Editorial: ਮਣੀਕਰਨ ਦੁਖਾਂਤ ਨਾਲ ਜੁੜੇ ਸਬਕ...
ਤਕਾਂ ਵਿਚ ਮੁਕਾਮੀ ਲੋਕ ਵੀ ਸ਼ਾਮਲ ਹਨ ਅਤੇ ਕਰਨਾਟਕ ਤੇ ਆਸਾਮ ਤੋਂ ਆਏ ਸੈਲਾਨੀ ਵੀ।
Editorial: ਕਾਦਿਰ ਦੀ ਕੁਦਰਤ ਨਾਲ ਲਗਾਤਾਰ ਖਿਲਵਾੜ ਦੇ ਨਤੀਜੇ ਕਿੰਨੇ ਜਾਨਲੇਵਾ ਹੋ ਸਕਦੇ ਹਨ, ਇਸ ਦੀ ਮਿਸਾਲ ਮਣੀਕਰਨ (ਹਿਮਾਚਲ ਪ੍ਰਦੇਸ਼) ਵਿਚ ਐਤਵਾਰ ਨੂੰ ਵਾਪਰਿਆ ਹਾਦਸਾ ਹੈ। ਉਥੋਂ ਦੇ ਗੁਰਦੁਆਰੇ ਤੋਂ ਥੋੜ੍ਹੀ ਜਹੀ ਵਿੱਥ ’ਤੇ ਉਚੇਰੀ ਪਹਾੜੀ ਤੋਂ ਚਟਾਨਾਂ ਰਿਸਣ ਕਾਰਨ ਉਖੜਿਆ ਇਕ ਦਰੱਖ਼ਤ ਹੇਠਾਂ ਸੜਕ ਕੰਢੇ ਖੜ੍ਹੇ ਮੋਟਰ ਵਾਹਨਾਂ ਤੇ ਫੜ੍ਹੀ ਵਾਲਿਆਂ ਉੱਪਰ ਆ ਡਿੱਗਿਆ। ਇਸ ਕਾਰਨ ਛੇ ਬੰਦੇ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਮੁਕਾਮੀ ਲੋਕ ਵੀ ਸ਼ਾਮਲ ਹਨ ਅਤੇ ਕਰਨਾਟਕ ਤੇ ਆਸਾਮ ਤੋਂ ਆਏ ਸੈਲਾਨੀ ਵੀ।
ਇਸ ਦੁਰਘਟਨਾ ਵੇਲੇ ਨਾ ਮੀਂਹ ਪੈ ਰਿਹਾ ਸੀ ਅਤੇ ਨਾ ਹੀ ਝੱਖੜ ਝੁੱਲ ਰਿਹਾ ਸੀ। ਅਜਿਹੇ ਕੁਦਰਤੀ ਕਾਰਨ ਦੀ ਅਣਹੋਂਦ ਦੇ ਬਾਵਜੂਦ ਪਹਾੜ ਦਾ ਟੁੱਟਣਾ ਜਾਂ ਚਟਾਨਾਂ ਦਾ ਰਿਸਣਾ ਦਰਸਾਉਂਦਾ ਹੈ ਕਿ ਉਸ ਇਲਾਕੇ ਦੀ ਵਾਤਾਵਰਣਕ ਬਣਤਰ ਬੇਰੋਕ-ਟੋਕ ਮਨੁੱਖੀ ਦਖ਼ਲ ਝੱਲਣ ਦੀ ਸਥਿਤੀ ਵਿਚ ਨਹੀਂ।
