Editorial: ਕੈਨੇਡਾ ਚੋਣਾਂ ਤੋਂ ਉਪਜੀਆਂ ਨਵੀਆਂ ਉਮੀਦਾਂ...

ਏਜੰਸੀ

ਵਿਚਾਰ, ਸੰਪਾਦਕੀ

ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਲਿਬਰਲ ਪਾਰਟੀ ਅਪਣੀ ਸਰਕਾਰ ਬਣਾਏਗੀ

Editorial

 

Editorial:  ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ਵਿਚ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਜਿੱਤ ਨੂੰ ਭਾਰਤ-ਕੈਨੇਡਾ ਸਬੰਧਾਂ ਲਈ ਚੰਗੀ ਨਿਸ਼ਾਨੀ ਮੰਨਿਆ ਜਾ ਰਿਹਾ ਹੈ। ਲਿਬਰਲ ਪਾਰਟੀ ਭਾਵੇਂ 172 ਸੀਟਾਂ ਦੇ ਬਹੁਮੱਤ ਤੋਂ ਚਾਰ ਸੀਟਾਂ ਨਾਲ ਖੁੰਝ ਗਈ ਹੈ, ਫਿਰ ਵੀ ਇਹ ਸਪਸ਼ਟ ਹੈ ਕਿ ਸਰਕਾਰ ਇਸ ਦੀ ਹੀ ਬਣੇਗੀ। ਅਜਿਹਾ ਕਰਨ ਲਈ ਇਹ ਕਿਸੇ ਹੋਰ ਪਾਰਟੀ, ਖ਼ਾਸ ਕਰ ਬਲਾਕ ਕਿਊਬਕ ਦੀ ਮਦਦ ਲੈ ਸਕਦੀ ਹੈ ਜਿਸ ਦੀਆਂ 23 ਸੀਟਾਂ ਹਨ।

ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਲਿਬਰਲ ਪਾਰਟੀ ਅਪਣੀ ਸਰਕਾਰ ਬਣਾਏਗੀ। ਇਸ ਦੀ ਇਹ ਪ੍ਰਾਪਤੀ ਚਮਤਕਾਰ ਹੀ ਜਾਪਦੀ ਹੈ, ਖ਼ਾਸ ਤੌਰ ’ਤੇ ਇਹ ਦੇਖਦਿਆਂ ਕਿ ਚੋਣ ਸਰਵੇਖਣਾਂ ਮੁਤਾਬਿਕ ਦੋ ਮਹੀਨੇ ਪਹਿਲਾਂ ਤਕ ਲਿਬਰਲ ਪਾਰਟੀ ਅਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ ਚੋਖੀ ਪਛੜੀ ਹੋਈ ਸੀ।

ਜ਼ਾਹਿਰ ਹੈ ਕਿ ਜਸਟਿਨ ਟਰੂਡੋ ਨੂੰ ਪਾਰਟੀ ਪ੍ਰਧਾਨ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਮਾਰਕ ਕਾਰਨੀ ਨੂੰ ਇਨ੍ਹਾਂ ਦੋਵਾਂ ਅਹੁਦਿਆਂ ’ਤੇ ਤਾਇਨਾਤ ਕਰਨਾ ਲਿਬਰਲਜ਼ ਦੀ ਤਕਦੀਰ ਬਦਲਣ ਵਾਲਾ ਫ਼ੈਸਲਾ ਸਾਬਤ ਹੋਇਆ। ਕਾਰਨੀ ਰਵਾਇਤੀ ਸਿਆਸਦਾਨ ਨਹੀਂ। ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਹੈ। ਉਹ ਬੁਨਿਆਦੀ ਤੌਰ ’ਤੇ ਅਰਥ ਸ਼ਾਸਤਰੀ ਹਨ। ਉਨ੍ਹਾਂ ਵਲੋਂ ਰਵਾਇਤੀ ਸਿਆਸਤਦਾਨਾਂ ਵਾਂਗ ਪੇਸ਼ ਨਾ ਆਉਣਾ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਗਿੱਦੜ-ਭਬਕੀਆਂ ਦਾ ਸੁਹਜਮਈ ਢੰਗ ਨਾਲ ਜਵਾਬ ਦੇਣਾ ਵੋਟਰਾ ਦਾ ਵਿਸ਼ਵਾਸ ਲਿਬਰਲ ਪਾਰਟੀ ਵਲ ਪਰਤਾਉਣ ਵਿਚ ਸਹਾਈ ਸਾਬਤ ਹੋਇਆ।

