ਕੈਮਰੇ ਅੱਗੇ ਧਰਮੀ ਹੋਣ ਤੇ ਗ਼ਰੀਬ-ਪ੍ਰਵਾਰ ਹੋਣ ਦਾ ਵਿਖਾਵਾ ਕਰਦੇ ਵੋਟਾਂ ਮੰਗਦੇ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਹਰ ਰੋਜ਼ ਉਮੀਦਵਾਰਾਂ ਦੇ ਦਿਲ ਅੰਦਰ ਝਾਕਣ ਦਾ ਮੌਕਾ ਮਿਲ ਰਿਹਾ ਹੈ। ਮੌਕਾ ਇਸ ਕਰ ਕੇ ਨਹੀਂ ਕਿ ਅਸੀ ਉਨ੍ਹਾਂ ਦੇ ਪਿੱਛੇ ਚਲ ਰਹੇ ਹਾਂ ਸਗੋਂ ਇਸ ਕਰ ਕੇ ਕਿ ਜੇ ਅੱਜ...

Candidates show poor himself at cameras

ਅੱਜ ਹਰ ਰੋਜ਼ ਉਮੀਦਵਾਰਾਂ ਦੇ ਦਿਲ ਅੰਦਰ ਝਾਕਣ ਦਾ ਮੌਕਾ ਮਿਲ ਰਿਹਾ ਹੈ। ਮੌਕਾ ਇਸ ਕਰ ਕੇ ਨਹੀਂ ਕਿ ਅਸੀ ਉਨ੍ਹਾਂ ਦੇ ਪਿੱਛੇ ਚਲ ਰਹੇ ਹਾਂ ਸਗੋਂ ਇਸ ਕਰ ਕੇ ਕਿ ਜੇ ਅੱਜ ਕੋਈ ਉਮੀਦਵਾਰ ਗੁਰੂ ਘਰ ਵੀ ਜਾਂਦਾ ਹੈ ਤਾਂ ਇਕ ਕੈਮਰਾਮੈਨ ਉਸ ਦੇ ਨਾਲ ਨਾਲ ਚਲ ਰਿਹਾ ਹੁੰਦਾ ਹੈ। ਅੱਖਾਂ ਬੰਦ ਕਰ ਕੇ, ਸਿਰ ਤੇ ਚੁੰਨੀ, ਹੱਥ ਜੋੜਦੇ ਹੋਏ ਉਹ ਅਪਣੇ ਹੀ ਕੈਮਰੇ ਰਾਹੀਂ ਵੋਟਰ ਨੂੰ ਅਪਣੇ ਧਾਰਮਕ ਹੋਣ ਦੀ ਝਲਕ ਦੇ ਰਹੇ ਹੁੰਦੇ ਹਨ। ਭਾਸ਼ਣਾਂ ਦੀ ਪ੍ਰਦਰਸ਼ਨੀ ਤਾਂ ਚਲੋ ਚੰਗੀ ਮੰਨੀ ਹੀ ਜਾ ਸਕਦੀ ਹੈ ਪਰ ਜਿਸ ਤਰ੍ਹਾਂ ਅੱਜ ਇਨ੍ਹਾਂ ਉਮੀਦਵਾਰਾਂ ਨੇ ਅਪਣੀ ਜ਼ਿੰਦਗੀ ਦੇ ਕੁੱਝ ਪਲ ਸਾਂਝੇ ਕਰਨੇ ਸ਼ੁਰੂ ਕਰ ਦਿਤੇ ਹਨ, ਇੰਜ ਜਾਪਦਾ ਹੈ ਕਿ ਇਹ ਸਾਰੇ ਬਾਲੀਵੁੱਡ ਦੇ ਕਲਾਕਾਰਾਂ ਨੂੰ ਵੀ ਮਾਤ ਦੇ ਦੇਣਗੇ।

