ਸੰਪਾਦਕੀ: ਕੀ ਛੋਟੇ ਦੇਸ਼ਾਂ ਨੂੰ ਅਪਣੇ ‘ਤਾਕਤਵਰ’ ਗਵਾਂਢੀ ਦੇਸ਼ਾਂ ਤੋਂ ਬਚਾਅ ਕਰਨ ਦਾ ਕੋਈ ਅਧਿਕਾਰ ਨਹੀਂ? (1)
ਪੰਜਾਬੀ ਲੇਖਕ ਡਾ. ਅਤਰ ਸਿੰਘ ਅਪਣੀ ਰੂਸੀ ਫੇਰੀ ਦੀਆਂ ਗੱਲਾਂ ਸੁਣਾਉਂਦੇ ਹੋਏ ਦਸਿਆ ਕਰਦੇ ਸਨ ਕਿ ਉਥੇ ਸਰਕਾਰ ਵਿਰੁਧ ਬੋਲਣ ਦੀ ਆਜ਼ਾਦੀ ਤਾਂ ਕਿਸੇ ਨੂੰ ਵੀ ਨਹੀਂ ਸੀ
ਕੁਦਰਤ ਦਾ ਅਜੀਬ ਵਿਧਾਨ ਹੈ ਕਿ ਜਿਹੜੇ ਮਨੁੱਖ ਕਦੀ ਝੌਂਪੜੀਆਂ ਵਿਚ ਰਹਿੰਦੇ ਸੀ, ਅੱਜ ਉਹ ‘ਰਾਜੇ’ ਬਣ ਕੇ ਸਰਕਾਰੀ ਮਹੱਲਾਂ ਵਿਚ ਬੈਠ, ਹੁਕਮ ਚਲਾ ਰਹੇ ਹਨ ਤੇ ਜਿਹੜੇ ਦੇਸ਼ ਕਲ ਤਕ ਆਜੜੀਆਂ ਦੇ ਦੇਸ਼ ਅਖਵਾਉਂਦੇ ਸਨ, ਉਹ ਅੱਜ ਦੁਨੀਆਂ ਦੇ ਵੱਡੇ, ਤਾਕਤਵਰ ਦੇਸ਼ ਬਣ ਕੇ, ਦੁਨੀਆਂ ਕੋਲੋਂ ਅਪਣਾ ਲੋਹਾ ਮਨਵਾ ਰਹੇ ਹਨ। ਚਲੋ ਕੁਦਰਤ ਕਿਸੇ ਮਨੁੱਖ ਨੂੰ ਕੱਖਪਤੀ ਤੋਂ ਲੱਖਪਤੀ ਬਣਨ ਦਾ ਅਧਿਕਾਰ ਦੇਂਦੀ ਹੈ ਤੇ ਇਕ ਲਿੱਸੇ ਜਿਹੇ ਦੇਸ਼ ਨੂੰ ਦੁਨੀਆਂ ਦੀ ਮਹਾਂ-ਸ਼ਕਤੀ ਬਣਨ ਦਾ ਮੌਕਾ ਵੀ ਦੇ ਦੇਂਦੀ ਹੈ ਤਾਂ ਇਸ ਤੇ ਵੀ ਕਿਸੇ ਨੂੰ ਕੋਈ ਉਜ਼ਰ ਨਹੀਂ ਹੋ ਸਕਦਾ। ਪਰ ‘ਵਡਿਆਈ’ ਪ੍ਰਾਪਤ ਕਰਨ ਵਾਲੇ ਦੇਸ਼ ਨੂੰ, ਕੁਦਰਤ ਕੀ ਇਹ ਅਧਿਕਾਰ ਵੀ ਦੇ ਦੇਂਦੀ ਹੈ ਕਿ ਉਹ ਅਪਣੇ ਗਵਾਂਢੀ ਕਮਜ਼ੋਰ ਦੇਸ਼ਾਂ ਕੋਲੋਂ ਜੀਵਨ ਦਾ ਹੱਕ ਵੀ ਖੋਹ ਲਵੇ? ਵੱਡੀਆਂ ਤਾਕਤਾਂ ਗ਼ਰੀਬ ਗਵਾਂਢੀ ਦੇਸ਼ਾਂ ਵਲ ਬੜੀ ਕੁਸੈਲੀ ਨਜ਼ਰ ਨਾਲ ਹੀ ਵੇਖਦੀਆਂ ਹਨ।
Russia-Ukraine crisis