ਪਹਿਲਾਂ ਬੈਂਕ ਆਫ਼ ਇੰਗਲੈਂਡ ਅਤੇ ਫਿਰ ਬੈਂਕ ਆਫ਼ ਕੈਨੇਡਾ ਦੇ ਮੁਖੀ ਵਜੋਂ ਕਾਰਨੀ ਦੇ ਨਿੱਗਰ ਆਰਥਿਕ ਫ਼ੈਸਲੇ ਵੀ ਉਨ੍ਹਾਂ ਦੀ ਸਿਆਸੀ ਆਭਾ ਵਧਾਉਣ ਵਿਚ ਮਦਦਗਾਰ ਰਹੇ। ਇਨ੍ਹਾਂ ਤੱਤਾਂ-ਤੱਥਾਂ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਪੀਅਰੀ ਪੌਇਲੀਵਰ ਦੀ ਟਰੰਪਨੁਮਾ ਪ੍ਰਚਾਰ ਸ਼ੈਲੀ ਤੋਂ ਉਪਜੀ ਹਿਕਾਰਤ ਨੇ ਲਿਬਰਲਜ਼ ਦੀਆਂ ਸਫ਼ਾਂ ਨੂੰ ਅਚਨਚੇਤੀ ਮਜ਼ਬੂਤੀ ਬਖ਼ਸ਼ੀ। ਪੌਇਲੀਵਰ ਦਾ ਅਪਣੀ ਸੀਟ ’ਤੇ ਚੋਣ ਹਾਰ ਜਾਣਾ ਇਸ ਹਕੀਕਤ ਦਾ ਪ੍ਰਗਟਾਵਾ ਹੈ ਕਿ ਕੈਨੇਡੀਅਨ ਵੋਟਰ ਅਸਭਿਆ ਤੇ ਅਸ਼ਿਸ਼ਟ ਭਾਸ਼ਾ ਪਸੰਦ ਨਹੀਂ ਕਰਦੇ। ਉਹ ਕੰਮ ਦੇਖਦੇ ਹਨ, ਲੱਛੇਦਾਰ ਲੱਫ਼ਾਜ਼ੀ ਨਹੀਂ।

ਪੰਜਾਬੀ ਮੂਲ ਦੇ 24 ਉਮੀਦਵਾਰਾਂ ਦਾ ਸੰਸਦ ਮੈਂਬਰ ਬਣਨਾ ਪੰਜਾਬੀਆਂ ਲਈ ਉਚੇਚੀ ਖ਼ੁਸ਼ੀ ਦੀ ਵਜ੍ਹਾ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇੰਨੇ ਪੰਜਾਬੀ ਚੋਣ ਜਿੱਤੇ। ਪਿਛਲੀਆਂ ਕੌਮੀ ਚੋਣਾਂ (2021) ਵਿਚ ਇਹ ਤਾਦਾਦ 21 ਸੀ। ਇਸ ਵਾਰ ਪੰਜਾਬੀ ਮੂਲ ਦੇ 65 ਉਮੀਦਵਾਰਾਂ ਨੇ ਵੱਖ ਵੱਖ ਪਾਰਟੀਆਂ ਵਲੋਂ ਚੋਣ ਲੜੀ, 24 ਜੇਤੂ ਰਹੇ, ਪਰ ਬਹੁਤਾ ਹੁੰਗਾਰਾ ਲਿਬਰਲ ਉਮੀਦਵਾਰਾਂ ਨੂੰ ਮਿਲਿਆ। 65 ਵਰਿ੍ਹਆਂ ਦੇ ਸੁਖ ਧਾਲੀਵਾਲ ਦੀ ਲਗਾਤਾਰ ਛੇਵੀ ਵਾਰ ਸਰੀ-ਨਿਊਟਨ ਸੀਟ ਤੋਂ ਜਿੱਤ ਨੇ ਨਵਾਂ ਸੰਸਦੀ ਰਿਕਾਰਡ ਬਣਾਇਆ।