ਹੇਮਾ ਮਾਲਿਨੀ ਕਣਕ ਕੱਟਣ ਦੀ ਵੀਡੀਉ ਪਾਉਂਦੀ ਨਜ਼ਰ ਆਈ, ਭਾਵੇਂ ਉਹ ਕਿਸਾਨਾਂ ਵਾਂਗ ਗਰਮੀ ਦੀ ਮਾਰ ਹੇਠ ਇਕ ਦਿਨ ਵੀ ਕੰਮ ਕਰਨ ਦੀ ਸਮਰੱਥਾ ਨਹੀਂ ਰਖਦੀ ਹੋਵੇਗੀ। ਇਹ ਤਾਂ ਉਨ੍ਹਾਂ 'ਚੋਂ ਐਕਟਰੈਸਾਂ ਹਨ ਜੋ ਧੁੱਪ ਵਿਚ ਛਤਰੀ ਫੜਨ ਵਾਸਤੇ ਵੀ ਇਕ ਸੇਵਾਦਾਰ ਹਰਦਮ ਨਾਲ ਰਖਦੀਆਂ ਹਨ ਹੈ ਪਰ ਕੈਮਰੇ ਵਾਸਤੇ ਨਾਟਕ ਕਰਨਾ ਹੇਮਾ ਵਾਸਤੇ ਔਖਾ ਨਹੀਂ ਹੋਵੇਗਾ। ਇਸੇ ਤਰ੍ਹਾਂ ਸਮ੍ਰਿਤੀ ਇਰਾਨੀ ਵੀ ਕਿਸਾਨ ਦੇ ਖੇਤ ਵਿਚ ਲੱਗੀ ਅੱਗ ਨਾਲ ਜੂਝਣ ਵਾਸਤੇ ਆਪ ਬਾਲਟੀਆਂ ਭਰ ਭਰ ਕੇ ਪਾਉਣ ਲੱਗ ਪਈ। ਪੰਜਾਬ ਵਿਚ ਧਾਰਮਕ ਸ਼ਰਧਾ ਨਾਲ ਨਾਲ ਓਤ ਪ੍ਰੋਤ ਇਨ੍ਹਾਂ ਸਿਆਸਤਦਾਨਾਂ ਬਾਰੇ ਅਸੀ ਆਪ ਵੇਖਿਆ ਹੈ ਕਿ ਇਨ੍ਹਾਂ ਉਮੀਦਵਾਰਾਂ ਵਿਚ ਕੰਮ ਕਰਨ ਦੀ ਸਮਰੱਥਾ ਹੀ ਦੁਗਣੀ ਨਹੀਂ ਬਲਕਿ ਹਜ਼ਾਰਾਂ ਗੁਣਾਂ ਵੱਧ ਗਈ ਹੈ (ਘੱਟੋ ਘੱਟ ਚੋਣਾਂ ਖ਼ਤਮ ਹੋਣ ਤਕ)।

ਸਿਮਰਨਜੀਤ ਸਿੰਘ ਬੈਂਸ, ਪਿਛਲੇ ਕੁੱਝ ਮਹੀਨਿਆਂ ਤੋਂ ਕੈਮਰੇ ਸਮੇਤ ਗਸ਼ਤ ਕਰ ਰਹੇ ਹੁੰਦੇ ਹਨ ਤਾਂ ਜੋ ਮੌਕੇ ਤੇ ਹੀ ਕਿਸੇ ਰਿਸ਼ਵਤਖੋਰ ਜਾਂ ਰੇਤਾ ਬਜਰੀ ਮਾਫ਼ੀਆ ਜਾਂ ਭ੍ਰਿਸ਼ਟ ਸਰਕਾਰੀ ਅਫ਼ਸਰ ਨੂੰ ਆਪ ਰੰਗੇ ਹੱਥੀਂ ਨਾ ਫੜ ਲੈਣ ਸਗੋਂ ਉਨ੍ਹਾਂ ਦਾ ਕੈਮਰਾ ਵੀ ਅਪਣਾ ਦਾਅ ਲਾ ਲਵੇ। ਹਰਸਿਮਰਤ ਕੌਰ ਬਾਦਲ ਹਰ ਮੰਡੀ ਵਿਚ ਕਿਸਾਨ ਦੀ ਦਰਦਨਾਕ ਹਾਲਤ ਵੇਖ ਕੇ ਸਰਕਾਰੀ ਅਫ਼ਸਰਾਂ ਨੂੰ ਲਭਦੇ ਫਿਰਦੇ ਹਨ। ਰਾਜਾ ਵੜਿੰਗ ਗ਼ਰੀਬਾਂ ਦੇ ਘਰ ਕੈਮਰੇ ਨਾਲ ਜਾ ਕੇ ਉਨ੍ਹਾਂ ਦਾ ਦੁੱਖ ਸਾਂਝਾ ਕਰਨ ਹਰ ਰਾਤ ਪੁੱਜ ਜਾਂਦੇ ਹਨ। 

ਕੈਮਰੇ ਨਾਲ ਜੁੜੇ ਇਨ੍ਹਾਂ ਉਮੀਦਵਾਰਾਂ ਤੋਂ ਕੁੱਝ ਸਵਾਲ ਪੁਛਣੇ ਬਣਦੇ ਹਨ:

  1. ਜੇ ਕਿਸਾਨਾਂ ਨੂੰ ਅੱਜ ਕਿਸਾਨੀ ਛੱਡ, ਹੱਥੀਂ ਮਜ਼ਦੂਰੀ ਕਰਨੀ ਪੈ ਰਹੀ ਹੈ ਤਾਂ ਕੀ ਉਹ ਗ਼ਲਤੀ ਤੁਹਾਡੀ ਨਹੀਂ ਕਿ ਤੁਸੀ ਉਸ ਦੀ ਆਮਦਨ ਨਹੀਂ ਵਧਾਈ? 
  2. ਜੇ ਅੱਜ ਪਿੰਡਾਂ ਵਿਚ ਫ਼ਾਇਰ ਬ੍ਰਿਗੇਡ ਨਹੀਂ ਹੈ ਤਾਂ ਬਾਲਟੀਆਂ ਭਰਨ ਵਾਲੇ ਮੰਤਰੀ ਪੰਜ ਸਾਲ ਕੀ ਕਰ ਰਹੇ ਸਨ? 
  3. ਜੇ ਕਿਸਾਨਾਂ ਦੀ ਕਣਕ ਮੰਡੀਆਂ ਵਿਚ ਖ਼ਰਾਬ ਹੋ ਰਹੀ ਹੈ ਤਾਂ ਫ਼ੂਡ ਪ੍ਰੋਸੈਸਿੰਗ ਮੰਤਰੀ ਪਿਛਲੇ ਪੰਜ ਸਾਲਾਂ ਵਿਚ ਗੋਦਾਮ ਨਾ ਬਣਾਉਣ ਕਾਰਨ ਜ਼ਿੰਮੇਵਾਰ ਨਹੀਂ? 
  4. ਇਨ੍ਹਾਂ ਕੋਲ ਮੁੱਦਿਆਂ ਦੀ ਕਮੀ ਹੈ ਕਿ ਇਹ ਲੋਕ ਕਿਸੇ ਹੋਰ ਦੀ ਗ਼ਰੀਬੀ ਦੇ ਸਿਰ ਤੇ ਵੋਟਾਂ ਮੰਗ ਰਹੇ ਹਨ?
  5. ਕੀ ਇਹ ਲਾਚਾਰ ਵੋਟਰ ਇਨ੍ਹਾਂ ਸਾਰਿਆਂ ਕਰ ਕੇ ਗ਼ਰੀਬੀ ਨਹੀਂ ਹੰਢਾ ਰਹੇ?
  6. ਜੇ ਇਨ੍ਹਾਂ ਉਮੀਦਵਾਰਾਂ ਨੂੰ ਪਤਾ ਹੈ ਕਿ ਕਿਹੜੀ ਥਾਂ ਕੰਮ ਨਹੀਂ ਹੁੰਦਾ, ਕੌਣ ਰਿਸ਼ਵਤ ਲੈਂਦਾ ਹੈ, ਕਿੱਥੇ ਤਸਕਰੀ ਹੋ ਰਹੀ ਹੈ ਤਾਂ ਇਹ ਪਹਿਲਾਂ ਕੰਮ ਕਿਉਂ ਨਹੀਂ ਸੀ ਕਰਦੇ? ਅੱਜ ਤਕ ਸਿਸਟਮ ਸਾਫ਼ ਕਿਉਂ ਨਹੀਂ ਹੋਇਆ? 
  7. ਇਹ ਸੱਭ ਗੱਲਾਂ ਸਿਰਫ਼ ਕੈਮਰੇ ਸਾਹਮਣੇ ਚੋਣ ਪ੍ਰਚਾਰ ਦੇ ਸਮੇਂ ਹੀ ਕਿਉਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ? 

