ਗਿਆਨੀ ਹਰਪ੍ਰੀਤ ਸਿੰਘ ਜੀ, ਗੁਰਬਾਣੀ ਦੇ ਪ੍ਰਸਾਰਨ ਲਈ ਸਚਮੁਚ ਹੀ ਸ਼੍ਰੋਮਣੀ ਕਮੇਟੀ ਦਾ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

200 ਕਰੋੜ ਛੱਡੋ, ਇਕ ਪੈਸਾ ਨਹੀਂ ਲੱਗੇਗਾ, ਮੈਂ ਚਾਲੂ ਕਰਵਾ ਦੇਂਦੀ ਹਾਂ!

Giani Harpreet Singh

 

ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਗੁਰਬਾਣੀ ਦਾ ਪ੍ਰਸਾਰਨ ਅਪਣੇ ਹੱਥ ਵਿਚ ਲੈ ਲੈਣ। ਇਸ ਪਿੱਛੇ ਦਾ ਕਾਰਨ ਇਕ ਦੁਰਘਟਨਾ ਹੈ ਜੋ ਹਾਲ ਵਿਚ ਹੀ ਉਸ ਚੈਨਲ ਦੇ ਬੰਦਿਆਂ ਨਾਲ ਹੋਈ ਵਰਤੀ ਦੱਸੀ ਗਈ ਹੈ ਜਿਸ ਨੂੰ ਦਰਬਾਰ ਸਾਹਿਬ ਵਿਚ ਪ੍ਰਸਤੁਤ ਕੀਤੇ ਜਾਂਦੇ ਗੁਰਬਾਣੀ ਗਾਇਨ ਨੂੰ ਪ੍ਰਸਾਰਤ ਕਰਨ ਦੇ ਮੁਕੰਮਲ ਹੱਕ ਦਿਤੇ ਹੋਏ ਹਨ। ਉਸ ਚੈਨਲ ’ਤੇ ਮਿਸ ਪੰਜਾਬੀ ਨਾਮਕ ਮੁਕਾਬਲੇ ਵਿਚ ਸ਼ਾਮਲ ਇਕ ਲੜਕੀ ਨੇ ਬੜੇ ਗੰਭੀਰ ਦੋਸ਼ ਲਾਏ ਹਨ। ਇਸ ਕੁੜੀ ਮੁਤਾਬਕ ਇਸ ਮੁਕਾਬਲੇ ਦੇ ਨਾਂ ’ਤੇ ਕੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਹੁਣ ਦੁਨੀਆਂ ਭਰ ਤੋਂ ਅਵਾਜ਼ਾਂ ਉਠ ਰਹੀਆਂ ਹਨ ਕਿ ਜਿਸ ਚੈਨਲ ’ਤੇ ਅਸ਼ਲੀਲਤਾ ਦੇ ਕੰਮ ਹੋ ਰਹੇ ਹਨ, ਉਸ ਨੂੰ ਗੁਰਬਾਣੀ ਪ੍ਰਸਾਰਨ ਦਾ ਹੱਕ ਨਾ ਦਿਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਜੀ ਕੀ ਸਿਰਫ਼ ਇਸ ਆਵਾਜ਼ ਨੂੰ ਸ਼ਾਂਤ ਕਰਨ ਵਾਸਤੇ ਹੀ ਇਹ ਸੁਝਾਅ ਦੇ ਰਹੇ ਹਨ ਜਾਂ ਉਨ੍ਹਾਂ ਨੂੰ ਕੁੜੀਆਂ ਦਾ ਦੁਖ ਵੇਖ ਕੇ ਸਚਮੁਚ ਹੀ ਤਕਲੀਫ਼ ਹੋ ਰਹੀ ਹੈ?

 

 