ਮਹਿਲਾ ਜੇਤੂਆਂ ਵਿਚੋਂ ਅਨੀਤਾ ਆਨੰਦ ਤੇ ਬਰਦੀਸ਼ ਚੱਗੜ ਦੀਆਂ ਜਿੱਤਾਂ ਵੀ ਜ਼ਿਕਰਯੋਗ ਰਹੀਆਂ। ਅਨੀਤਾ ਆਨੰਦ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ ਅਤੇ ਮਾਰਕ ਕਾਰਨੀ ਸਰਕਾਰ ਵਿਚ ਵਿਗਿਆਨ ਤੇ ਉਦਯੋਗ ਮੰਤਰੀ ਦੇ ਅਹੁੱਦੇ ’ਤੇ ਰਹੀ ਹੈ। ਉਸ ਨੂੰ ਵੱਧ ਅਹਿਮ ਜ਼ਿੰਮੇਵਾਰੀਆਂ ਮਿਲਣ ਦੀਆਂ ਕਿਆਸਰਾਈਆਂ ਉਸ ਦੀ ਜਿੱਤ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ। ਉਸ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਦਾ ਕੰਮ ਬੋਲਦਾ ਹੈ, ਇਸੇ ਲਈ ਉਸ ਨੂੰ ਭਾਸ਼ਣਬਾਜ਼ੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ।

ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਪ੍ਰਧਾਨ ਜਗਮੀਤ ਸਿੰਘ ਦਾ ਹਾਰ ਜਾਣਾ ਤੇ ਬਰਨਬੀ ਸੈਂਟਰਲ ਹਲਕੇ ਤੋਂ ਤੀਜੇ ਨੰਬਰ ’ਤੇ ਰਹਿਣਾ ਵੋਟਰਾਂ ਵਲੋਂ ਦਿਤਾ ਗਿਆ ਇਹ ਫ਼ਤਵਾ ਹੈ ਕਿ ਫੁੱਟ-ਪਾਊ ਤੇ ਵਿਘਟਨਕਾਰੀ ਸਿਆਸਤ ਨੂੰ ਉਹ ਮੂੰਹ ਲਾਉਣ ਦੇ ਰੌਂਅ ਵਿਚ ਨਹੀਂ।

ਐਨ.ਡੀ.ਪੀ. ਦਾ ਹਸ਼ਰ ਇਨ੍ਹਾਂ ਚੋਣਾਂ ਵਿਚ ਅਨੁਮਾਨਾਂ ਤੇ ਕਿਆਸਰਾਈਆਂ ਤੋਂ ਵੀ ਮਾੜਾ ਰਿਹਾ। 2021 ਵਿਚ 25 ਸੀਟਾਂ ਜਿੱਤਣ ਵਾਲੀ ਇਹ ਪਾਰਟੀ ਸਿਰਫ਼ ਸੱਤ ਸੀਟਾਂ ਜਿੱਤ ਸਕੀ ਅਤੇ ਕੌਮੀ ਪਾਰਟੀ ਦਾ ਦਰਜਾ ਵੀ ਗੁਆ ਬੈਠੀ। 2021 ਵਾਲੇ 17.8 ਫ਼ੀ ਸਦੀ ਦੇ ਵੋਟ ਸ਼ੇਅਰ ਦੇ ਮੁਕਾਬਲੇ ਇਸ ਵਾਰ ਇਸ ਨੂੰ ਮਹਿਜ਼ 5 ਫ਼ੀ ਸਦੀ ਵੋਟਾਂ ਮਿਲਣੀਆਂ ਇਸ ਹਕੀਕਤ ਦੀ ਤਸਵੀਰ ਹਨ ਕਿ ਵੋਟਰਾਂ ਦਾ ਮਨ ਇਸ ਪਾਰਟੀ ਤੋਂ ਉਚਾਟ ਹੋ ਚੁੱਕਾ ਹੈ। ਜਗਮੀਤ ਸਿੰਘ ਨੂੰ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਭਾਰਤ-ਕੈਨੇਡਾ ਸਬੰਧਾਂ ਵਿਚ ਆਏ ਨਿਰੰਤਰ ਨਿਘਾਰ ਵਾਸਤੇ ਕਸੂਰਵਾਰ ਮੰਨਿਆ ਜਾਂਦਾ ਹੈ।