ਪੰਜਾਬ ਦੀ ਸੱਭ ਤੋਂ ਗਰਮ ਸੀਟ ਬਠਿੰਡਾ ਵਿਚ ਦੋ ਵੱਡੀਆਂ ਮਹਿਲਾ ਉਮੀਦਵਾਰ ਹਨ, ਹਰਸਿਮਰਤ ਕੌਰ ਬਾਦਲ ਅਤੇ ਬਲਜਿੰਦਰ ਕੌਰ। ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਦੀਆਂ ਪਤਨੀਆਂ ਨਾਲ ਨਾਲ ਮੋਰਚੇ ਸੰਭਾਲ ਰਹੀਆਂ ਹਨ। ਇਸ ਦੇ ਬਾਵਜੂਦ ਦੋ ਕਿਸਾਨਾਂ ਦੀਆਂ ਵਿਧਵਾਵਾਂ ਨੇ ਅਪਣੀ ਹਾਲਤ ਬਿਆਨ ਕਰਨ ਲਈ ਅਤੇ ਸਰਕਾਰ ਦੇ ਸਿਸਟਮ ਉਤੇ ਲੋਕਾਂ ਦੀ ਨਜ਼ਰ ਪਵਾਉਣ ਖ਼ਾਤਰ ਝੋਲੀ ਅੱਡ ਕੇ ਪੈਸੇ ਇਕੱਠੇ ਕੀਤੇ ਤਾਕਿ ਉਹ ਚੋਣ ਪੱਤਰ ਭਰਨ। ਨਾ ਉਹ ਸਿਆਸਤ ਵਿਚ ਆਉਣਾ ਚਾਹੁੰਦੀਆਂ ਹਨ ਅਤੇ ਨਾ ਉਨ੍ਹਾਂ ਕੋਲ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਦੇ ਉਮੀਦਵਾਰਾਂ ਵਿਰੁਧ ਲੜਨ ਜੋਗਾ ਪੈਸਾ ਹੈ।

ਸਿਰਫ਼ ਅਪਣੀ ਹਾਲਤ ਉੱਤੇ ਰੌਸ਼ਨੀ ਪਾਉਣ ਲਈ ਲੜ ਰਹੀਆਂ ਹਨ। ਜੇ ਇਹ ਪਾਰਟੀਆਂ ਦੇ ਉਮੀਦਵਾਰ, ਸਚਮੁਚ ਹੀ ਏਨੇ ਰਹਿਮਦਿਲ, ਗ਼ਰੀਬ-ਪਰਵਾਰ ਤੇ ਧਰਮੀ ਹੁੰਦੇ ਜਾਂ ਏਨੇ ਹਮਦਰਦ, ਏਨੇ ਕ੍ਰਾਂਤੀਕਾਰੀ, ਏਨੇ ਸੱਚੇ, ਏਨੇ ਮਿਹਨਤੀ ਹੁੰਦੇ ਤਾਂ ਹਰ ਚੋਣ ਵਿਚ ਇਨ੍ਹਾਂ ਨੂੰ ਝੂਠੇ ਵਾਅਦੇ ਕਰਨ ਦੀ ਲੋੜ ਨਾ ਪੈਂਦੀ। ਸ਼ਾਇਦ ਭਾਰਤ ਦੇ ਉਮੀਦਵਾਰਾਂ ਨੂੰ ਪੰਜ ਸਾਲ ਚੋਣ ਮੁਹਿੰਮ ਵਿਚ ਜੁਟੇ ਰਹਿਣ ਦੀ ਲੋੜ ਹੈ ਤਾਕਿ ਭਾਰਤ ਵਿਚ ਕੁੱਝ ਬਦਲਾਅ ਆ ਸਕਣ। ਇਨ੍ਹਾਂ ਸਾਰਿਆਂ ਦੇ ਕੁੱਝ ਹਫ਼ਤਿਆਂ ਦੇ ਕੰਮ ਨਾਲ ਸਿਰਫ਼ ਵਿਖਾਵੇ ਦਾ ਮੁਢ ਹੀ ਬੱਝ ਰਿਹਾ ਹੈ ਅਤੇ ਇਸ ਨਾਲ ਕੁੱਝ ਬਦਲਣ ਵਾਲਾ ਨਹੀਂ। ਕੈਮਰੇ ਤੋਂ ਹਟ ਕੇ ਵੀ ਕਦੇ ਕੰਮ ਕੀਤਾ ਹੁੰਦਾ ਤਾਂ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ।  - ਨਿਮਰਤ ਕੌਰ