ਪਰ ਜੇ ਉਨ੍ਹਾਂ ਨੂੰ ਇਸ ਗੱਲ ’ਤੇ ਇਤਰਾਜ਼ ਹੈ ਤਾਂ ਫਿਰ ਪਹਿਲਾਂ ਕਿਉਂ ਨਹੀਂ ਸੀ ਹੋਇਆ ਜਦ ਸਾਰੇ ਆਖਦੇ ਸਨ ਕਿ ਇਸ ਚੈਨਲ ’ਤੇ ਗੁਰਬਾਣੀ ਪ੍ਰਸਾਰਨ ਦੇ ਤੁਰਤ ਬਾਅਦ ਹੀ ਅਸ਼ਲੀਲ ਗਾਣੇ ਸ਼ੁਰੂ ਹੋ ਜਾਂਦੇ ਸਨ। ਉਨ੍ਹਾਂ ਨੂੰ ਉਸ ਵਕਤ ਵੀ ਇਤਰਾਜ਼ ਨਾ ਹੋਇਆ ਜਦ ਉਨ੍ਹਾਂ ਨੇ ਗੁਰਬਾਣੀ ਪ੍ਰਸਾਰਨ ਦੀ ਵਰਤੋਂ ਕਰ ਕੇ ਤੇ ਮੋਨਾਪਾਲੀ ਕਾਇਮ ਕਰ ਕੇ ਪੰਜਾਬ ਦੇ ਸਾਰੇ ਬਾਕੀ ਚੈਨਲਾਂ ਨੂੰ ਖ਼ਤਮ ਕਰ ਦਿਤਾ ਤੇ ਸਿਰਫ਼ ਗੁਰਬਾਣੀ ਪ੍ਰਸਾਰਨ ਦੇ ਸਹਾਰੇ ਹੀ, ਇਕ ਪ੍ਰਵਾਰ ਦੀ ਮੁੱਠੀ ਵਿਚ ਬੇਤਹਾਸ਼ਾ ਪੈਸਾ ਤੇ ਤਾਕਤ ਇਕੱਠੀ ਕਰ ਦਿਤੀ। ਅੱਜ ਦਾ ਇਤਰਾਜ਼ ਵੀ ਰਸਮ ਪੂਰੀ ਕਰਨ ਵਾਲਾ ਬਿਆਨ ਹੀ ਜਾਪਦਾ ਹੈ ਕਿਉਂਕਿ ਨਾਲੋ ਨਾਲ ਹੀ ਐਸ.ਜੀ.ਪੀ.ਸੀ. ਦਾ ਬਿਆਨ ਆ ਗਿਆ ਕਿ ਇਕ ਚੈਨਲ ਚਲਾਉਣ ਵਾਸਤੇ 200 ਕਰੋੜ ਰੁਪਏ ਚਾਹੀਦੇ ਹਨ ਜੋ ਐਸ.ਜੀ.ਪੀ.ਸੀ. ਕੋਲ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੂੰ ਇਕ ਦਿਨ ਵਿਚ ਹੀ ਪਤਾ ਲੱਗ ਗਿਆ ਕਿ ਇਕ ਚੈਨਲ ਚਲਾਉਣ ਲਈ 200 ਕਰੋੜ ਰੁਪਿਆ ਚਾਹੀਦਾ ਹੁੰਦਾ ਹੈ।

ਇਹ ਤਾਂ ਨਹੀਂ ਕਿ ਐਸ.ਜੀ.ਪੀ.ਸੀ. ਨੇ ਪੀ.ਟੀ.ਸੀ. ਚਲਾਉਣ ਵਾਸਤੇ ਵੀ 200 ਕਰੋੜ ਖ਼ਰਚਿਆ ਸੀ? ਤੱਥਾਂ ਮੁਤਾਬਕ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੁੱਝ ਜਾਣਕਾਰੀ ਦੇਣਾ ਚਾਹਾਂਗੀ ਕਿਉਂਕਿ ਅੱਜ ਸਪੋਕਸਮੈਨ ਟੀ.ਵੀ. ਪੰਜਾਬ ਦੇ ਅੱਵਲ ਚੈਨਲਾਂ ਵਿਚੋਂ ਇਕ ਹੈ ਜਿਸ ਵਿਚ ਕੋਈ ਅਸ਼ਲੀਲਤਾ ਨਹੀਂ ਹੁੰਦੀ। ਇਸ ਨੂੰ ਸ਼ੁਰੂ ਕਰਨ ਵਾਸਤੇ ਮੈਂ ਅਪਣੇ ਗਹਿਣੇ ਗਿਰਵੀ ਰੱਖੇ ਸਨ ਤੇ ਉਨ੍ਹਾਂ ਦੀ ਕਿਸਤ ਲੱਖਾਂ ਵਿਚ ਸੀ। ਜੇ ਮੇਰੇ ਵਰਗੀ ਇਕ ਆਮ ਔਰਤ ਅਪਣੇ ਗਹਿਣਿਆਂ ਤੇ ਪ੍ਰਵਾਰ ਦੇ ਸਮਰਥਨ ਨਾਲ ਕੁੱਝ ਲੱਖਾਂ ਵਿਚ ਹੀ ਇਕ ਚੈਨਲ ਸ਼ੁਰੂ ਕਰ ਸਕਦੀ ਹੈ ਤਾਂ ਐਸ.ਜੀ.ਪੀ.ਸੀ. ਤਾਂ ਸੈਂਕੜੇ ਚੈਨਲ ਸ਼ੁਰੂ ਕਰ ਸਕਦੀ ਹੈ। ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਨ ਉਤੇ ਏਕਾਧਿਕਾਰ ਹੋਣ ਕਾਰਨ ਹੀ ਤਾਂ ਪੀ.ਟੀ.ਸੀ. ਅੱਜ ਅੱਵਲ ਨੰਬਰ ’ਤੇ ਹੈ ਤੇ ਤੁਰਤ ਜੋ ਕਰਨਾ ਬਣਦਾ ਹੈ, ਉਹ ਇਹ ਹੈ ਕਿ ਐਸ.ਜੀ.ਪੀ.ਸੀ. ਅਪਣਾ ਸਿੱਧਾ ਪ੍ਰਸਾਰਨ ਸ਼ੁਰੂ ਕਰੇ ਤੇ ਪੀ.ਟੀ.ਸੀ. ’ਤੇ ਬੰਦ ਕਰੇ। ਸਾਰੀ ਦੁਨੀਆਂ ਵਿਚ ਵਸਦੇ ਪੰਜਾਬੀ ਤੇ ਸਿੱਖ ਐਸ.ਜੀ.ਪੀ.ਸੀ. ਨਾਲ ਜੁੜ ਜਾਣਗੇ। 