ਖ਼ਾਲਿਸਤਾਨੀ ਅਨਸਰਾਂ ਨੂੰ ਜਿੰਨੀ ਸ਼ਹਿ ਉਸ ਪਾਸੋਂ ਮਿਲਦੀ ਰਹੀ, ਓਨੀ ਕਿਸੇ ਹੋਰ ਕੈਨੇਡੀਅਨ ਸਿਆਸਤਦਾਨ ਨੇ ਪਹਿਲਾਂ ਕਦੇ ਅਜਿਹੇ ਅਨਸਰਾਂ ਨੂੰ ਨਹੀਂ ਸੀ ਦਿਤੀ। ਇਹ ਵੀ ਰਾਹਤ ਵਾਲੀ ਗੱਲ ਹੈ ਕਿ ਲਿਬਰਲ ਪਾਰਟੀ ਦੇ ਜਿਹੜੇ ਪੰਜਾਬੀ ਉਮੀਦਵਾਰ ਜਿੱਤੇ ਹਨ, ਉਨ੍ਹਾਂ ਵਿਚੋਂ ਕੋਈ ਵੀ ਖ਼ਾਲਿਸਤਾਨੀ ਅਨਸਰਾਂ ਦੀ ਪੁਸ਼ਤਪਨਾਹੀ ਲਈ ਨਹੀਂ ਜਾਣਿਆ ਜਾਂਦਾ। ਇਸ ਤੋਂ ਭਾਰਤ-ਕੈਨੇਡਾ ਸਬੰਧਾਂ ਦੇ ਸੁਖਾਵੀਂ ਲੀਹ ਉੱਤੇ ਪਰਤਣ ਦੀ ਆਸ ਪਕੇਰੀ ਹੋਈ ਹੈ।

ਉਂਜ ਵੀ, ਮਾਰਕ ਕਾਰਨੀ ਪਿਛਲੇ ਡੇਢ ਮਹੀਨੇ ਦੌਰਾਨ ਤਿੰਨ ਵਾਰ ਸੰਕੇਤ ਦੇ ਚੁੱਕੇ ਹਨ ਕਿ ਉਹ ਭਾਰਤ ਨਾਲ ਸਿਆਸੀ, ਆਰਥਿਕ ਤੇ ਸਭਿਆਚਾਰਕ ਭਾਈਵਾਲੀ ਨੂੰ ਨਵੀਆਂ ਲੀਹਾਂ ’ਤੇ ਲਿਆਉਣ ਦੇ ਚਾਹਵਾਨ ਹਨ ਅਤੇ ਡੋਨਲਡ ਟਰੰਪ ਦੀਆਂ ਕੈਨੇਡਾ-ਮਾਰੂ ਆਰਥਿਕ ਨੀਤੀਆਂ ਦੇ ਟਾਕਰੇ ਦੇ ਅਮਲ ਵਿਚ ਭਾਰਤ ਨੂੰ ਅਹਿਮ ਵਪਾਰਕ ਭਾਈਵਾਲ ਵਜੋਂ ਦੇਖਦੇ ਹਨ। ਇਸੇ ਲਈ ਉਨ੍ਹਾਂ ਦੀ ਜਿੱਤ ਨੂੰ ਭਾਰਤੀ ਸਫ਼ਾਰਤੀ ਨਿਜ਼ਾਮ ਵੀ ਸੁਖਾਵੀਂ ਪ੍ਰਗਤੀ ਮੰਨ ਰਿਹਾ ਹੈ। ਇਸੇ ਪ੍ਰਗਤੀ ਦੀ ਮਜ਼ਬੂਤੀ ਵਿਚ ਹੀ ਦੋਵਾਂ ਮੁਲਕਾਂ ਦਾ ਸਿੱਧਾ ਭਲਾ ਹੈ।