜੇ ਦੇ ਪਿੰਡ ਵਾਸੀਆਂ ਤੋਂ ਅਮਨ ਦੀ ਮੰਗ ਆ ਰਹੀ ਹੈ। 14000 ਬੰਕਰ ਬਣਾਏ ਜਾਂਦੇ ਵੇਖ ਕੇ ਉਹ ਲੋਕ ਡਰੇ ਹੋਏ ਹਨ। ਪਰ ਸਿਆਸਤਦਾਨਾਂ ਤੋਂ ਵੀ ਵੱਡਾ ਦੋਸ਼ੀ ਸਾਡਾ ਮੀਡੀਆ ਸਾਬਤ ਹੋ ਰਿਹਾ ਹੈ ਜੋ ਦੇਸ਼ ਵਿਚ ਵਧਦੀਆਂ ਦਰਾੜਾਂ ਨੂੰ ਹੋਰ ਮੋਕਲੀਆਂ ਕਰਨ ਦੀ ਕੋਸ਼ਿਸ਼ ਕਰਦਾ ਜਾਪ ਰਿਹਾ ਹੈ। ਅੱਜ ਭਾਰਤੀ ਮੀਡੀਆ ਦੀ ਨਿੰਦਾ ਦੁਨੀਆਂ ਭਰ ਵਿਚ ਹੋ ਰਹੀ ਹੈ ਅਤੇ ਜੇ ਪਾਕਿਸਤਾਨ ਵਿਚ ਸਥਿਤੀ ਵਿਗੜੀ ਤਾਂ ਜਿਥੇ ਅਤਿਵਾਦੀਆਂ ਨੂੰ ਪਾਕਿਸਤਾਨੀ ਸ਼ਹਿ ਜ਼ਿੰਮੇਵਾਰ ਮੰਨੀ ਜਾਏਗੀ
ਉਥੇ ਹੀ ਭਾਰਤੀ ਮੀਡੀਆ ਦਾ ਇਕ ਹਿੱਸਾ ਵੀ ਜ਼ਿੰਮੇਵਾਰ ਮੰਨਿਆ ਜਾਵੇਗਾ। ਭਾਰਤ ਦੇ 400 ਤੋਂ ਵੱਧ ਰਾਸ਼ਟਰੀ, ਸੂਬਾ ਪੱਧਰੀ ਅਤੇ ਵੱਖ ਵੱਖ ਭਾਸ਼ਾਵਾਂ ਵਿਚ ਚੱਲਣ ਵਾਲੇ ਚੈਨਲ ਵਪਾਰਕ ਅਦਾਰੇ ਬਣ ਕੇ ਰਹਿ ਗਏ ਹਨ। ਅੱਜ ਦੀ ਸਥਿਤੀ ਇਨ੍ਹਾਂ ਚੈਨਲਾਂ ਦੀ ਹੋਂਦ ਉਤੇ ਨਜ਼ਰ ਰੱਖਣ ਨੂੰ ਮਜਬੂਰ ਕਰ ਰਹੀ ਹੈ। ਪੱਤਰਕਾਰਤਾ ਦੀ ਆਜ਼ਾਦੀ ਤਾਂ ਸੱਭ ਤੋਂ ਉੱਚੀ ਹੁੰਦੀ ਹੈ ਪਰ ਜੇ ਪੱਤਰਕਾਰ ਅਪਣੀ ਆਜ਼ਾਦੀ ਦੀ ਜ਼ਿੰਮੇਵਾਰੀ ਨਾ ਮੰਨਦੇ ਹੋਏ ਰਾਸ਼ਟਰ-ਭਗਤੀ ਦਾ ਚੋਲਾ ਪਹਿਨ ਕੇ ਨਫ਼ਰਤ ਦਾ ਜ਼ਰੀਆ ਬਣ ਜਾਵੇ ਤਾਂ ਕੀ ਉਹ ਇਸ ਆਜ਼ਾਦੀ ਦਾ ਹੱਕਦਾਰ ਬਣਿਆ ਰਹਿ ਜਾਂਦਾ ਹੈ?