 

 

 

ਗਿਆਨੀ ਜੀ, ਜੇ ਤੁਸੀਂ ਅਸਲ ਵਿਚ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮੈਂ ਅਪਣੇ ਸਾਰੇ ਗਹਿਣੇ ਵੇਚ ਕੇ ਤੁਹਾਨੂੰ ਮੁਫ਼ਤ ਵਿਚ ਚੈਨਲ ਚਲਾ ਕੇ ਦੇ ਸਕਦੀ ਹਾਂ ਤੇ ਜੇ ਤੁਸੀਂ ਇਹ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਾਰੇ ਚੈਨਲਾਂ ਜਾਂ ਕੁੱਝ ਤੁਹਾਡੀ ਪਸੰਦ ਦੇ ਚੈਨਲਾਂ ਨੂੰ ਇਹ ਹੱਕ ਦੇ ਦਿਉ, ਤਾਂ ਉਹ ਚੈਨਲ ਤੁਹਾਨੂੰ ਸਾਰਾ ਖ਼ਰਚਾ ਆਪ ਕਰ ਦੇਣਗੇ। ਐਸ.ਜੀ.ਪੀ.ਸੀ. ਨੂੰ ਗ਼ਲਤੀ ਲੱਗੀ ਹੈ ਕਿਉਂਕਿ 200 ਕਰੋੜ ਚੈਨਲ ਚਲਾਉਣ ਦਾ ਖ਼ਰਚਾ ਨਹੀਂ ਹੋ ਸਕਦਾ ਬਲਕਿ ਚੈਨਲ ਤੋਂ ਆਉਣ ਵਾਲੀ ਆਮਦਨ ਜ਼ਰੂਰ ਹੋ ਸਕਦੀ ਹੈ। ਜੇ ਪੈਸੇ ਕਮਾਉਣੇ ਹਨ, ਨਿਜੀ ਤਿਜੋਰੀਆਂ ਭਰਨੀਆਂ ਹਨ, ਏਕਾਧਿਕਾਰ ਬਣਾਈ ਰਖਣਾ ਹੈ, ਫਿਰ ਤਾਂ ਜ਼ਰੂਰ 200 ਕਰੋੜ ਲਗਣਗੇ ਜਾਂ ਇਹ ਕਹਿ ਕੇ ਪੀ.ਟੀ.ਸੀ ਕੋਲ ਹੀ ਪ੍ਰਸਾਰਨ ਦੇ ਹੱਕ ਰਹਿਣ ਦਿਤੇ ਜਾਣਗੇ। ਪਰ ਗਿਆਨੀ ਜੀ ਜੇ ਸਚਮੁਚ ਤੁਹਾਡਾ ਦਿਲ ਕਰਦਾ ਹੈ ਕਿ ਗੁਰਬਾਣੀ ਦੇ ਨਾਮ ’ਤੇ ਕੋਈ ਸੌਦਾ ਨਾ ਹੋਵੇ ਤਾਂ ਜ਼ਰੂਰ ਮੇਰੀ ਗੱਲ ’ਤੇ ਗ਼ੌਰ ਫ਼ਰਮਾਇਆ ਜਾਵੇ।          - 
    ਨਿਮਰਤ ਕੌਰ