ਤਿੰਨ ਰਾਜਾਂ ਦੇ ਚੋਣ ਨਤੀਜੇ ਫਿਰ ਤੋਂ ਭਾਜਪਾ ਨੂੰ ਦੇਸ਼ ਦੀ ਇਕੋ ਇਕ ਵੱਡੀ ਪਾਰਟੀ ਬਣਾ ਦੇਣਗੇ?

ਏਜੰਸੀ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਰਾਹੁਲ ਗਾਂਧੀ ਪੁਰਾਣੇ ਕਾਂਗਰਸੀ ਆਗੂਆਂ ਦੀ ਸੋਚ ਦੇਸ਼ ਵਿਚ ਲਿਜਾਣਾ ਚਾਹੁੰਦਾ ਹੈ ਪਰ ਉਸ ਵਾਸਤੇ ਜਿਹੜੇ ਕਾਂਗਰਸੀ ਵਡਿੱਕੇ, ਕਾਂਗਰਸ ਵਰਕਿੰਗ ਕਮੇਟੀ ਉਤੇ ਅਤੇ ...

Representational Image

ਰਾਹੁਲ ਗਾਂਧੀ ਪੁਰਾਣੇ ਕਾਂਗਰਸੀ ਆਗੂਆਂ ਦੀ ਸੋਚ ਦੇਸ਼ ਵਿਚ ਲਿਜਾਣਾ ਚਾਹੁੰਦਾ ਹੈ ਪਰ ਉਸ ਵਾਸਤੇ ਜਿਹੜੇ ਕਾਂਗਰਸੀ ਵਡਿੱਕੇ, ਕਾਂਗਰਸ ਵਰਕਿੰਗ ਕਮੇਟੀ ਉਤੇ ਅਤੇ ਮੁੱਖ ਮੰਤਰੀ ਕੁਰਸੀਆਂ ਤੇ ਕਬਜ਼ੇ ਕਰੀ ਬੈਠੇ ਹਨ, ਉਨ੍ਹਾਂ ਨੂੰ ਹਿਲਾਉਣਾ ਜ਼ਰੂਰੀ ਹੋਵੇਗਾ। ਨਵੀਂ ਪੀੜ੍ਹੀ, ਨਵੀਂ ਸੋਚ ਚਾਹੁੰਦੀ ਹੈ ਜਿਸ ਵਿਚ ਖ਼ਾਸ ਖ਼ਾਸ ਕੁਰਸੀਆਂ ਉਤੇ ਰਾਜਸੀ ਲੀਡਰਾਂ ਦੇ ਸਦੀਵੀ ਕਬਜ਼ੇ ਲਈ ਥਾਂ ਨਹੀਂ ਹੁੰਦੀ। ਵੰਡੀ ਹੋਈ ਵਿਰੋਧੀ ਧਿਰ ਦੀ ਅਗਵਾਈ ਅਜਿਹੇ ਹਾਲਾਤ ਵਿਚ ਕਾਂਗਰਸ ਨਹੀਂ ਕਰ ਸਕੇਗੀ ਤੇ ਭਵਿੱਖ ਬਾਰੇ ਅੰਦਾਜ਼ੇ ਬੜੇ ਸਪੱਸ਼ਟ ਹਨ। ਮੋਦੀ ਅਜੇ ਇਕੋ ਹੀ ਆਗੂ ਹੈ ਤੇ ਉਸ ਦਾ ਤੋੜ ਰਾਹੁਲ ਨੂੰ ਬਣਨ ਤੋਂ ਕਾਂਗਰਸ ਆਪ ਰੋਕ ਰਹੀ ਹੈ। 