ਜਨਵਰੀ, 2019 ਵਿਚ ਹੀ ਅਮਰੀਕੀ ਖ਼ੁਫ਼ੀਆ ਏਜੰਸੀ ਨੇ ਅਮਰੀਕੀ ਸੰਸਦ ਨੂੰ ਭਾਰਤ ਵਿਚ ਫ਼ਿਰਕੂਵਾਦ ਕਰ ਕੇ ਚੋਣਾਂ ਤੋਂ ਪਹਿਲਾਂ ਫ਼ਿਰਕੂ ਹਾਦਸੇ-ਦੰਗੇ ਹੋਣ ਦੀ ਰੀਪੋਰਟ ਦਿਤੀ ਸੀ ਅਤੇ ਇਹ ਵੀ ਸੱਚ ਹੈ ਕਿ ਦੰਗੇ ਕਰਵਾਉਣ ਵਾਲੇ ਇਨ੍ਹਾਂ ਫ਼ਿਰਕੂ ਸੰਗਠਨਾਂ ਦੀ ਮਦਦ ਜਾਣੇ-ਅਣਜਾਣੇ 'ਚ ਅੱਜ ਦਾ ਮੀਡੀਆ ਕਰ ਰਿਹਾ ਹੈ। ਅੱਜ ਕਿੰਨੇ ਮੀਡੀਆ ਹਾਊਸ ਹਨ ਜਿਨ੍ਹਾਂ ਨੇ ਸਰਹੱਦ ਉਤੇ ਵਸਦੇ ਲੋਕਾਂ ਦੀਆਂ ਚਿੰਤਾਵਾਂ ਉਤੇ ਵਿਚਾਰ ਕੀਤਾ ਹੈ, ਪੰਜਾਬ ਅਤੇ ਜੰਮੂ-ਕਸ਼ਮੀਰ ਉਤੇ ਇਸ ਦੇ ਅਸਰ ਦਾ ਫ਼ਿਕਰ ਕੀਤਾ ਹੈ, ਕਿੰਨਿਆਂ ਨੇ ਕਸ਼ਮੀਰੀ ਬੱਚਿਆਂ ਨਾਲ ਕੀਤੇ ਵਿਤਕਰੇ ਨੂੰ ਦੇਸ਼ਧ੍ਰੋਹ ਕਰਾਰ ਦਿਤਾ ਹੈ?
ਸਖ਼ਤ ਸਥਿਤੀਆਂ ਅਸਲ ਵਿਚ ਜ਼ਿੰਦਗੀ ਦੇ ਇਮਤਿਹਾਨ ਹੁੰਦੇ ਹਨ। ਜਨੇਵਾ ਸਮਝੌਤੇ ਹੇਠ ਅਭਿਨੰਦਨ ਵਰਤਮਾਨ ਘਰ ਵਾਪਸ ਆ ਜਾਵੇ, ਮਸੂਦ ਅਜ਼ਹਰ ਕੌਮਾਂਤਰੀ ਅਤਿਵਾਦੀ ਕਰਾਰ ਦਿਤਾ ਜਾਵੇ, ਦੇਸ਼ ਦਾ ਸਿਰ ਪਾਕਿਸਤਾਨ ਸਾਹਮਣੇ ਉੱਚਾ ਰਹੇ ਅਤੇ ਦੇਸ਼ ਅੰਦਰਲੀਆਂ ਦਰਾੜਾਂ ਮਿਟ ਜਾਣ 'ਤੇ ਦੇਸ਼ ਮਜ਼ਬੂਤ ਹੋਇਆ ਨਜ਼ਰ ਆਵੇ, ਇਸੇ ਦੀ ਕਾਮਨਾ ਕੀਤੀ ਜਾਣੀ ਚਾਹੀਦੀ ਹੈ। -ਨਿਮਰਤ ਕੌਰ