ਅਜਿਹੇ ਸੰਕੇਤ ਕੋਈ ਨਵੇਂ ਨਹੀਂ। ਘੱਟੋਘੱਟ ਤਿੰਨ ਦਹਾਕਿਆਂ ਤੋਂ ਕੁੱਲੂ ਜ਼ਿਲ੍ਹੇ ਦੇ ਇਸ ਹਿੱਸੇ ਵਿਚ ਵਿਕਾਸ ਤੇ ਸੈਰ-ਸਪਾਟੇ ਦੇ ਨਾਂਅ ਉੱਤੇ ਢਾਹੇ ਜਾ ਰਹੇ ਮਨੁੱਖੀ ਕਹਿਰ ਦੇ ਜਵਾਬ ਵਿਚ ਕੁਦਰਤ ਵੀ ਅਪਣਾ ਕਹਿਰੀ ਰੁਖ ਦਿਖਾਉਂਦੀ ਆ ਰਹੀ ਹੈ। ਬੱਦਲ ਫੱਟਣ ਅਤੇ ਪਹਾੜੀਆਂ ਟੁੱਟਣ ਦੀਆਂ ਸੱਭ ਤੋਂ ਵੱਧ ਘਟਨਾਵਾਂ ਇਸੇ ਖੇਤਰ ਵਿਚ ਵਾਪਰਦੀਆਂ ਆ ਰਹੀਆਂ ਹਨ। ਤਿੰਨ ਵਾਰ ਤਾਂ ਪੂਰੇ ਦੇ ਪੂਰੇ ਪਿੰਡ ਮਲੀਆਮੇਟ ਹੋ ਗਏ। ਸਥਿਤੀ ਦੀ ਸਾਰੀ ਤਸਵੀਰ ਸਾਹਮਣੇ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਦੀਆਂ ਹਕੂਮਤਾਂ ਨੇ ਇਸ ਵਲ ਗੌਰ ਕਰਨ ਦੀ ਸੰਜੀਦਗੀ ਅਜੇ ਤਕ ਨਹੀਂ ਵਿਖਾਈ। ਹੁਣ ਵੀ ਉਨ੍ਹਾਂ ਰੁਖ ਮੌਤਾਂ ’ਤੇ ਅਫ਼ਸੋਸ ਪ੍ਰਗਟ ਕਰਨ ਅਤੇ ਥੋੜ੍ਹਾ ਜਿਹਾ ਮੁਆਵਜ਼ਾ ਐਲਾਨਣ ਤੋਂ ਅੱਗੇ ਜਾਣ ਵਾਲਾ ਨਹੀਂ।
1980ਵਿਆਂ ਵਿਚ ਜੰਮੂ-ਕਸ਼ਮੀਰ ’ਚ ਦਹਿਸ਼ਤਗ਼ਰਦੀ ਦਾ ਉਭਾਰ ਹਿਮਾਚਲ ਪ੍ਰਦੇਸ਼ ਲਈ ਆਰਥਿਕ ਨਿਆਮਤ ਸਾਬਤ ਹੋਇਆ। ਸੈਲਾਨੀਆਂ ਦਾ ਰੁਖ਼ ਜੰਮੂ-ਕਸ਼ਮੀਰ ਦੀ ਥਾਂ ਹਿਮਾਚਲ ਪ੍ਰਦੇਸ਼ ਵਲ ਹੋ ਗਿਆ। ਦੇਵ-ਭੂਮੀ ਵਜੋਂ ਪ੍ਰਚਾਰੇ ਜਾਂਦੇ ਇਸ ਸੂਬੇ ਵਿਚ ਵਿਦੇਸ਼ੀ ਤੇ ਉਸ ਤੋਂ ਕਈ ਗੁਣਾਂ ਵੱਧ, ਦੇਸੀ ਸੈਲਾਨੀਆਂ ਦੀ ਆਮਦ ਤੇਜ਼ੀ ਨਾਲ ਵੱਧਦੀ ਗਈ। ਆਰਥਿਕ ਤੌਰ ’ਤੇ ਵਾਰੇ-ਨਿਆਰੇ ਹੋ ਗਏ ਹਿਮਾਚਲੀ ਲੋਕਾਂ ਦੇ। ਉਹ ਰੁਜ਼ਗਾਰ ਹਿੱਤ ਜਾਂ ਤਾਂ ਫ਼ੌਜ ਵਿਚ ਭਰਤੀ ਹੋਣ ਨੂੰ ਤਰਜੀਹ ਦਿੰਦੇ ਸਨ ਅਤੇ ਜਾਂ ਫਿਰ ਹੋਰਨਾਂ ਸੂਬਿਆਂ ਵਿਚ ਨਿੱਕੀਆਂ ਨਿੱਕੀਆਂ ਨੌਕਰੀਆਂ ਲਈ ਭਟਕਦੇ ਰਹਿੰਦੇ ਸਨ। ਸੈਲਾਨੀਆਂ ਦੀਆਂ ਵਹੀਰਾਂ ਨੇ ਟੈਕਸੀਆਂ ਤੇ ਟੈਕਸੀ ਚਾਲਕਾਂ, ਢਾਬਿਆਂ ਤੇ ਸਨੈਕਸ ਸਟਾਲ ਵਾਲਿਆਂ ਅਤੇ ਹੋਟਲਾਂ ਤੇ ਹੋਮ-ਸਟੇਆਂ ਦੀ ਸੰਖਿਆ ਤੇਜ਼ੀ ਨਾਲ ਵੱਧਾਈ।
ਸਬਜ਼ੀਆਂ ਦੀ ਕਾਸ਼ਤ ਕਰਨ ਵਾਲਿਆਂ ਦੀ ਗਿਣਤੀ ਵਿਚ ਵੀ ਭਰਵਾਂ ਵਾਧਾ ਕੀਤਾ। ਲੋਕਾਂ ਖ਼ਾਸ ਕਰ ਕੇ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਹਿੱਤ ਦੂਰ-ਦਰਾਜ਼ ਜਾਣ ਦੀ ਲੋੜ ਹੀ ਨਹੀਂ ਰਹੀ। ਖ਼ੁਸ਼ਹਾਲੀ ਦਾ ਇਹ ਮੰਜ਼ਰ ਹੁਣ ਹਿਮਾਚਲ ਪ੍ਰਦੇਸ਼ ਦੇ ਹਰ ਹਿੱਸੇ ਵਿਚ ਦੇਖਣ ਨੂੰ ਮਿਲਦਾ ਹੈ। ਪਰ ਇਸ ਮੰਜ਼ਰ ਦੀ ਖ਼ਾਤਿਰ ਇਸ ਸੂਬੇ ਨੇ ਅਪਣੇ ਮਾਹੌਲਿਅਤੀ ਨਿਜ਼ਾਮ ਵਿਚ ਜਿੰਨੇ ਵਿਗਾੜ ਪੈਦਾ ਕੀਤੇ ਹਨ, ਉਨ੍ਹਾਂ ਦੀ ਭਰਪਾਈ ਕਰਨੀ ਹੁਣ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ।
ਹਿਮਾਚਲ ਪ੍ਰਦੇਸ਼ ਦੇ ਹਰ ਜ਼ਿਲ੍ਹੇ ਵਿਚ ਕੁਝ ਹਿੱਸੇ ਅਜਿਹੇ ਹਨ ਜਿਹੜੇ ਧੌਲਾਧਾਰ ਜਾਂ ਸ਼ਿਵਾਲਿਕ ਪਰਬਤਮਾਲਾਵਾਂ ਦੀ ਕੱਚੀ ਉਮਰ ਤੇ ਨਾਜ਼ੁਕਤਾ ਦਾ ਪ੍ਰਮਾਣ ਮੰਨੇ ਜਾਂਦੇ ਹਨ। ਹਿਮਾਲੀਆ ਜਾਂ ਇਸ ਦੀਆਂ ਸ਼ਾਖਾਵਾਂ-ਭੁਜਾਵਾਂ ਚਾਹੇ ਤਿੰਨ ਲੱਖ ਸਾਲ ਪੁਰਾਣੀਆਂ ਹਨ, ਪਰ ਇਨ੍ਹਾਂ ਦਾ ਬਣਨਾ-ਉਸਰਨਾ ਅਜੇ ਵੀ ਜਾਰੀ ਹੈ। ਇਹ ਜਿੰਨੀਆਂ ਵੱਧ ਹਰੀਆਂ-ਭਰੀਆਂ ਰਹਿਣਗੀਆਂ, ਮਨੁੱਖੀ ਵਸੋਂ ਲਈ ਓਨੀਆਂ ਹੀ ਬਿਹਤਰ ਸਾਬਤ ਹੋਣਗੀਆਂ।