ਸੋਮਵਾਰ ਨੂੰ ਤਿੰਨ ਸੂਬਿਆਂ ਦੀਆਂ ਚੋਣਾਂ ਦੇ ਜੋ ਸੰਕੇਤ ਆ ਰਹੇ ਹਨ, ਉਹ ਇਹ ਨਹੀਂ ਦਸਦੇ ਕਿ ਕਿਹੜੇ ਰਾਜ ਵਿਚ ਸਰਕਾਰ ਕੌਣ ਬਣਾਏਗਾ ਪਰ ਇਹ ਸੱਚ ਜ਼ਰੂਰ ਬਿਆਨ ਕਰਦੇ ਹਨ ਕਿ ਅੱਜ ਦੇ ਦਿਨ ਦੇਸ਼ ਦੀ ਇਕੋ ਇਕ ਵੱਡੀ ਪਾਰਟੀ ਰਹਿ ਗਈ ਹੈ ਤੇ ਉਹ ਹੈ ਭਾਜਪਾ। ਮੇਘਾਲਿਆ ਵਿਚ ਜਿਥੇ 2018 ਤਕ ਕਾਂਗਰਸ ਦਾ ਰਾਜ ਹੁੰਦਾ ਸੀ, ਉਥੇ 2019 ਵਿਚ ਭਾਜਪਾ ਨੂੰ ਸਿਰਫ਼ ਦੋ ਸੀਟਾਂ ਹੀ ਮਿਲੀਆਂ ਸਨ। ਅੱਜ ਵੀ ਭਾਵੇਂ ਜਿੱਤੇ ਨਾ ਪਰ ਕਾਂਗਰਸ ਤੋਂ ਅੱਗੇ ਜ਼ਰੂਰ ਨਿਕਲ ਜਾਵੇਗੀ। 

ਇਹ ਸੱਚ ਕਾਂਗਰਸ ਅਜੇ ਵੀ ਸਵੀਕਾਰ ਨਹੀਂ ਕਰ  ਸਕੀ। ਕਾਂਗਰਸ ਦੀ ਤਰੀਪੁਰਾ ਵਿਚ ਮਿਲਣੀ ਉਤੇ ਹੁਣੇ ਵੀ ਪੁਰਾਣੇ ਕਾਂਗਰਸੀਆਂ ਦਾ ਹੀ ਕਬਜ਼ਾ ਵੇਖਿਆ ਗਿਆ। ਰਾਹੁਲ ਗਾਂਧੀ ਵਾਸਤੇ ਸੱਭ ਕਾਂਗਰਸੀਆਂ ਦੀ ਤਾਰੀਫ਼ ਵਿਚ ਕਹਿਣ ਲਈ ਕੁੱਝ ਨਾ ਕੁੱਝ ਜ਼ਰੂਰ ਸੀ ਪਰ ਫਿਰ ਵੀ ਪੁਰਾਣੇ ਖਿਡਾਰੀਆਂ ਨੇ ਰਾਹੁਲ ਦੀ ਨਵੀਂ ਸੋਚ ਨੂੰ ਲਾਗੂ ਨਾ ਹੋਣ ਦਿਤਾ। ਰਾਹੁਲ ਗਾਂਧੀ ਨੇ ਅਪਣੀ ਸੋਚ ਤਾਂ ਬੜੀ ਸੋਹਣੀ ਤਰ੍ਹਾਂ ਪੇਸ਼ ਕਰ ਦਿਤੀ ਕਿ ਉਸ ਦਾ ਘਰ ਤਾਂ ਉਨ੍ਹਾਂ ਲੋਕਾਂ ਦੇ ਦਿਲਾਂ ਵਿਚ ਹੈ ਜੋ ਉਸ ਨਾਲ ਸੜਕਾਂ ’ਤੇ ਚੱਲੇ ਸਨ ਪਰ ਜਦ ਰਾਹੁਲ ਦੀ ਨਵੀਂ ਪੀੜ੍ਹੀ ਵਾਲੀ ਸੋਚ ਲਾਗੂ ਹੋਣ ਦੇ ਨੇੜੇ ਪੁਜਦੀ ਹੈ ਤਾਂ ਉਹ ਆਪ ਪਿੱਛੇ ਹਟ ਜਾਂਦੇ ਹਨ।

