ਕੋਰੋਨਾ ਵਰਗੀ ਬਿਪਤਾ ਲਈ ਅਸੀ ਤਿਆਰ ਨਹੀਂ ਸੀ ਤੇ ਅਜੇ ਵੀ ਈਮਾਨਦਾਰੀ ਨਾਲ ਤਿਆਰ ਨਹੀਂ ਹੋ ਰਹੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੋਰੋਨਾ ਵਾਇਰਸ ਦੇ ਫੈਲਣ ਉਤੇ ਰੋਕ ਲਾਉਣ ਲਈ ਤਾਲਾਬੰਦੀ ਨਾਕਾਫ਼ੀ ਸਾਬਤ ਹੋ ਰਹੀ ਹੈ। ਜਦੋਂ ਚੇਤਾਵਨੀਆਂ ਆ ਰਹੀਆਂ ਸਨ, ਖ਼ਾਸ ਕਰ ਕੇ ਮਾਰਚ ਦੇ ਆਰੰਭ ਵਿਚ

File Photo

ਕੋਰੋਨਾ ਵਾਇਰਸ ਦੇ ਫੈਲਣ ਉਤੇ ਰੋਕ ਲਾਉਣ ਲਈ ਤਾਲਾਬੰਦੀ ਨਾਕਾਫ਼ੀ ਸਾਬਤ ਹੋ ਰਹੀ ਹੈ। ਜਦੋਂ ਚੇਤਾਵਨੀਆਂ ਆ ਰਹੀਆਂ ਸਨ, ਖ਼ਾਸ ਕਰ ਕੇ ਮਾਰਚ ਦੇ ਆਰੰਭ ਵਿਚ, ਉਦੋਂ ਹੀ ਹਵਾਈ ਅੱਡਿਆਂ ਉਤੇ ਸਾਵਧਾਨੀ ਵਰਤਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਚਾਹੀਦੀ ਸੀ। ਧਾਰਮਕ ਸਮਾਗਮ ਚਲਦੇ ਰਹੇ ਅਤੇ ਉਨ੍ਹਾਂ ਸਦਕਾ ਪਹਿਲਾਂ ਪੰਜਾਬ ਤੇ ਹੁਣ ਦਿੱਲੀ ਵਿਚ ਕੋਰੋਨਾ ਦੇ ਕੇਸ ਫੈਲ ਰਹੇ ਹਨ।

ਪੰਜਾਬ ਦੇ ਪਹਿਲੇ ਕੋਰੋਨਾ ਵਾਇਰਸ ਦੇ ਕੇਸ, ਜਿਸ ਬਾਰੇ ਅਸੀਂ ਸਾਰੇ ਜਾਣਦੇ ਹਾਂ, ਦੇ ਅੱਗੇ ਹੋਰਨਾਂ ਨੂੰ ਮਿਲਣ ਅਤੇ ਹੋਲਾ ਮਹੱਲਾ ਸਮਾਗਮ ਵਿਚ ਸ਼ਾਮਲ ਹੋਣ ਨਾਲ, 23 ਲੋਕਾਂ ਨੂੰ ਇਹ ਬਿਮਾਰੀ ਅਣਜਾਣੇ ਵਿਚ ਹੀ ਹੋ ਗਈ। ਉਹ ਅਪਣੇ 6 ਸਾਲ ਦੇ ਪੋਤਰੇ ਨੂੰ ਵੀ ਇਹ ਬਿਮਾਰੀ ਦੇ ਗਿਆ ਜਿਸ 'ਤੇ ਉਸ ਦੀ ਰੂਹ ਅਪਣੇ ਆਪ ਨੂੰ ਫਿਟਕਾਰ ਰਹੀ ਹੋਵੇਗੀ।