ਪਰ ਬੇਮੁਹਾਰਾ ਖਣਨ, ਜੰਗਲਾਂ ਦਾ ਘਾਣ, ਸੜਕਾਂ ਤੇ ਡੈਮਾਂ ਦੀ ਉਸਾਰੀ ਅਤੇ ਕੁਦਰਤ ਵਲੋਂ ਮਨੁੱਖੀ ਵਸੋਂ ਤੋਂ ਮਹਿਰੂਮ ਰੱਖੇ ਇਲਾਕਿਆਂ ਵਿਚ ਵੀ ਬਹੁਮੰਜ਼ਿਲਾਂ ਇਮਾਰਤਾਂ ਦੀ ਉਸਾਰੀ ਤੇ ਟਰੱਕਾਂ-ਬਸਾਂ ਦੀ ਲਗਾਤਾਰ ਆਵਾਜਾਈ ਨੇ ਇਨ੍ਹਾਂ ਕੱਚੀਆਂ ਪਹਾੜੀਆਂ ਦੇ ਵਜੂਦ ਲਈ ਖ਼ਤਰੇ ਖੜ੍ਹੇ ਕਰ ਦਿਤੇ ਹਨ। ਵੱਡੇ ਮੋਟਰ ਵਾਹਨਾਂ ਦੀ ਧਮਕ ਨਾਲ ਪੱਥਰਾਂ ਤੇ ਬੋਲਡਰਾਂ ਦਾ ਰਿਸਣਾ-ਤਿਲਕਣਾ ਆਮ ਵਰਤਾਰਾ ਹੈ। ਭੁੰਤਰ ਤੋਂ ਕਸੌਲ ਤੇ ਮਣੀਕਰਨ ਅਤੇ ਉਸ ਤੋਂ ਅਗਲੇਰਾ ਖਿੱਤਾ ਬਹੁਤ ਨਾਜ਼ੁਕ ਖੇਤਰਾਂ ਵਿਚ ਸ਼ੁਮਾਰ ਹਨ। ਇਸ ਖਿੱਤੇ ਵਿਚ ਸੈਰ-ਸਪਾਟਾ ਸਨਅਤ ਨੂੰ ਸਖ਼ਤੀ ਨਾਲ ਨੇਮਬੰਦ ਤੇ ਸੀਮਤ ਬਣਾਇਆ ਜਾਣਾ ਚਾਹੀਦਾ ਹੈ।
ਪਰ ਇਸ ਵਲ ਹਿਮਾਚਲ ਦੀਆਂ ਹਕੂਮਤਾਂ ਨੇ ਕਦੇ ਤਵੱਜੋ ਹੀ ਨਹੀਂ ਦਿਤੀ। ਇਕ ਪਾਸੇ ਇਹ ਖਿੱਤਾ ਹਿੰਦੂ ਤੇ ਸਿੱਖ ਤੀਰਥ ਯਾਤਰੀਆਂ ਵਾਲੇ ਟਰੱਕਾਂ ਦੀਆਂ ਹੇੜਾਂ ਨੂੰ ਝੱਲਦਾ ਹੈ ਅਤੇ ਦੂਜੇ ਪਾਸੇ ਮਨਾਲੀ-ਤੋਹਤਾਂਗ-ਕੁੱਲੂ ਟੂਰਿਜ਼ਮ ਪੈਕੇਜ ਰਾਹੀਂ ਆਉਣ ਵਾਲੇ ਸੈਲਾਨੀਆਂ ਦੀਆਂ ਅਣਗਿਣਤ ਗੱਡੀਆਂ ਨੂੰ। ਇਹੀ ਵਰਤਾਰਾ ਇਸ ਖਿੱਤੇ ਨੂੰ ਮਹਿੰਗਾ ਪੈਣ ਵਾਲਾ ਹੈ। ਭਵਿੱਖ ਨੂੰ ਵਿਸਾਰਨ ਵਾਲਿਆਂ ਉੱਤੇ ਕੁਦਰਤ ਕਿੰਨੀ ਕਹਿਰਵਾਨ ਹੋ ਸਕਦੀ ਹੈ, ਇਹ ਸਬਕ ਸਾਨੂੰ ਤਾਜ਼ਾ ਦੁਖਾਂਤ ਤੋਂ ਸਮਝ ਲੈਣਾ ਚਾਹੀਦਾ ਹੈ।