ਜਿਹੜੀ ਇਕ ਪਾਰਟੀ ਇਕ ਟਿਕਟ ਵਾਲੀ ਨੌਜੁਆਨਾਂ ਦੀ ਸ਼ਮੂਲੀਅਤ ਦੀ ਸੋਚ ਸੀ, ਉਸ ਨੂੰ ਲਾਗੂ ਕਰਨ ਵਾਸਤੇ ਕਾਂਗਰਸ ਵਰਕਿੰਗ ਕਮੇਟੀ ਦੀਆਂ ਚੋਣਾਂ ਜ਼ਰੂਰੀ ਸਨ ਪਰ ਜਦ ਖੜਗੇ ਨੂੰ ਜ਼ਿੰਮੇਵਾਰੀ ਦੇ ਦਿਤੀ ਗਈ ਤਾਂ ਫਿਰ ਕਰੀਬੀਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਰੀਤ ਵੀ ਬਰਕਰਾਰ ਰਹਿ ਗਈ ਭਾਵੇਂ ਪਿਛੜੀਆਂ ਜਾਤੀਆਂ ਨੂੰ ਹਿੱਸੇਦਾਰੀ ਦੇਣ ਦੀ ਗੱਲ ਬਾਰੇ ਮੂੰਹ ਜ਼ੁਬਾਨੀ ਬੋਲਿਆ ਜ਼ਰੂਰ ਗਿਆ। 

ਕਾਂਗਰਸ ਦੀ ਜਿਹੜੀ ਪੁਰਾਣੀ ਸਿਆਸੀ ਸੋਚ ਹੈ, ਉਹ ਹਾਥੀ ਦੀ ਨਜ਼ਰ ਵਾਲੀ ਹੈ ਜਿਸ ਦੀ ਅੱਖ, ਅਪਣੇ ਪੈਰਾਂ ’ਤੇ ਭਾਵ ਪੈਰਾਂ ਹੇਠ ਚਲ ਰਹੇ ਹਾਲਾਤ ਨੂੰ ਨਹੀਂ ਵੇਖ ਸਕਦੀ। ਇਕ ਤਾਂ ਉਹ ਹਾਥੀ ਵਾਂਗ ਅਪਣੀਆਂ ਉਚਾਈਆਂ ਤੋਂ ਵੇਖਦੇ ਹਨ ਤੇ ਹੇਠਾਂ ਵੇਖ ਹੀ ਨਹੀਂ ਸਕਦੇ ਤੇ ਦੂਜਾ ਚਮੜੀ ਏਨੀ ਮੋਟੀ ਹੁੰਦੀ ਹੈ ਕਿ ਛੋਟੇ ਮੋਟੇ ਵਾਰ ਮਹਿਸੂਸ ਹੀ ਨਹੀਂ ਕਰ ਸਕਦੇੇ। ਜਿਸ ਹਾਥੀ ਨੇ ਦੇਸ਼ ਵਿਚ ਲੋਕਤੰਤਰ ਦੀ ਸੇਵਾ ਕਰਨੀ ਹੈ, ਉਹ ਅਪਣੇ ਘਰ ਵਿਚ ਹੀ ਲੋਕਤੰਤਰ ਕਾਇਮ ਨਹੀਂ ਕਰ ਪਾ ਰਿਹਾ।
ਜੇ ਕਾਂਗਰਸ ਵਰਕਿੰਗ ਕਮੇਟੀ ਦੀਆਂ ਚੋਣਾਂ ਹੁੰਦੀਆਂ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਉਨ੍ਹਾਂ ਦਾ ਵਰਕਰ ਕਿਸ ਨੂੰ ਲੀਡਰ ਸਮਝਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅੰਦਰ ਜ਼ਿੰਮੇਵਾਰੀ ਵੀ ਆ ਜਾਂਦੀ। 