ਇਸੇ ਤਰ੍ਹਾਂ ਦਿੱਲੀ ਦੇ ਨਿਜ਼ਾਮੂਦੀਨ 'ਚ ਤਾਲਾਬੰਦੀ ਤੋਂ ਪਹਿਲਾਂ ਇਕ ਧਾਰਮਕ ਸਮਾਗਮ ਉਸ ਸਮੇਂ ਰਖਿਆ ਗਿਆ ਜਦੋਂ ਦਿੱਲੀ ਵਿਚ ਵੱਡੇ ਇਕੱਠਾਂ ਉਤੇ ਪਾਬੰਦੀ ਸੀ। ਉਸ ਸਮਾਗਮ ਵਿਚ ਹਿੱਸਾ ਲੈਣ ਲਈ ਵਿਦੇਸ਼ਾਂ ਤੋਂ 300 ਲੋਕ ਆਏ ਸਨ। ਇਸ ਥਾਂ ਤੋਂ 24 ਲੋਕਾਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ ਅਤੇ ਅੱਜ ਦਿੱਲੀ ਵਿਚ ਹੀ 1000 ਲੋਕਾਂ ਨੂੰ ਅਲੱਗ ਕਰ ਕੇ ਰਖਿਆ ਗਿਆ ਹੈ।

ਇਨ੍ਹਾਂ 'ਚੋਂ 10 ਦੀ ਮੌਤ ਵੀ ਮੰਗਲਵਾਰ ਨੂੰ ਹੋ ਗਈ ਅਤੇ ਇਹ ਅੰਕੜਾ ਦਿੱਲੀ ਤਕ ਹੀ ਸੀਮਤ ਨਹੀਂ ਰਹਿ ਸਕੇਗਾ। ਇਥੇ 9 ਵਿਅਕਤੀ ਪੰਜਾਬ 'ਚੋਂ ਗਏ ਸਨ, 45 ਕੇਰਲ 'ਚੋਂ, 24 ਬੰਗਲੌਰ 'ਚੋਂ ਅਤੇ ਇਕ ਦੀ ਮੌਤ ਜੰਮੂ ਕਸ਼ਮੀਰ ਵਿਚ ਵੀ ਹੋ ਗਈ ਹੈ। ਉੱਤਰ ਪ੍ਰਦੇਸ਼ ਵਿਚੋਂ ਕਿੰਨੇ ਲੋਕ ਇਸ ਇਕੱਠ 'ਚ ਗਏ ਸਨ, ਉਨ੍ਹਾਂ ਦੀ ਗਿਣਤੀ ਅਜੇ ਪਤਾ ਨਹੀਂ ਲੱਗ ਸਕੀ।

ਹਰ ਸਾਲ ਇਥੇ ਇਹ ਇਕੱਠ ਹੁੰਦਾ ਹੈ ਅਤੇ ਵਿਦੇਸ਼ਾਂ ਤੋਂ ਤਕਰੀਬਨ 2000 ਲੋਕ ਆਉਂਦੇ ਹਨ। ਹੁਣ ਦਿੱਲੀ ਆਖ ਰਹੀ ਹੈ ਕਿ ਇਸ ਇਕੱਠ ਵਿਚ ਸ਼ਾਮਲ ਹੋਏ 300 ਵਿਦੇਸ਼ੀ ਮਹਿਮਾਨਾਂ ਨੂੰ ਸ਼ਾਇਦ ਕਾਲੀ ਸੂਚੀ ਵਿਚ ਪਾ ਦਿਤਾ ਜਾਵੇਗਾ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿਚ ਆਖਿਆ ਹੈ ਕਿ ਘਰਾਂ ਨੂੰ ਜਾਂਦੇ ਹਰ 10 ਮਜ਼ਦੂਰਾਂ 'ਚੋਂ ਤਿੰਨ ਨੂੰ ਕੋਰੋਨਾ ਵਾਇਰਸ ਹੋ ਸਕਦਾ ਹੈ। ਇਨ੍ਹਾਂ ਸਾਰਿਆਂ ਨੂੰ ਹੁਣ ਸੜਕਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਬਿਠਾਇਆ ਗਿਆ ਹੈ। ਪਰ ਕੌਣ ਜਾਂਚ ਕਰ ਰਿਹਾ ਹੈ ਕਿ ਇਨ੍ਹਾਂ 'ਚੋਂ ਕਿਸ ਕਿਸ ਨੂੰ ਕੋਰੋਨਾ ਹੈ?

ਇਨ੍ਹਾਂ ਥਾਵਾਂ ਤੇ ਜਾ ਕੇ ਵੇਖਿਆ ਜਾਵੇ ਤਾਂ ਜ਼ਰੂਰ ਇਨ੍ਹਾਂ ਨੂੰ ਬਲੀ ਉਤੇ ਚੜ੍ਹਾਈਆਂ ਜਾਣ ਵਾਲੀਆਂ ਮੁਰਗੀਆਂ ਵਾਂਗ ਤੁੰਨਿਆ ਗਿਆ ਹੋਵੇਗਾ। ਫਿਰ ਜਦੋਂ ਇਹ ਅਪਣੇ ਸੂਬੇ ਵਿਚ ਪਰਤਣਗੇ ਤਾਂ ਕੀ ਇਨ੍ਹਾਂ ਨੂੰ ਵੀ ਦੂਜੇ ਸੂਬੇ ਤੋਂ ਪਰਤੇ 'ਵਿਦੇਸ਼ੀ' ਐਨ.ਆਰ.ਆਈ. ਨਾਗਰਿਕਾਂ ਵਾਂਗ ਕਾਲੀ ਸੂਚੀ ਵਿਚ ਪਾਇਆ ਜਾਵੇਗਾ?
ਢਿੱਲ ਦਾ ਅਸਲ ਕਾਰਨ ਕੀ ਹੈ? ਸਾਡਾ ਸਿਸਟਮ ਕਿਸੇ ਵੱਡੀ ਬਿਪਤਾ ਨਾਲ ਲੜਨ ਵਾਸਤੇ ਤਿਆਰ ਨਹੀਂ ਸੀ। ਸਾਡੀਆਂ ਸਰਕਾਰਾਂ ਵਲੋਂ ਅਣਗਹਿਲੀ ਵਰਤੀ ਗਈ। ਅਫ਼ਵਾਹਾਂ ਫੈਲਾਈਆਂ ਗਈਆਂ ਕਿ ਗਰਮੀ ਵਧਣ ਨਾਲ ਭਾਰਤ ਵਿਚ ਕੋਰੋਨਾ ਮਰ ਜਾਵੇਗਾ ਅਤੇ ਕਿਉਂਕਿ ਭਾਰਤੀ ਲੋਕ ਹਲਦੀ ਖਾਂਦੇ ਹਨ,

ਇਸ ਲਈ ਭਾਰਤੀਆਂ ਨੂੰ ਕੋਰੋਨਾ ਨਹੀਂ ਹੋਵੇਗਾ। ਪਰ ਜੋ ਅਸਲ ਸਾਵਧਾਨੀ ਸਿਸਟਮ ਵਲੋਂ ਵਿਖਾਈ ਜਾਣੀ ਚਾਹੀਦੀ ਸੀ, ਉਹ ਨਹੀਂ ਵਿਖਾਈ ਗਈ। ਹਵਾਈ ਅੱਡਿਆਂ ਉਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਮਝਾਉਣ ਅਤੇ ਜਬਰੀ 14 ਦਿਨ ਲਈ ਵਖਰਿਆਂ ਰੱਖਣ ਦੀ ਜ਼ਰੂਰਤ ਸੀ। ਗਊ-ਮੂਤਰ, ਗਊ ਦੇ ਗੋਹੇ ਅਤੇ ਯੋਗਾ ਨੂੰ ਕੋਰੋਨਾ ਦਾ ਇਲਾਜ ਦੱਸਣ ਦਾ ਪ੍ਰਚਾਰ ਨਿਰਾ ਅੰਧ-ਵਿਸ਼ਵਾਸ ਦਾ ਪ੍ਰਚਾਰ ਮਾਤਰ ਹੀ, ਵਿਗਿਆਨ ਯੁਗ ਦਾ ਸਹੀ ਇਲਾਜ ਨਹੀਂ। ਅਜਿਹੇ ਪ੍ਰਚਾਰ ਨੂੰ ਰੋਕਣ ਦੀ ਬਜਾਏ ਉਤਸ਼ਾਹਤ ਹੀ ਕੀਤਾ ਜਾਂਦਾ ਰਿਹਾ।