ਚਲੋ ਉਨ੍ਹਾਂ ਦਾ ਇਹ ਵਤੀਰਾ ਵੀ ਪ੍ਰਵਾਨ ਪਰ ਉਨ੍ਹਾਂ ਨੂੰ ਇਹ ਹੱਕ ਤਾਂ ਕੁਦਰਤ ਵੀ ਨਹੀਂ ਦੇਂਦੀ ਕਿ ਅਪਣੇ ਕਮਜ਼ੋਰ ਗਵਾਂਢੀ ਨੂੰ ਅਪਣੀ ਰਖਿਆ ਆਪ ਕਰਨ ਦਾ ਹੱਕ ਵੀ ਨਾ ਦੇਣ ਤੇ ਸ਼ਰਤ ਲਗਾ ਦੇਣ ਕਿ ਉਹ ਕਮਜ਼ੋਰ ਗਵਾਂਢੀ ਉਸ ਹਾਲਤ ਵਿਚ ਹੀ ਉਥੇ ਰਹਿ ਸਕਦਾ ਹੈ ਜੇ ਉਹ ਦੱਬੂ ਬਣ ਕੇ ਰਹੇ ਤੇ ਕਿਸੇ ਹੋਰ ਦੇਸ਼ ਨਾਲ ਦੋਸਤੀ ਕਾਇਮ ਕਰਨ ਤੋਂ ਪਹਿਲਾਂ ਤਾਕਤਵਰ ਦੇਸ਼ ਕੋਲੋਂ ਪੁੱਛੇ ਕਿ ਅਪਣੇ ਭਲੇ ਲਈ ਕਿਸੇ ਦੂਜੇ ਤਾਕਤਵਰ ਦੇਸ਼ ਨਾਲ ਦੋਸਤੀ ਪਾਵੇ ਕਿ ਨਾ ਪਾਵੇ?
Russia-Ukraine Crisis
ਕਮਿਊਨਿਜ਼ਮ ਦੀ ਆਮਦ ਨਾਲ ਰੂਸ ਨੇ ਜਦ ਅਪਣੇ ਆਪ ਨੂੰ ‘‘ਸੋਵੀਅਤ ਰੂਸ’’ ਬਣਾਉਣ ਲਈ ਜ਼ਬਰਦਸਤੀ ਅਪਣੇ ਗਵਾਂਢੀ ਦੇਸ਼ਾਂ ਨੂੰ ਅਪਣੇ ਵਿਚ ਰਲਾ ਕੇ ਅਪਣਾ ਨਾਂ ‘ਸੋਵੀਅਤ ਰੂਸ’ ਰੱਖ ਲਿਆ ਤਾਂ ਉਨ੍ਹਾਂ ਗਵਾਂਢੀ ਦੇਸ਼ਾਂ ਨੂੰ ਯੂ.ਐਨ.ਓ. ਵਿਚ ਵੀ ਸੀਟ ਦਿਵਾਈ ਰੱਖੀ (ਤਾਕਿ ਰੂਸ ਦੀਆਂ ਯੂ.ਐਨ.ਓ. ਵਿਚ ਚਾਰ ਵੋਟਾਂ ਵੀ ਅਪਣੀਆਂ ਬਣੀਆਂ ਰਹਿਣ ਤੇ ਉਹਨਾਂ ਨੂੰ ਸੰਵਿਧਾਨ ਵਿਚ ‘ਵੱਖ ਹੋਣ ਦਾ ਅਧਿਕਾਰ’ ਵੀ ਦਿਤੀ ਰਖਿਆ ਪਰ ਹਾਲ ਉਨ੍ਹਾਂ ਦਾ ਗ਼ੁਲਾਮਾਂ ਵਾਲਾ ਹੀ ਬਣਾਈ ਰਖਿਆ।
Russia-Ukraine crisis
ਇਸ ਨੂੰ ਰੀਪਬਲਿਕ ਦਾ ਦਰਜਾ ਦਿਤਾ ਗਿਆ। ਇਨ੍ਹਾਂ ਵਿਚ ਯੁਕਰੇਨ ਵੀ ਇਕ ਰੂਸੀ ਰੀਪਬਲਿਕ ਸੀ। ਪੰਜਾਬੀ ਲੇਖਕ ਡਾ. ਅਤਰ ਸਿੰਘ ਅਪਣੀ ਰੂਸੀ ਫੇਰੀ ਦੀਆਂ ਗੱਲਾਂ ਸੁਣਾਉਂਦੇ ਹੋਏ ਦਸਿਆ ਕਰਦੇ ਸਨ ਕਿ ਉਥੇ ਸਰਕਾਰ ਵਿਰੁਧ ਬੋਲਣ ਦੀ ਆਜ਼ਾਦੀ ਤਾਂ ਕਿਸੇ ਨੂੰ ਵੀ ਨਹੀਂ ਸੀ ਪਰ ਯੂਕਰੇਨ ਦੀ ਮੁਸਲਮਾਨ ਬਹੁਗਿਣਤੀ ਅਪਣੇ ਜਜ਼ਬਾਤ ਦਾ ਪ੍ਰਗਟਾਵਾ ਕਰਨ ਲਈ ਕਿਸੇ ਜਾਣਕਾਰ ਬੰਦੇ ਨੂੰ ਮਿਲਣ ਲਈ ਤਰਸਦੀ ਹੁੰਦੀ ਸੀ। ਉਹ ਲੋਕ ਕਿਸੇ ਸਿੱਖ ਨੂੰ ਵੇਖ ਕੇ ਇਹੀ ਸਮਝਦੇ ਕਿ ਇਹ ਵੀ ਕੋਈ ਮੁਸਲਮਾਨ ਹੀ ਹੋਵੇਗਾ (ਬਜ਼ੁਰਗ ਮੁਸਲਮਾਨ ਉਥੇ ਵੀ ਪੱਗ ਬੰਨ੍ਹਦੇ ਸਨ) ਤੇ ਉਹ ਅਸਮਾਨ ਵਲ ਹੱਥ ਉੱਚੇ ਕਰ ਕੇ ਡਾ. ਅਤਰ ਸਿੰਘ ਨੂੰ ਪੁਛਦੇ ‘‘ਅੱਲਾ ਸਾਡੇ ਤੇ ਕਦੋਂ ਮਿਹਰਬਾਨ ਹੋਵੇਗਾ ਤੇ ਕਦੋਂ ਸਾਨੂੰ ਰੂਸੀ ਬੁੱਚੜਾਂ ਤੋਂ ਆਜ਼ਾਦ ਕਰਵਾਏਗਾ?’’
Ukraine President
ਕਮਿਊਨਿਜ਼ਮ ਦਾ ਅੰਤ ਰੂਸ ਦੇ ਅੰਦਰੋਂ ਹੀ ਹੋ ਗਿਆ ਤੇ ਨਾਲ ਹੀ ਧੱਕੇ ਨਾਲ ਜੋੜੇ ਛੋਟੇ ਦੇਸ਼ ਵੀ ਆਜ਼ਾਦ ਹੋ ਗਏ। ਪਰ ਰੂਸ ਦੇ ਰਾਸ਼ਟਰਪਤੀ ਪੂਤਨ ਹੁਣ ਵੀ ਮੰਨਦੇ ਹਨ ਕਿ ਯੂਕਰੇਨ ਨੂੰ ਆਜ਼ਾਦੀ ਦੇ ਕੇ ਬਹੁਤ ਵੱਡੀ ਗ਼ਲਤੀ ਕੀਤੀ ਗਈ ਤੇ ਉਹ ਕਦੇ ਵੀ ਇਸ ‘ਗ਼ਲਤੀ’ ਨੂੰ ਠੀਕ ਕਰਨ ਦੀ ਗੱਲ ਮਨ ਵਿਚੋਂ ਕੱਢ ਨਾ ਸਕੇ। ਕਾਰਨ ਇਹ ਸੀ ਕਿ ਰੂਸ, ਯੂਕਰੇਨ ਦੇ ਗੈਸ ਦੇ ਭੰਡਾਰਾਂ ਕਰ ਕੇ ਅਤੇ ਪਛਮੀ ਦੇਸ਼ਾਂ ਨਾਲ ਪਾਈਪਾਂ ਰਾਹੀਂ ਬਣੇ ਸੰਪਰਕ ਕਰ ਕੇ, ਅਮੀਰ ਬਣਿਆ ਹੋਇਆ ਸੀ ਜਿਸ ਹਾਲਤ ਨੂੰ ਯੂਕਰੇਨ ਪਛਮੀ ਦੇਸ਼ਾਂ ਨਾਲ ਸਿੱਧਾ ਸੰਪਰਕ ਬਣਾ ਕੇ ਆਪ ਅਮੀਰ ਬਣਨਾ ਚਾਹੁੰਦਾ ਹੈ ਜੋ ਰੂਸ ਨੂੰ ਪ੍ਰਵਾਨ ਨਹੀਂ ਸੀ।
Russian President Vladimir Putin
ਚਲੋ ਸਿਆਸਤ, ਰਾਜਨੀਤੀ ਤੇ ਕੂਟਨੀਤੀ ਸ਼ਤਰੰਜ ਦੀਆਂ ਚਾਲਾਂ ਦਾ ਹੀ ਦੂਜਾ ਨਾਂ ਹੈ ਜਿਸ ਵਿਚ ਬਾਦਸ਼ਾਹ ਹਾਰਦੇ ਵੀ ਹਨ ਤੇ ਜਿੱਤਦੇ ਵੀ ਹਨ ਪਰ ਤਾਕਤ ਦੀ ਵਰਤੋਂ ਨਹੀਂ ਕਰਦੇ, ਸ਼ਹਿ ਤੇ ਮਾਤ ਦੀ ਖੇਡ, ਖੇਡ ਕੇ ਹੀ ਸਫ਼ਲਤਾ ਪ੍ਰਾਪਤ ਕਰਦੇ ਹਨ। ਸ਼ਤਰੰਜ ਖੇਡਦਾ ਖੇਡਦਾ ਕੋਈ ਖਿਡਾਰੀ, ਸਬਰ ਗੁਆ ਕੇ ਹਿੰਸਕ ਹੋ ਜਾਏ ਤਾਂ ਉਹ ਜਿੱਤ ਨਹੀਂ ਸਕਦਾ ਸਗੋਂ ਖੇਡ ਨੂੰ ਵਿਗਾੜ ਜ਼ਰੂਰ ਸਕਦਾ ਹੈ। ਜੇ ਰੂਸ ਇਹ ਸਮਝਦਾ ਸੀ ਕਿ ਪਛਮੀ ਦੇਸ਼ਾਂ ਅਤੇ ਯੂਕਰੇਨ ਦੀ ਨੇੜਤਾ ਕਾਰਨ ਯੂਕਰੇਨ ਇਕ ਅਮੀਰ ਦੇਸ਼ ਬਣਨ ਜਾ ਰਿਹਾ ਹੈ ਜੋ ਕਲ ਨੂੰ ਇਕ ਵੱਡੀ ਤਾਕਤ ਵੀ ਬਣ ਸਕਦਾ ਹੈ ਤਾਂ ਅਜਿਹਾ ਹੋਣੋਂ ਰੋਕਣ ਲਈ ਤਾਕਤ ਦੀ ਵਰਤੋਂ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਰੂਸ ਨੇ ਹਮਲਾਵਰ ਹੋ ਕੇ ਅਪਣੇ ਲਿੱਸੇ ਗਵਾਂਢੀ ਨੂੰ ‘‘ਅਪਣੀ ਔਕਾਤ ਵਿਚ ਰਹਿਣ’’ ਦਾ ਸੁਨੇਹਾ ਦੇਣ ਦਾ ਗ਼ਲਤ ਫ਼ੈਸਲਾ ਕੀਤਾ ਜਿਸ ਨੂੰ ਸਾਰੀ ਦੁਨੀਆਂ ਨੂੰ ਰੱਦ ਕੀਤਾ।
Russia-Ukraine War
ਜਵਾਬ ਵਿਚ ਰੂਸ ਨੇ ਸਾਰੀ ਦੁਨੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਕਿ ਜੇ ਕੋਈ ਯੂਕਰੇਨ ਦੀ ਮਦਦ ਤੇ ਆਇਆ ਤਾਂ ਰੂਸ ਉਸ ਨੂੰ ਨੇਸਤੋ ਨਾਬੂਦ ਕਰ ਦੇਵੇਗਾ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦਾ 420 ਟਨ ਭਾਰਾ ਮਲਬਾ ਦੁਨੀਆਂ ਉਤੇ ਸੁਟ ਦੇਵੇਗਾ (ਇਸ ਸਪੇਸ ਸਟੇਸ਼ਨ ਨੂੰ 15 ਦੇਸ਼ ਰਲ ਕੇ ਪੁਲਾੜ ਵਿਚ ਚਲਾ ਰਹੇ ਹਨ ਪਰ ਜੇ ਇਸ ਨੂੰ ਧਰਤੀ ਤੇ ਡੇਗ ਦਿਤਾ ਜਾਂਦਾ ਹੈ ਤਾਂ ਇਹ ਰੂਸ ਤੇ ਨਹੀਂ ਡਿੱਗੇਗਾ ਕਿਉਂਕਿ ਰੂਸ ਉਸ ਦੀ ਵਾਪਸੀ ਦੇ ਮਿਥੇ ਹੋਏ ਰਾਹ ਵਿਚ ਨਹੀਂ ਪੈਂਦਾ ਪਰ ਭਾਰਤ, ਚੀਨ, ਯੂਰਪ ਤਬਾਹ ਹੋ ਜਾਣਗੇ) ਇਸ ਤਰ੍ਹਾਂ ਦੀਆਂ ਭਬਕੀਆਂ ਕੋਈ ਛਟਿਆ ਹੋਇਆ ਬਦਮਾਸ਼ ਹੀ ਮਾਰਦਾ ਹੈ ਜੋ ਹਰ ਉਸ ਮਨੁੱਖ ਨੂੰ ਤਬਾਹ ਕਰਨਯੋਗ ਸਮਝਦਾ ਹੈ ਜੋ ਉਸ ਦਾ ਹੁਕਮ ਨਹੀਂ ਮੰਨਦਾ। (ਚਲਦਾ)