ਅੱਜ ਕਾਂਗਰਸੀ ਮਹਾਂਰਥੀਆਂ ਨੂੰ ਲਗਦਾ ਹੈ ਕਿ ਰਾਹੁਲ ਦੀ ਯਾਤਰਾ ਨੂੰ ਜਿਵੇਂ ਹੁੰਗਾਰਾ ਮਿਲਿਆ ਹੈ, ਉਸ ਨੂੰ ਇਕ ਵਾਰ ਦੇਸ਼ ਵਿਚ ਚਲਾ ਕੇ 2024 ਦੀਆਂ ਚੋਣਾਂ ਲਈ ਕੰਮ ਆਰੰਭ ਕੀਤਾ ਜਾ ਸਕਦਾ ਹੈ। ਰਾਹੁਲ ਨਾਲ ਲੋਕ ਜੁੜਦੇ ਵੇਖ ਕੇ ਵਿਰੋਧੀ ਧਿਰ ਵੀ ਕਾਂਗਰਸ ਪਿੱਛੇ ਲੱਗ ਜਾਵੇਗੀ ਪਰ ਜਦ ਚੋਣ ਦੀ ਗੱਲ ਆਵੇਗੀ ਤਾਂ ਆਮ ਭਾਰਤੀ ਇਕ ਗੱਲ ਜ਼ਰੂਰ ਆਖੇਗਾ ਕਿ ਜੇ ਰਾਹੁਲ ਗਾਂਧੀ ਕਾਂਗਰਸ ਨੂੰ ਹੀ ਸੁਧਾਰ ਨਹੀਂ ਸਕਦੇ ਤਾਂ ਫਿਰ ਦੇਸ਼ ਦੀ ਅਗਵਾਈ ਕਿਸ ਤਰ੍ਹਾਂ ਕਰਨਗੇ?

ਰਾਹੁਲ ਗਾਂਧੀ ਪੁਰਾਣੇ ਕਾਂਗਰਸੀ ਆਗੂਆਂ ਦੀ ਸੋਚ ਦੇਸ਼ ਵਿਚ ਲਿਜਾਣਾ ਚਾਹੁੰਦਾ ਹੈ ਪਰ ਉਸ ਵਾਸਤੇ ਜਿਹੜੇ ਕਾਂਗਰਸੀ ਵਡਿੱਕੇ ਕਾਂਗਰਸ ਵਰਕਿੰਗ ਕਮੇਟੀ ਅਤੇ ਮੁੱਖ ਮੰਤਰੀ ਕੁਰਸੀਆਂ ਤੇ ਕਬਜ਼ੇ ਕਰੀ ਬੈਠੇ ਹਨ, ਉਨ੍ਹਾਂ ਨੂੰ ਹਿਲਾਉਣਾ ਜ਼ਰੂਰੀ ਹੋਵੇਗਾ। ਨਵੀਂ ਪੀੜ੍ਹੀ, ਨਵੀਂ ਸੋਚ ਚਾਹੁੰਦੀ ਹੈ ਜਿਸ ਵਿਚ ਖ਼ਾਸ ਖ਼ਾਸ ਕੁਰਸੀਆਂ ਉਤੇ ਰਾਜਸੀ ਲੀਡਰਾਂ ਦੇ ਸਦੀਵੀ ਕਬਜ਼ੇ ਲਈ ਥਾਂ ਨਹੀਂ ਹੁੰਦੀ। ਵੰਡੀ ਹੋਈ ਵਿਰੋਧੀ ਧਿਰ ਦੀ ਅਗਵਾਈ ਅਜਿਹੇ ਹਾਲਾਤ ਵਿਚ ਕਾਂਗਰਸ ਨਹੀਂ ਕਰ ਸਕੇਗੀ ਤੇ ਭਵਿੱਖ ਬਾਰੇ ਅੰਦਾਜ਼ੇ ਬੜੇ ਸਪੱਸ਼ਟ ਹਨ। ਅਜੇ ਇਕੋ ਹੀ ਆਗੂ ਹੈ ਤੇ ਉਸ ਦਾ ਤੋੜ ਰਾਹੁਲ ਨੂੰ ਬਣਨ ਤੋਂ ਕਾਂਗਰਸ ਆਪ ਹੀ ਰੋਕ ਰਹੀ ਹੈ।       

 - ਨਿਮਰਤ ਕੌਰ