ਦਿੱਲੀ ਵਿਚ ਜਦੋਂ ਮੁੱਖ ਮੰਤਰੀ ਦੇ ਹੁਕਮਾਂ ਦੇ ਉਲਟ ਜਾ ਕੇ ਇਕੱਠ ਹੋਇਆ ਅਤੇ ਕੁੱਝ ਦਿਨ ਸਾਰਾ ਸਮਾਗਮ ਚਲਦਾ ਰਿਹਾ ਤਾਂ ਦਿੱਲੀ ਪ੍ਰਸ਼ਾਸਨ ਜਾਂ ਪੁਲਿਸ ਵਲੋਂ ਕੋਈ ਕਾਰਵਾਈ ਨਾ ਹੋਈ ਤਾਂ ਤੁਸੀਂ ਵਿਦੇਸ਼ੀ ਯਾਤਰੀਆਂ ਨੂੰ ਕਾਲੀ ਸੂਚੀ ਵਿਚ ਕਿਸ ਤਰ੍ਹਾਂ ਪਾ ਸਕਦੇ ਹੋ? ਅਪਣੀ ਗ਼ਲਤੀ ਲੁਕਾਉਣ ਵਾਸਤੇ ਵਿਦੇਸ਼ੀ ਯਾਤਰੀਆਂ ਵਿਰੁਧ ਨਫ਼ਰਤ ਦਾ ਮਾਹੌਲ ਤਾਂ ਨਹੀਂ ਬਣਾਇਆ ਜਾ ਸਕਦਾ। ਹਰ ਪਾਸੇ ਗ਼ਲਤੀਆਂ ਅਤੇ ਕਮਜ਼ੋਰੀਆਂ ਹੀ ਨਜ਼ਰ ਆ ਰਹੀਆਂ ਹਨ।

ਲੋਕਾਂ ਤੋਂ ਪਹਿਲਾਂ ਇਹ ਪ੍ਰਸ਼ਾਸਨ ਦੀਆਂ ਗ਼ਲਤੀਆਂ ਹਨ ਜੋ ਸਾਰੀ ਤਾਕਤ ਦਾ ਕੇਂਦਰ ਹੈ। ਜੇ ਸਰਕਾਰ, ਅਫ਼ਸਰਸ਼ਾਹੀ ਤੇ ਸਿਆਸਤਦਾਨ ਅਪਣਾ ਕੰਮ ਨਹੀਂ ਕਰ ਰਹੇ ਤਾਂ ਕਸੂਰ ਐਨ.ਆਰ.ਆਈ. ਜਾਂ ਵਿਦੇਸ਼ੀ ਯਾਤਰੀਆਂ ਉਤੇ ਨਾ ਮੜ੍ਹਿਆ ਜਾਵੇ। ਉਹ ਅਣਜਾਣੇ ਵਿਚ ਕੋਰੋਨਾ ਦੇ ਹਥਿਆਰ ਬਣ ਰਹੇ ਹਨ। ਮੁਸੀਬਤ ਆਈ ਹੈ, ਚਲੀ ਜਾਵੇਗੀ ਪਰ ਰਿਸ਼ਤੇ ਸਦਾ ਲਈ ਹੀ ਚਲਣੇ ਹਨ। ਇਨ੍ਹਾਂ ਨੂੰ ਕਿਸੇ ਬਿਪਤਾ ਦੇ ਡਰ ਕਾਰਨ ਕੁਰਬਾਨ ਨਹੀਂ ਕਰਨਾ ਚਾਹੀਦਾ ਸਗੋਂ ਬਿਪਤਾ ਨੂੰ ਹਰਾਉਣ ਲਈ ਕਮਰਕਸੇ ਕਰਨੇ ਚਾਹੀਦੇ ਹਨ।  -ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।